ਬਠਿੰਡਾ (ਮਨਜੀਤ) : ਬਠਿੰਡਾ ਜ਼ਿਲ੍ਹੇ ’ਚ ਧਰਤੀ ਹੇਠਲੇ ਪਾਣੀ ਦੀ ਗੁਣਵੱਤਾ ਅਤੇ ਇਸ ’ਚ ਯੂਰੇਨੀਅਮ ਸਮੇਤ ਹੋਰ ਹਾਨੀਕਾਰਕ ਤੱਤਾਂ ਦੀ ਮੌਜੂਦਗੀ ਦਾ ਪਤਾ ਲਗਾਉਣ ਲਈ ਪੰਜਾਬ ਕੇਂਦਰੀ ਯੂਨੀਵਰਸਿਟੀ, ਬਠਿੰਡਾ ਅਤੇ ਕੇਂਦਰੀ ਭੂਜਲ ਬੋਰਡ, ਉੱਤਰ-ਪੱਛਮੀ ਖੇਤਰ, ਚੰਡੀਗੜ੍ਹ ਵੱਲੋਂ ਸਾਂਝਾ ਉਪਰਾਲਾ ਕੀਤਾ ਜਾਵੇਗਾ। ਇਸ ਸਬੰਧੀ ਦੋਵਾਂ ਸੰਸਥਾਵਾਂ ਵਿਚਕਾਰ ਸਮਝੌਤਾ ਪੱਤਰ ’ਤੇ ਦਸਤਖ਼ਤ ਕੀਤੇ ਗਏ ਹਨ। ਇਸ ਸਮਝੌਤੇ ਤਹਿਤ ਬਠਿੰਡਾ ਅਤੇ ਗੋਨਿਆਣਾ ਮੰਡੀ ਬਲਾਕਾਂ ਦੇ ਧਰਤੀ ਹੇਠਲੇ ਪਾਣੀ ਦੀ ਵਿਗਿਆਨਕ ਜਾਂਚ ਕਰ ਕੇ ਯੂਰੇਨੀਅਮ ਪ੍ਰਦੂਸ਼ਣ ਦੀ ਸਥਿਤੀ ਦਾ ਅਧਿਐਨ ਕੀਤਾ ਜਾਵੇਗਾ। ਇਸ ਉਪਰਾਲੇ ਦਾ ਮੁੱਖ ਮਕਸਦ ਪਾਣੀ ਦੀ ਗੁਣਵੱਤਾ ਬਾਰੇ ਵਿਗਿਆਨਕ ਜਾਣਕਾਰੀ ਇਕੱਠੀ ਕਰਨਾ, ਪ੍ਰਦੂਸ਼ਣ ਦੇ ਸੰਭਾਵੀ ਕਾਰਨਾਂ ਦੀ ਪਛਾਣ ਕਰਨਾ ਅਤੇ ਸੁਰੱਖਿਅਤ ਪੀਣ ਵਾਲੇ ਪਾਣੀ ਦੀ ਯੋਜਨਾਬੰਦੀ ’ਚ ਮਦਦ ਕਰਨਾ ਹੈ। ਇਹ ਅਧਿਐਨ ਨੈਸ਼ਨਲ ਐਕੁਇਫਰ ਮੈਪਿੰਗ ਐਂਡ ਮੈਨੇਜਮੈਂਟ (ਨੈਕਵਿਮ) ਪ੍ਰੋਗਰਾਮ ਤਹਿਤ ਕੀਤਾ ਜਾਵੇਗਾ।
ਸਮਝੌਤੇ ’ਤੇ ਦਸਤਖ਼ਤ ਕਰਨ ਸਮੇਂ ਪੰਜਾਬ ਕੇਂਦਰੀ ਯੂਨੀਵਰਸਿਟੀ ਦੇ ਕਾਰਜਕਾਰੀ ਵਾਈਸ ਚਾਂਸਲਰ ਪ੍ਰੋ. ਰਾਮਕ੍ਰਿਸ਼ਨ ਵੁਸਿਰਿਕਾ ਅਤੇ ਕੇਂਦਰੀ ਭੂਜਲ ਬੋਰਡ, ਚੰਡੀਗੜ੍ਹ ਦੇ ਖੇਤਰੀ ਨਿਰਦੇਸ਼ਕ ਨਿਧੀਸ਼ ਵਰਮਾ ਮੌਜੂਦ ਸਨ। ਯੂਨੀਵਰਸਿਟੀ ਵੱਲੋਂ ਰਜਿਸਟਰਾਰ ਡਾ. ਵਿਜੇ ਸ਼ਰਮਾ ਅਤੇ ਨੋਡਲ ਅਧਿਕਾਰੀ ਪ੍ਰੋ. ਜੇ. ਕੇ. ਪਟਨਾਇਕ ਨੇ ਸਮਝੌਤੇ ’ਤੇ ਦਸਤਖ਼ਤ ਕੀਤੇ, ਜਦਕਿ ਕੇਂਦਰੀ ਭੂਜਲ ਬੋਰਡ ਵੱਲੋਂ ਵਿਗਿਆਨੀ-ਸੀ ਕੁਲਦੀਪ ਗੋਪਾਲ ਭਾਰਤਰੀਆ ਨੇ ਦਸਤਖ਼ਤ ਕੀਤੇ। ਸਮਝੌਤੇ ਤਹਿਤ ਕੇਂਦਰੀ ਭੂਜਲ ਬੋਰਡ ਵੱਲੋਂ ਮਾਨਸੂਨ ਤੋਂ ਪਹਿਲਾਂ ਅਤੇ ਮਾਨਸੂਨ ਤੋਂ ਬਾਅਦ ਧਰਤੀ ਹੇਠਲੇ ਪਾਣੀ ਦੇ ਨਮੂਨੇ ਇਕੱਠੇ ਕੀਤੇ ਜਾਣਗੇ। ਇਨ੍ਹਾਂ ਨਮੂਨਿਆਂ ਦੀ ਵਿਗਿਆਨਕ ਜਾਂਚ ਰਾਹੀਂ ਪਾਣੀ ’ਚ ਯੂਰੇਨੀਅਮ, ਹੋਰ ਭਾਰੀ ਧਾਤਾਂ ਅਤੇ ਵੱਖ-ਵੱਖ ਰਸਾਇਣਿਕ ਤੱਤਾਂ ਦੀ ਮਾਤਰਾ ਦਾ ਪਤਾ ਲਗਾਇਆ ਜਾਵੇਗਾ। ਇਸ ਦੇ ਨਾਲ ਹੀ ਪਾਣੀ ਦੀ ਗੁਣਵੱਤਾ ਨਾਲ ਸਬੰਧਤ ਅੰਕੜਿਆਂ ਦਾ ਵਿਸ਼ਲੇਸ਼ਣ ਕਰਕੇ ਪ੍ਰਦੂਸ਼ਣ ਪ੍ਰਭਾਵਿਤ ਖੇਤਰਾਂ ਦੇ ਨਕਸ਼ੇ ਤਿਆਰ ਕੀਤੇ ਜਾਣਗੇ ਅਤੇ ਧਰਤੀ ਹੇਠਲੇ ਪਾਣੀ ਦੇ ਪੱਧਰ ਦੀ ਨਿਗਰਾਨੀ ਕੀਤੀ ਜਾਵੇਗੀ। ਇਸ ਅਧਿਐਨ ਦੌਰਾਨ ਵੱਖ-ਵੱਖ ਮੌਸਮਾਂ ’ਚ ਪਾਣੀ ਦੀ ਗੁਣਵੱਤਾ ’ਚ ਹੋਣ ਵਾਲੀਆਂ ਤਬਦੀਲੀਆਂ ਦਾ ਵੀ ਮੁੱਲਾਂਕਣ ਕੀਤਾ ਜਾਵੇਗਾ। ਪੰਜਾਬ ਕੇਂਦਰੀ ਯੂਨੀਵਰਸਿਟੀ ਦੇ ਮਾਹਿਰ ਧਰਤੀ ਹੇਠਲੇ ਪਾਣੀ ’ਚ ਮੌਜੂਦ ਖਣਿਜਾਂ ਅਤੇ ਰਸਾਇਣਕ ਤੱਤਾਂ ਦਾ ਅਧਿਐਨ ਕਰਨਗੇ।
ਇਸ ਦੌਰਾਨ ਯੂਰੇਨੀਅਮ ਦੀ ਮੌਜੂਦਗੀ ਦੇ ਸੰਭਾਵੀ ਸਰੋਤਾਂ ਅਤੇ ਇਸ ਦੀ ਮਾਤਰਾ ਵੱਧਣ ਦੇ ਕਾਰਨਾਂ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਯੂਨੀਵਰਸਿਟੀ ਵੱਲੋਂ ਯੂਰੇਨੀਅਮ ਪ੍ਰਦੂਸ਼ਣ ਨਾਲ ਜੁੜੇ ਸੰਭਾਵੀ ਸਿਹਤ ਖ਼ਤਰਿਆਂ ਦਾ ਮੁਲਾਂਕਣ ਕਰਨ ਅਤੇ ਇਨ੍ਹਾਂ ਖ਼ਤਰਿਆਂ ਨੂੰ ਘਟਾਉਣ ਦੇ ਸੰਭਾਵੀ ਤਰੀਕਿਆਂ ਬਾਰੇ ਵੀ ਅਧਿਐਨ ਕੀਤਾ ਜਾਵੇਗਾ। ਅਧਿਐਨ ਦੇ ਨਤੀਜਿਆਂ ਨਾਲ ਉਨ੍ਹਾਂ ਖੇਤਰਾਂ ਦੀ ਪਛਾਣ ਕਰਨ ’ਚ ਮਦਦ ਮਿਲੇਗੀ, ਜਿੱਥੇ ਧਰਤੀ ਹੇਠਲੇ ਪਾਣੀ ਦੀ ਗੁਣਵੱਤਾ ਦੀ ਨਿਗਰਾਨੀ ਅਤੇ ਸੁਧਾਰ ਲਈ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ। ਇਸ ਮੌਕੇ ਯੂਨੀਵਰਸਿਟੀ ਦੇ ਆਈ. ਕਿਊ. ਏ. ਸੀ. ਦੀ ਨਿਰਦੇਸ਼ਕ ਪ੍ਰੋ. ਮੋਨਿਸ਼ਾ ਧੀਮਾਨ, ਖੋਜ ਅਤੇ ਵਿਕਾਸ ਦੀ ਨਿਰਦੇਸ਼ਕ ਪ੍ਰੋ. ਅੰਜਨਾ ਮੁੰਸ਼ੀ, ਵਾਤਾਵਰਣ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਦੇ ਮੁਖੀ ਪ੍ਰੋ. ਵੀ. ਕੇ. ਗਰਗ, ਭੂ-ਵਿਗਿਆਨ ਵਿਭਾਗ ਦੀ ਮੁਖੀ ਪ੍ਰੋ. ਬੰਦਨਾ ਸਾਮੰਤ, ਭੂਗੋਲ ਵਿਭਾਗ ਦੇ ਮੁਖੀ ਡਾ. ਐੱਲ. ਟੀ. ਸਸਾਂਗ ਗੁਈਤੇ, ਪ੍ਰੋ. ਸੁਨੀਲ ਮਿੱਤਲ, ਪ੍ਰੋ. ਯੋਗਲਕਸ਼ਮੀ ਕੇ. ਐੱਨ., ਪ੍ਰੋ. ਸਮੀਰ ਦੁਰਾਨੀ ਅਤੇ ਹੋਰ ਅਧਿਆਪਕ ਮੌਜੂਦ ਸਨ।
ਪੰਜਾਬ ਦੇ ਪੈਨਸ਼ਨਰਾਂ ਲਈ ਰਾਹਤ ਭਰੀ ਖ਼ਬਰ! ਹੋ ਗਿਆ ਵੱਡਾ ਐਲਾਨ, ਜਲਦ ਕਰ ਲੈਣ ਆਹ ਕੰਮ
NEXT STORY