ਕਪੂਰਥਲਾ,(ਮਹਾਜਨ)-ਵਿਸ਼ਵ ਭਰ 'ਚ ਫੈਲੇ ਕੋਰੋਨਾ ਵਾਇਰਸ ਦੇ ਬੁਰੇ ਪ੍ਰਭਾਵਾਂ ਦੇ ਕਾਰਨ ਜਿੱਥੇ ਪਹਿਲਾਂ ਹੀ ਲੋਕ ਡਰ ਦੇ ਸਾਏ 'ਚ ਜੀ ਰਹੇ ਹਨ, ਉੱਥੇ ਹੀ ਅਜੇ ਤੱਕ ਇਸ ਬੀਮਾਰੀ ਤੋਂ ਬਚਾਉਣ ਦੇ ਲਈ ਵਿਸ਼ਵ ਦੀਆਂ ਵੱਡੀਆਂ-ਵੱਡੀਆਂ ਸੰਸਥਾਵਾਂ ਦਵਾਈਆਂ ਬਣਾਉਣ 'ਚ ਜੁੱਟੀਆਂ ਹੋਈਆਂ ਹਨ। ਕੋਵਿਡ-19 ਨਾਮਕ ਨਵਾਂ ਵਾਇਰਸ ਹੋਣ ਦੇ ਕਾਰਨ ਜਾਣਕਾਰੀ ਦੀ ਕਮੀ ਦੇ ਚੱਲਦੇ ਦਵਾਈ ਬਣਾਉਣ 'ਚ ਜਿੰਨੀ ਦੇਰੀ ਹੋ ਰਹੀ ਹੈ, ਉਨ੍ਹਾਂ ਹੀ ਇਸ ਬਿਮਾਰੀ ਦਾ ਖਤਰਾ ਤੇਜ਼ੀ ਨਾਲ ਵੱਧ ਰਿਹਾ ਹੈ।
ਪੰਜਾਬ 'ਚ ਜਿੱਥੇ ਪਹਿਲਾਂ ਕੋਰੋਨਾ ਦੇ ਮਾਮਲਿਆਂ ਦੇ ਕਾਰਨ ਜਲੰਧਰ, ਅੰਮ੍ਰਿਤਸਰ ਸਮੇਤ ਹੋਰ ਜ਼ਿਲ੍ਹੇ ਸੁਰਖੀਆਂ 'ਚ ਸਨ, ਉੱਥੇ ਹੀ ਸ਼ੁੱਕਰਵਾਰ ਨੂੰ 24 ਘੰਟਿਆਂ 'ਚ ਜ਼ਿਲ੍ਹਾ ਕਪੂਰਥਲਾ ਤੋਂ 16 ਕੋਰੋਨਾ ਪਾਜ਼ੇਟਿਵ ਦੇ ਮਾਮਲੇ ਸਾਹਮਣੇ ਆਉਣ ਨਾਲ ਖਤਰਾ ਕਾਫੀ ਵੱਧ ਗਿਆ ਹੈ। ਹੋਰ ਜ਼ਿਲ੍ਹਿਆਂ ਦੀ ਤਰ੍ਹਾਂ ਜ਼ਿਲ੍ਹਾ ਕਪੂਰਥਲਾ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਵਧਣ ਨਾਲ ਲੋਕ ਕਾਫੀ ਚਿੰਤਿਤ ਹੋ ਗਏ ਹਨ, ਉੱਥੇ ਸਥਾਨਕ ਪ੍ਰਸ਼ਾਸਨਿਕ ਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਦੇ ਪ੍ਰਬੰਧਾਂ ਦੀ ਹਵਾ ਨਿਕਲਦੀ ਨਜ਼ਰ ਆਈ। ਜ਼ਿਲ੍ਹਾ ਕਪੂਰਥਲਾ 'ਚ ਕੋਰੋਨਾ ਮਰੀਜ਼ਾਂ ਦੇ ਅੰਕੜੇ ਵਧਣ ਨਾਲ ਸਾਫ ਸਪਸ਼ਟ ਹੈ ਕਿ ਆਉਣ ਵਾਲੇ ਦਿਨ ਜ਼ਿਲ੍ਹਾ ਵਾਸੀਆਂ ਤੋਂ ਖਤਰੇ ਦੀ ਘੰਟੀ ਹੈ। ਇਸ ਲਈ ਜੇਕਰ ਸਮਾਂ ਰਹਿੰਦੇ ਪ੍ਰਸ਼ਾਸਨਿਕ ਅਧਿਕਾਰੀਆਂ ਸਮੇਤ ਲੋਕਾਂ ਨੇ ਗੰਭੀਰਤਾ ਨਹੀ ਦਿਖਾਈ ਤਾਂ ਇਸ ਦੇ ਬੁਰੇ ਨਤੀਜੇ ਸਭ ਨੂੰ ਭੁਗਤਣੇ ਪੈ ਸਕਦੇ ਹਨ, ਜਿਸ 'ਤੇ ਕਾਬੂ ਪਾਉਣਾ ਮੁਸ਼ਕਿਲ ਹੋ ਜਾਵੇਗਾ।
ਜ਼ਿਕਰਯੋਗ ਹੈ ਕਿ ਸ਼ੁੱਕਰਵਾਰ ਨੂੰ ਜ਼ਿਲ੍ਹਾ ਕਪੂਰਥਲਾ 'ਚ ਕੋਰੋਨਾ ਧਮਾਕਾ ਹੋਣ ਨਾਲ 16 ਨਵੇਂ ਮਾਮਲੇ ਸਾਹਮਣੇ ਆਏ। ਇਨ੍ਹਾਂ 16 ਨਵੇਂ ਮਾਮਲਿਆਂ 'ਚ 2 ਫਗਵਾੜਾ ਤੇ 14 ਕਪੂਰਥਲਾ ਦੇ ਨਾਲ ਸਬੰਧਤ ਹਨ। ਕਪੂਰਥਲਾ ਦੇ ਸੀਨਪੁਰਾ ਮੁਹੱਲਾ ਦੇ ਇਕ ਹੀ ਪਰਿਵਾਰ ਦੇ ਦੋ ਮੈਂਬਰ 39 ਸਾਲਾ ਮਹਿਲਾ ਤੇ 16 ਸਾਲਾ ਲੜਕੀ ਸ਼ਾਮਲ ਹੈ, ਪੁਲਸ ਲਾਈਨ ਵਾਸੀ ਇਕ ਟ੍ਰੈਫਿਕ ਕਰਮਚਾਰੀ 52 ਸਾਲਾ ਵੀ ਪਾਜ਼ੇਟਿਵ ਪਾਇਆ ਗਿਆ, ਜੈਨ ਪੈਟਰੋਲ ਪੰਪ ਦੀ ਬੈਕਸਾਈਡ ਰਹਿਣ ਵਾਲੇ 56 ਸਾਲਾ ਵਿਅਕਤੀ, ਸਰਕੁਲਰ ਰੋਡ ਵਾਸੀ 38 ਸਾਲਾ ਵਿਅਕਤੀ, ਅਮਨ ਨਗਰ ਵਾਸੀ 68 ਸਾਲਾ ਬੀਬੀ ਪਾਜ਼ੇਟਿਵ ਪਾਏ ਗਏ ਹਨ। ਉੱਥੇ ਹੀ ਕਪੂਰਥਲਾ ਦੇ ਅਧੀਨ ਪੈਂਦੇ ਦਿਆਲਪੁਰ ਤੋਂ ਪਾਜ਼ੇਟਿਵ ਪਾਏ ਗਏ 8 ਮਰੀਜ਼ਾਂ 'ਚ 48, 22, 49, 22, 26, 24 ਸਾਲਾਂ ਵਿਅਕਤੀ, 54 ਸਾਲਾਂ ਮਹਿਲਾ ਤੇ 75 ਸਾਲਾਂ ਬੀਬੀ ਪਾਜ਼ੇਟਿਵ ਪਾਏ ਗਏ ਹਨ। ਇਸੇ ਤਰ੍ਹਾ ਫਗਵਾੜਾ ਦੇ ਪਲਾਹੀ ਗੇਟ 'ਤੇ ਇਕ ਬੈਂਕ 'ਚ ਕੰਮ ਕਰਦੇ 32 ਸਾਲਾਂ ਵਿਅਕਤੀ ਤੇ ਗਾਂਧੀ ਨਗਰ ਵਾਸੀ 42 ਸਾਲਾਂ ਵਿਅਕਤੀ ਪਾਜ਼ੇਟਿਵ ਪਾਇਆ ਗਿਆ। ਪਾਜ਼ੇਟਿਵ ਪਾਏ ਗਏ ਮਰੀਜ਼ਾਂ ਨੂੰ ਆਈਸੋਲੇਸ਼ਨ ਸੈਂਟਰਾਂ 'ਚ ਭਰਤੀ ਕਰ ਦਿੱਤਾ ਗਿਆ ਹੈ।
ਉੱਥੇ ਸਿਹਤ ਵਿਭਾਗ ਵੱਲੋਂ ਉਕਤ ਪਾਜ਼ੇਟਿਵ ਪਾਏ ਗਏ ਮਰੀਜ਼ਾਂ ਦੇ ਸੰਪਰਕ 'ਚ ਆਉਣ ਵਾਲੇ ਹੋਰ ਲੋਕਾਂ ਦੀ ਵੀ ਪਛਾਣ ਕੀਤੀ ਜਾ ਰਹੀ ਹੈ। ਉੱਧਰ 16 ਨਵੇਂ ਮਾਮਲੇ ਆਉਣ ਨਾਲ ਜ਼ਿਲ੍ਹੇ 'ਚ ਕੋਰੋਨਾ ਮਰੀਜ਼ਾਂ ਦਾ ਹੁਣ ਤੱਕ ਦਾ ਅੰਕੜਾ ਕਰੀਬ 191 ਤੱਕ ਪਹੁੰਚ ਚੁੱਕਾ ਹੈ, ਜਿਸ 'ਚ 132 ਮਰੀਜ਼ ਠੀਕ ਹੋ ਚੁੱਕੇ ਹਨ। ਇਸ ਤੋਂ ਇਲਾਵਾ ਹੁਣ ਤੱਕ ਸਰਗਰਮ ਮਰੀਜ਼ਾਂ ਦੀ ਗਿਣਤੀ 51 ਤੱਕ ਪਹੁੰਚ ਚੁੱਕੀ ਹੈ ਤੇ ਹੁਣ ਤੱਕ 9 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਸਿਵਲ ਸਰਜਨ ਡਾ. ਜਸਮੀਤ ਬਾਵਾ ਤੇ ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਰਾਜੀਵ ਭਗਤ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਜ਼ਿਲ੍ਹੇ 'ਚ 205 ਲੋਕਾਂ ਦੀ ਸੈਂਪਲਿੰਗ ਕੀਤੀ ਗਈ। ਜਿਸ 'ਚ ਕਪੂਰਥਲਾ 84, ਆਰ. ਸੀ. ਐਫ ਤੋਂ 15, ਕਾਲਾ ਸੰਘਿਆ ਤੋਂ 20, ਟਿੱਬਾ ਤੋਂ 13, ਫੱਤੂਢੀਂਗਾ ਤੋਂ 26, ਭੁਲੱਥ ਤੋਂ 21 ਤੇ ਬੇਗੋਵਾਲ ਤੋਂ 26 ਲੋਕਾਂ ਦੀ ਸੈਂਪਲਿੰਗ ਕੀਤੀ ਗਈ। ਉਨ੍ਹਾਂ ਦੱਸਿਆ ਕਿ ਕੋਰੋਨਾ ਦੇ ਬੁਰੇ ਪ੍ਰਭਾਵਾਂ ਨੂੰ ਦੇਖਦੇ ਹੋਏ ਜ਼ਿਲ੍ਹਾ ਵਾਸੀਆਂ ਨੂੰ ਸੁਚੇਤ ਰਹਿਣ ਦੀ ਲੋੜ ਹੈ ਕਿਉਂਕਿ ਸ਼ੁੱਕਰਵਾਰ ਨੂੰ ਅਚਾਨਕ 16 ਨਵੇਂ ਮਾਮਲੇ ਆਉਣ ਨਾਲ ਖਤਰਾ ਕਾਫੀ ਵੱਧ ਗਿਆ ਹੈ, ਜੋ ਪਾਜ਼ੇਟਿਵ ਪਾਏ ਗਏ ਹਨ, ਉਨ੍ਹਾਂ 'ਚ ਕਈ ਪਾਜ਼ੇਟਿਵ ਮਰੀਜ਼ਾਂ ਦੇ ਸੰਪਰਕ 'ਚ ਆਉਣ ਨਾਲ ਤੇ ਕਈ ਇੱਕ ਜ਼ਿਲ੍ਹੇ ਤੋਂ ਦੂਜੇ ਜ਼ਿਲ੍ਹੇ 'ਚ ਕੰਮਕਾਜ ਕਰਨ ਲਈ ਆਉਂਦੇ ਜਾਂਦੇ ਸਨ, ਦੇ ਕਾਰਨ ਸੰਕਰਮਿਤ ਹੋਏ ਹਨ। ਇਸ ਲਈ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਸੁਰੱਖਿਆ ਅਹਿਤਿਹਾਤਾਂ ਦਾ ਪਾਲਣ ਕਰਨ, ਮਾਸਕ ਤੇ ਸੈਨੀਟਾਈਜ਼ਰ ਦੀ ਵਰਤੋਂ ਕਰਦੇ ਰਹਿਣ, ਜੇਕਰ ਸਿਹਤ ਖਰਾਬ ਲੱਗੇ ਤਾਂ ਤੁਰੰਤ ਨਜ਼ਦੀਕੀ ਸਰਕਾਰੀ ਹਸਪਤਾਲ ਨਾਲ ਸੰਪਰਕ ਕਰਨ।
ਸ਼ਿਵ ਸੈਨਾ ਆਗੂ ਸੁਧੀਰ ਸੂਰੀ ਨੂੰ ਹੋਇਆ ਕੋਰੋਨਾ
NEXT STORY