ਜਲੰਧਰ (ਬਿਊਰੋ)– ਕਿਸਾਨ ਅੰਦੋਲਨ ’ਚ ਜੇਕਰ ਉਨ੍ਹਾਂ ਗਾਇਕਾਵਾਂ ਦੀ ਗੱਲ ਕੀਤੀ ਜਾਵੇ ਜੋ ਪਹਿਲੇ ਦਿਨ ਤੋਂ ਕਿਸਾਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹਨ ਤਾਂ ਇਸ ਲਿਸਟ ’ਚ ਕਨਵਰ ਗਰੇਵਾਲ ਦਾ ਨਾਂ ਸਭ ਤੋਂ ਮੂਹਰੇ ਹੈ। ਕਿਸਾਨ ਅੰਦੋਲਨ ਨੂੰ ਜਿਸ ਤਰ੍ਹਾਂ ਪੰਜਾਬੀ ਕਲਾਕਾਰਾਂ ਵਲੋਂ ਹੁੰਗਾਰਾ ਮਿਲਿਆ ਹੈ, ਉਹ ਕਿਸਾਨਾਂ ਦੇ ਨਾਲ ਇਨ੍ਹਾਂ ਗਾਇਕਾਂ ਦੇ ਜਜ਼ਬੇ ਨੂੰ ਦੇਖ ਕੇ ਹੀ ਮਿਲਿਆ ਹੈ। ਆਪਣੇ ਗੀਤਾਂ ਰਾਹੀਂ ਕਿਸਾਨਾਂ ਦੇ ਹੱਕਾਂ ਦੀ ਗੱਲ ਕਰਨ ਵਾਲੇ ਗਾਇਕ ਕਨਵਰ ਗਰੇਵਾਲ ਨੇ ਕਿਸਾਨ ਧਰਨਿਆਂ ਤੋਂ ਇਕ ਖੂਬਸੂਰਤ ਕਿੱਸਾ ਆਪਣੇ ਪ੍ਰਸ਼ੰਸਕਾਂ ਨਾਲ ਸਾਂਝਾ ਕੀਤਾ ਹੈ।
ਕਨਵਰ ਗਰੇਵਾਲ ਨੇ ਕੁਝ ਘੰਟੇ ਪਹਿਲਾਂ ਹੀ ਇਕ ਪੋਸਟ ਇੰਸਟਾਗ੍ਰਾਮ ’ਤੇ ਸਾਂਝੀ ਕੀਤੀ ਹੈ, ਜਿਸ ’ਚ ਉਹ ਦੱਸਦੇ ਹਨ ਕਿ ਕਿਵੇਂ ਇਕ ਮਕੈਨਿਕ ਨੇ ਉਨ੍ਹਾਂ ਦੀ ਗੱਡੀ ’ਤੇ ਕਿਸਾਨ ਅੰਦੋਲਨ ਦਾ ਝੰਡਾ ਵੇਖ ਕੇ ਆਪਣੀ ਮਜ਼ਦੂਰੀ ਦੇ ਪੈਸੇ ਲੈਣ ਤੋਂ ਮਨ੍ਹਾ ਕਰ ਦਿੱਤਾ।
ਕਨਵਰ ਨੇ ਲਿਖਿਆ, ‘ਕਿਸਾਨੀ ਸੰਘਰਸ਼ ’ਚ ਸਿਰਫ ਕਿਸਾਨ ਹੀ ਨਹੀਂ, ਸਗੋਂ ਹਰ ਵਰਗ ਆਪਣਾ ਯੋਗਦਾਨ ਪਾ ਰਿਹਾ ਹੈ। ਕੱਲ ਸਾਡੀ ਕਾਰ ਦੀ ਸਰਵਿਸ ਕਰਵਾਉਣ ਗਏ ਤਾਂ ਜਿਹੜੇ ਮਕੈਨਿਕ ਵੀਰ ਨੇ ਸਰਵਿਸ ਕੀਤੀ, ਉਸ ਨੇ ਆਪਣੀ ਮਜ਼ਦੂਰੀ ਲੈਣ ਤੋਂ ਨਾਂਹ ਕਰ ਦਿੱਤੀ। ਬਹੁਤ ਜ਼ੋਰ ਦੇਣ ’ਤੇ ਵੀ ਉਹ ਨਹੀਂ ਮੰਨਿਆ। ਪੁੱਛਣ ’ਤੇ ਪਤਾ ਲੱਗਾ ਕਿ ਜਿਹੜੀਆਂ ਵੀ ਗੱਡੀਆਂ ਕਿਸਾਨ ਅੰਦੋਲਨ ’ਚ ਚੱਲ ਰਹੀਆਂ ਹਨ, ਉਨ੍ਹਾਂ ਦੀ ਸਰਵਿਸ ਦਾ ਕੋਈ ਪੈਸਾ ਨਹੀਂ ਲੈ ਰਹੇ ਉਹ ਵੀਰ। ਸਾਡੀ ਗੱਡੀ ’ਤੇ ਲੱਗਾ ਝੰਡਾ ਦੇਖ ਕੇ ਉਸ ਨੇ ਸਾਡੇ ਕੋਲੋਂ ਪੈਸੇ ਨਹੀਂ ਲਏ।’
ਕਨਵਰ ਗਰੇਵਾਲ ਅੱਗੇ ਲਿਖਦੇ ਹਨ, ‘ਹਾਲਾਂਕਿ ਉਸ ਵੀਰ ਦੀ ਕੋਈ ਮਜਬੂਰੀ ਨਹੀਂ ਸੀ ਕਿਉਂਕਿ ਉਸ ਦੀ ਕਿਰਤ ਸਿੱਧੇ ਤੌਰ ’ਤੇ ਖੇਤੀ ਨਾਲ ਸਬੰਧਤ ਨਹੀਂ ਪਰ ਉਸ ਨੂੰ ਇਸ ਗੱਲ ਦਾ ਅਹਿਸਾਸ ਹੈ ਕਿ ਜੇਕਰ ਪੰਜਾਬ ’ਚ ਖੇਤੀ ਨਾ ਰਹੀ ਤਾਂ ਕੋਈ ਵੀ ਕਿਰਤ ਨਹੀਂ ਬਚੇਗੀ। ਅਜਿਹੇ ਯੌਧਿਆਂ ਨੂੰ ਲੱਖ ਵਾਰ ਸਲਾਮ, ਜਿਹੜੇ ਆਪਣੀ ਕਿਰਤ ਰਾਹੀਂ ਘਰ ਬੈਠੇ ਹੀ ਇਸ ਸੰਘਰਸ਼ ’ਚ ਵਡਮੁੱਲਾ ਯੋਗਦਾਨ ਪਾ ਰਹੇ ਹਨ। ਆਓ ਸਾਰੇ ਰਲ ਕੇ ਆਪਣੀਆਂ ਜ਼ਿੰਮੇਵਾਰੀਆਂ ਨਿਭਾਈਏ ਤੇ ਸੰਘਰਸ਼ ਦੀ ਜਿੱਤ ਯਕੀਨੀ ਬਣਾਈਏ। ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ।’
ਨੋਟ– ਕਨਵਰ ਗਰੇਵਾਲ ਦੀ ਇਸ ਪੋਸਟ ’ਤੇ ਆਪਣੀ ਰਾਏ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।
ਸਰਕਾਰ ਨੂੰ ਕਿਸਾਨਾਂ ਅੱਗੇ ਝੁਕਦਿਆਂ ਕਾਲੇ ਕਾਨੂੰਨ ਵਾਪਸ ਲੈਣੇ ਹੀ ਪੈਣਗੇ : ਚੰਦੂਮਾਜਰਾ
NEXT STORY