ਫਤਿਹਗੜ੍ਹ ਸਾਹਿਬ,(ਜਗਦੇਵ): ਆਰ. ਐੱਸ. ਐੱਸ. ਤੇ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਪਿਛਲੇ ਇਕ ਮਹੀਨੇ ਤੋਂ ਪੰਜਾਬ 'ਚ ਮੁੜ ਅਜਿਹਾ ਮਾਹੌਲ ਸਿਰਜਿਆ ਜਾ ਰਿਹਾ ਹੈ, ਜਿਸ ਤੋਂ ਲੱਗਦਾ ਹੈ ਜਿਵੇਂ ਸਾਰਾ ਪੰਜਾਬ ਹੀ ਅੱਤਵਾਦੀ ਹੋ ਗਿਆ ਹੋਵੇ। ਪੰਜਾਬ ਦੇ ਚੱਪੇ-ਚੱਪੇ 'ਤੇ ਪੁਲਸ ਦੇ ਨਾਕੇ ਲਾ ਕੇ, ਬੱਸਾਂ ਤੇ ਕਾਰਾਂ 'ਚੋ ਯਾਤਰੂਆਂ ਨੂੰ ਉਤਾਰ ਕੇ ਉਨ੍ਹਾਂ ਦੇ ਸਾਮਾਨ ਦੀਆਂ ਤਲਾਸ਼ੀਆਂ ਲੈ ਕੇ ਤੰਗ-ਪ੍ਰੇਸ਼ਾਨ ਤੇ ਜ਼ਲੀਲ ਕੀਤਾ ਜਾ ਰਿਹਾ ਹੈ। ਦੂਸਰੇ ਪਾਸੇ ਪੁਲਸ ਤੇ ਸੁਰੱਖਿਆ ਫੋਰਸਾਂ ਦੇ ਜਵਾਨ 24-24 ਘੰਟੇ ਭੁੱਖੇ- ਪਿਆਸੇ ਰਹਿ ਕੇ ਉਨੀਂਦਰੇ ਦੇ ਮਾਰ ਝੱਲ ਰਹੇ ਹਨ। ਸਭ ਕਹਿ ਰਹੇ ਹਨ ਕਿ ਮੋਦੀ ਕਰਤਾਰਪੁਰ ਸਾਹਿਬ ਲਾਂਘੇ ਨੂੰ ਰੋਕਣ ਲਈ ਕੋਈ ਵੀ ਡਰਮਾ ਕਰ ਸਕਦੇ ਹਨ।
ਪੰਜਾਬ ਦੀ ਅਣਖੀਲੀ ਸਿੱਖ ਜਵਾਨੀ ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨਾ ਸਹਾਰਦੀ ਹੋਈ ਸ਼ਾਂਤਮਈ ਢੰਗ ਨਾਲ ਪੰਜਾਬ ਦੀਆਂ ਸੜਕਾਂ 'ਤੇ ਸਰਕਾਰ ਦਾ ਵਿਰੋਧ ਕਰਨ ਨਿਕਲ ਤੁਰਦੀ ਹੈ, ਨੂੰ ਦਹਿਸ਼ਤਗਰਦੀ ਦੇ ਰਸਤੇ ਦਾ ਰਾਹੀ ਦੱਸ ਕੇ ਇਹ ਸਾਬਿਤ ਕੀਤਾ ਜਾ ਰਿਹਾ ਕਿ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹਣ ਨਾਲ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਖਤਰਾ ਪੈਦਾ ਹੋ ਰਿਹਾ ਹੈ। ਇਸ ਸਬੰਧੀ ਕੁਝ ਨੈਸ਼ਨਲ ਚੈਨਲਾਂ ਵਲੋਂ ਬਹਿਸ ਵੀ ਸ਼ੁਰੂ ਕਰ ਦਿੱਤੀ ਗਈ ਹੈ। ਇਸ ਕੰਮ ਲਈ ਏ. ਐੱਨ. ਆਈ. ਨੂੰ ਖੂਬ ਵਰਤਿਆ ਜਾ ਰਿਹਾ ਹੈ। ਇਹ ਵਿਚਾਰ ਆਲ ਇੰਡੀਆ ਸਿੱਖ ਸਟੂਡੈਂਟਸ ਫੈੱਡਰੇਸ਼ਨ ਦੇ ਪ੍ਰਧਾਨ ਮਨਜੀਤ ਸਿੰਘ ਭੋਮਾ ਮੁੱਖ ਸਲਾਹਕਾਰ, ਸਰਬਜੀਤ ਸਿੰਘ ਜੰਮੂ ਸਲਾਹਕਾਰ, ਸਤਨਾਮ ਸਿੰਘ ਕੰਡਾ, ਬਲਵਿੰਦਰ ਸਿੰਘ ਖੋਜਕੀਪੁਰ ਤੇ ਕੁਲਦੀਪ ਸਿੰਘ ਮਜੀਠੀਆ ਪ੍ਰਧਾਨ ਨੇ ਇਕ ਪ੍ਰੈੱਸ ਬਿਆਨ ਰਾਹੀਂ ਪ੍ਰਗਟ ਕੀਤੇ। ਉਨ੍ਹਾਂ ਸਪੱਸ਼ਟ ਕੀਤਾ ਕਿ ਫੈੱਡਰੇਸ਼ਨ ਕਿਸੇ ਵੀ ਕਿਸਮ ਦੀ ਦਹਿਸ਼ਤਗਰਦੀ ਤੇ ਹਿੰਸਕ ਕਾਰਵਾਈ ਦੇ ਸਖ਼ਤ ਖਿਲਾਫ ਰਹੀ ਹੈ।
ਉਨ੍ਹਾਂ ਕਿਹਾ ਕਿ ਆਰ. ਐੱਸ. ਐੱਸ. ਤੇ ਕੇਂਦਰ ਦੀ ਭਾਜਪਾ ਸਰਕਾਰ, ਜੋ ਕਰਤਾਰਪੁਰ ਸਾਹਿਬ ਲਾਂਘੇ ਦੇ ਖੁੱਲ੍ਹਣ 'ਤੇ ਦਿਲੋਂ ਖੁਸ਼ ਨਹੀਂ ਹਨ, ਪੰਜਾਬ ਅੰਦਰ ਕੋਈ ਵੀ ਐਸਾ ਡਰਾਮਾ ਖੇਡ ਸਕਦੇ ਹਨ ਜਿਸ ਨਾਲ ਲਾਂਘਾ ਖੁੱਲ੍ਹਣ ਤੋਂ ਰੁਕ ਜਾਵੇ। ਜਦੋਂ ਨਵਜੋਤ ਸਿੰਘ ਸਿੱਧੂ ਦੇ ਪਾਕਿਸਤਾਨ ਜਾਣ 'ਤੇ ਇਮਰਾਨ ਖਾਨ ਨੇ ਕਰਤਾਰਪੁਰ ਲਾਂਘਾ ਖੋਲ੍ਹਣ ਦਾ ਐਲਾਨ ਕੀਤਾ ਤਾਂ ਵੀ ਬਾਦਲਕਿਆਂ ਨੂੰ ਇਹ ਹਜ਼ਮ ਨਹੀਂ ਸੀ ਹੋਇਆ। ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕੀਤੀ ਕਿ ਆਰ. ਐੱਸ. ਐੱਸ., ਭਾਜਪਾ ਤੇ ਕੇਂਦਰੀ ਖੁਫੀਆ ਏਜੰਸੀਆਂ ਦੀ ਲਾਂਘੇ ਨੂੰ ਰੋਕਣ ਦੀ ਸਾਜ਼ਿਸ਼ ਦਾ ਹਿੱਸਾ ਨਾ ਬਣਨ ਸਗੋਂ ਲਾਂਘੇ ਦੇ ਖੋਲ੍ਹੇ ਜਾਣ ਲਈ ਸਖਤ ਸਟੈਂਡ ਲੈ ਕੇ ਗੁਰੂ ਨਾਨਕ ਪਾਤਿਸ਼ਾਹ ਦੀਆਂ ਖੁਸ਼ੀਆਂ ਪ੍ਰਾਪਤ ਕਰਨ।
ਕੈਪਟਨ ਅਮਰਿੰਦਰ ਸਿੰਘ ਨੇ ਭਗਵਾਨ ਵਾਲਮੀਕੀ ਜਯੰਤੀ ਮੌਕੇ ਲੋਕਾਂ ਨੂੰ ਦਿੱਤੀ ਵਧਾਈ
NEXT STORY