ਚੰਡੀਗੜ੍ਹ/ਬਰਨਾਲਾ— ਪੰਜਾਬ 'ਚ ਆਮ ਆਦਮੀ ਪਾਰਟੀ (ਆਪ) 'ਚ ਮਚੇ ਘਮਾਸਾਨ ਵਿਚਕਾਰ 'ਆਪ' ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਜ ਬਰਨਾਲਾ ਰੈਲੀ 'ਚ ਲੋਕ ਸਭਾ ਚੋਣਾਂ ਦਾ ਬਿਗੁਲ ਵਜਾਉਣਗੇ। ਇਸ ਰੈਲੀ ਨੂੰ ਲੈ ਕੇ ਸੰਸਦ ਮੈਂਬਰ ਭਗਵੰਤ ਮਾਨ ਕਾਫੀ ਉਤਸ਼ਾਹਤ ਹਨ। ਉਨ੍ਹਾਂ ਕਿਹਾ ਕਿ ਬਰਨਾਲਾ ਰੈਲੀ 'ਝਾੜੂ' ਦੀਆਂ ਤਿੱਖੀਆਂ ਤੀਲਾਂ ਨਾਲ ਵਿਰੋਧੀਆਂ ਦੀਆਂ ਅੱਖਾਂ ਵਿਚ ਰੜਕਾਂ ਪਾਵੇਗੀ।
ਮਾਨ ਨੇ ਕਿਹਾ ਕਿ ਇਹ ਰੈਲੀ ਅਕਾਲੀ ਦਲ ਅਤੇ ਕਾਂਗਰਸ ਤੋਂ ਅੱਕੇ ਲੋਕਾਂ ਲਈ ਉਮੀਦ ਦੀ ਕਿਰਨ ਲੈ ਕੇ ਆਵੇਗੀ।ਉਨ੍ਹਾਂ ਦਾਅਵਾ ਕੀਤਾ ਕਿ ਇਸ ਰੈਲੀ 'ਚ ਘੱਟੋ-ਘੱਟ 50 ਹਜ਼ਾਰ ਦੇ ਕਰੀਬ ਲੋਕ ਆਪਣੀ ਮਰਜ਼ੀ ਨਾਲ ਆਉਣਗੇ ਅਤੇ ਰੈਲੀ ਲਈ ਕਿਸੇ ਨੂੰ ਦਿਹਾੜੀ ਜਾਂ ਹੋਰ ਲਾਲਚ ਦੇ ਕੇ ਨਹੀਂ ਲਿਆਂਦਾ ਜਾ ਰਿਹਾ।ਉਨ੍ਹਾਂ ਕਿਹਾ ਕਿ ਸੂਬੇ ਦੇ ਵਿਕਾਸ ਅਤੇ ਭਲਾਈ ਦੀ ਆਸ ਨਾਲ ਹੋਣ ਵਾਲਾ ਇਹ ਇਕੱਠ ਵਿਰੋਧੀਆਂ ਦੇ ਮੂੰਹ ਬੰਦ ਕਰਵਾ ਦੇਵੇਗਾ।
ਜ਼ਿਕਰਯੋਗ ਹੈ ਕਿ 'ਆਪ' ਪਾਰਟੀ ਪੰਜਾਬ 'ਚ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪੰਜ ਉਮੀਦਵਾਰਾਂ ਦਾ ਐਲਾਨ ਪਹਿਲਾਂ ਹੀ ਕਰ ਚੁੱਕੀ ਹੈ, ਜਿਨ੍ਹਾਂ 'ਚ ਸੰਗਰੂਰ ਤੋਂ ਭਗਵੰਤ ਮਾਨ, ਫਰੀਦਕੋਟ ਤੋਂ ਪ੍ਰੋਫੈਸਰ ਸਾਧੂ ਸਿੰਘ, ਅੰਮ੍ਰਿਤਸਰ ਤੋਂ ਕੁਲਦੀਪ ਧਾਲੀਵਾਲ (ਜਗਦੇਵਕਲਾਂ), ਆਨੰਦਪੁਰ ਸਾਹਿਬ ਤੋਂ ਨਰਿੰਦਰ ਸਿੰਘ ਸ਼ੇਰਗਿੱਲ ਅਤੇ ਹੁਸ਼ਿਆਰਪੁਰ ਤੋਂ ਡਾਕਟਰ ਰਵਜੋਤ ਸਿੰਘ ਸ਼ਾਮਲ ਹਨ।
ਕੇਜਰੀਵਾਲ ਇਸ ਰੈਲੀ 'ਚ ਪੰਜਾਬ ਦੀ ਕੈਪਟਨ ਸਰਕਾਰ ਦੇ ਕੰਮਾਂ 'ਤੇ ਤਿੱਖੇ ਹਮਲੇ ਕਰਨ ਦੇ ਨਾਲ-ਨਾਲ ਆਪਣੇ ਦਿੱਲੀ ਮਾਡਲ ਦਾ ਗੁਣਗਾਣ ਕਰਕੇ ਅਕਾਲੀ ਦਲ ਅਤੇ ਭਾਜਪਾ ਗੱਠਜੋੜ ਨੂੰ ਨਿਸ਼ਾਨੇ 'ਤੇ ਲੈ ਸਕਦੇ ਹਨ। ਉਹ ਬਿਜਲੀ ਅਤੇ ਪਾਣੀ ਦੇ ਮੁੱਦੇ 'ਤੇ ਕੈਪਟਨ ਸਰਕਾਰ ਨੂੰ ਕਟਹਿਰੇ 'ਚ ਖੜ੍ਹਾ ਕਰਨ ਦਾ ਯਤਨ ਕਰ ਸਕਦੇ ਹਨ। 'ਆਪ' ਦੇ ਕੌਮੀ ਕਨਵੀਨਰ ਸਾਲ 2017 'ਚ ਸੂਬੇ 'ਚ ਹੋਈਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਪਹਿਲੀ ਵਾਰ 20 ਜਨਵਰੀ ਨੂੰ ਕਿਸੇ ਸਿਆਸੀ ਪ੍ਰੋਗਰਾਮ 'ਚ ਆ ਰਹੇ ਹਨ। ਕੇਜਰੀਵਾਲ ਦਾ ਇਹ ਦੌਰਾ ਇਸ ਲਈ ਵੀ ਅਹਿਮ ਹੈ ਕਿਉਂਕਿ ਪਾਰਟੀ ਦੇ ਵਿਧਾਇਕ ਸੁਖਪਾਲ ਖਹਿਰਾ ਵੱਲੋਂ ਪਿਛਲੇ ਦਿਨੀਂ ਹੀ 'ਆਪ' ਤੋਂ ਅਸਤੀਫਾ ਦੇ ਕੇ ਆਪਣੀ ਨਵੀਂ ਪਾਰਟੀ ਬਣਾ ਕੇ 'ਆਪ' ਨੂੰ ਚੁਣੌਤੀ ਦਿੱਤੀ ਜਾ ਰਹੀ ਹੈ।
ਪੰਜਾਬ ਦੇ ਲੋਕਾਂ ਨੂੰ ਤੋਹਫਾ, ਅੰਮ੍ਰਿਤਸਰ ਤੋਂ ਅੱਜ ਸ਼ੁਰੂ ਹੋਵੇਗੀ ਇਹ ਫਲਾਈਟ
NEXT STORY