ਚੰਡੀਗੜ੍ਹ: ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਪੰਜਾਬ ਦੇ ਡੀਜੀਪੀ ਨੂੰ ਲਿਖੀ ਚਿੱਠੀ ਨੂੰ ਲੈ ਕੇ ਪੰਜਾਬ ਦੀ 'ਆਪ' ਸਰਕਾਰ ਨੂੰ ਅਮਨ ਕਾਨੂੰਨ ਦੇ ਮੁੱਦੇ 'ਤੇ ਕਟਹਿਰੇ ਵਿੱਚ ਖੜ੍ਹਾ ਕੀਤਾ ਹੈ। ਸੂਬਾ ਪ੍ਰਧਾਨ ਢਿੱਲੋਂ ਨੇ ਕਿਹਾ ਕਿ 'ਆਪ' ਐਮਪੀ ਦਾ ਪੱਤਰ ਪੰਜਾਬ ਵਿੱਚ ਢਹਿ-ਢੇਰੀ ਹੋ ਚੁੱਕੀ ਕਾਨੂੰਨ-ਵਿਵਸਥਾ ਦਾ ਸਭ ਤੋਂ ਵੱਡਾ ਗਵਾਹ ਬਣ ਗਿਆ ਹੈ।
ਢਿੱਲੋਂ ਨੇ ਕਿਹਾ ਕਿ ਇਹ ਕਿਸੇ ਵਿਰੋਧੀ ਧਿਰ ਦਾ ਇਲਜ਼ਾਮ ਨਹੀਂ ਹੈ, ਸਗੋਂ ਹਾਕਮ ਧਿਰ ਦੇ ਆਪਣੇ ਸੰਸਦ ਮੈਂਬਰ ਦੀ ਲਿਖਤੀ ਗਵਾਹੀ ਹੈ ਕਿ ਪੰਜਾਬ ਵਿੱਚ ਚੋਰੀਆਂ, ਲੁੱਟਾਂ-ਖੋਹਾਂ ਅਤੇ ਨਸ਼ੇ ਦਾ ਕਾਰੋਬਾਰ ਬੇਲਗਾਮ ਹੋ ਚੁੱਕਾ ਹੈ। ਉਨ੍ਹਾਂ ਕਿਹਾ ਕਿ ਜਦੋਂ ਸੱਤਾਧਾਰੀ ਪਾਰਟੀ ਦਾ ਆਪਣਾ ਸੰਸਦ ਮੈਂਬਰ ਇਹ ਲਿਖਣ ਲਈ ਮਜਬੂਰ ਹੋ ਜਾਵੇ ਕਿ "ਮੇਰੇ ਗੰਨਮੈਨ ਵਾਪਸ ਥਾਣੇ ਭੇਜੋ, ਲੋਕਾਂ ਨੂੰ ਮੇਰੇ ਨਾਲੋਂ ਵੱਧ ਪੁਲਸ ਦੀ ਲੋੜ ਹੈ," ਤਾਂ ਇਸ ਤੋਂ ਵੱਡਾ ਸਰਕਾਰ ਖ਼ਿਲਾਫ਼ ਦੋਸ਼-ਪੱਤਰ ਹੋਰ ਕੀ ਹੋ ਸਕਦਾ ਹੈ।
ਸੂਬਾ ਪ੍ਰਧਾਨ ਨੇ ਸਤਿਕਾਰ ਸਹਿਤ ਸੰਤ ਸੀਚੇਵਾਲ ਨੂੰ ਸਵਾਲ ਕਰਦਿਆਂ ਕਿਹਾ ਕਿ ਪੰਜਾਬ ਦੀ ਸੱਤਾ ਉਨ੍ਹਾਂ ਦੀ ਆਪਣੀ ਪਾਰਟੀ ਕੋਲ ਹੈ, ਫਿਰ ਡੀਜੀਪੀ ਨੂੰ ਪੱਤਰ ਲਿਖਣ ਦੀ ਲੋੜ ਕਿਉਂ ਪਈ। ਉਨ੍ਹਾਂ ਕਿਹਾ ਕਿ ਇਹ ਸਵਾਲ ਪੰਜਾਬ ਨੂੰ ਦਿੱਲੀ ਬੈਠ ਕੇ ਰਿਮੋਟ ਕੰਟਰੋਲ ਨਾਲ ਚਲਾ ਰਹੇ ਅਰਵਿੰਦ ਕੇਜਰੀਵਾਲ ਨੂੰ ਕਰਨਾ ਚਾਹੀਦਾ ਹੈ। 'ਆਪ' ਸਰਕਾਰ ਪੰਜਾਬ ਵਿੱਚ ਬੁਰੀ ਤਰ੍ਹਾਂ ਫੇਲ੍ਹ ਹੋ ਚੁੱਕੀ ਹੈ ਅਤੇ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੀ ਹੈ।
ਢਿੱਲੋਂ ਨੇ ਕਿਹਾ ਕਿ ਜੇ ਕਾਨੂੰਨ-ਵਿਵਸਥਾ ਦਾ ਢਾਂਚਾ ਹਿੱਲ ਚੁੱਕਾ ਹੈ। ਹਰ ਰੋਜ਼ ਕ੍ਰਾਈਮ ਵਧ ਰਿਹਾ ਹੈ। ਪੁਲਿਸ ਥਾਣੇ ਤੱਕ ਸੁਰੱਖਿਅਤ ਨਹੀਂ ਹਨ, ਪਾਰਟੀਆਂ ਦੇ ਦਫ਼ਤਰਾਂ ਉਪਰ ਹਮਲੇ ਹੋ ਰਹੇ ਹਨ ਅਤੇ ਦਿਨ ਦਿਹਾੜੇ ਕਤਲ, ਚੋਰੀਆਂ-ਲੁੱਟਾਂ ਆਮ ਹੋ ਗਈਆਂ ਹਨ। ਅਜਿਹੇ ਹਾਲਾਤ ਵਿੱਚ ਅਰਵਿੰਦ ਕੇਜਰੀਵਾਲ, ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਆਪਣੀ ਜ਼ਿੰਮੇਵਾਰੀ ਭੱਜ ਨਹੀਂ ਸਕਦੀ।
ਸੂਬਾ ਪ੍ਰਧਾਨ ਨੇ ਕਿਹਾ ਕਿ ਸਰਕਾਰ ਹਮੇਸ਼ਾ ਕਾਨੂੰਨ ਨਾਲ ਅਤੇ ਸਹੀ ਪ੍ਰਸ਼ਾਸਨ ਦੇਣ ਨਾਲ ਚੱਲਦੀ ਹੈ ਨਾ ਕਿ ਇਕੱਲੀ ਇਸ਼ਤਿਹਾਰਾਂ ਨਾਲ ਸਰਕਾਰਾਂ ਚੱਲਦੀਆਂ ਹਨ। ਉਹਨਾਂ ਕਿਹਾ ਕਿ ਪੰਜਾਬ ਦੇ ਲੋਕ ਹੁਣ ਝੂਠਾ ਪ੍ਰਚਾਰ ਨਹੀਂ, ਸਗੋਂ ਸੁਰੱਖਿਆ, ਅਮਨ-ਕਾਨੂੰਨ ਅਤੇ ਜਵਾਬਦੇਹ ਹਕੂਮਤ ਚਾਹੁੰਦੇ ਹਨ। ਪੰਜਾਬ ਨੂੰ ਸੁਰੱਖਿਆ ਵਾਲਾ ਮਾਹੌਲ ਸਿਰਫ਼ ਤੇ ਸਿਰਫ਼ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੀ ਦੇ ਸਕਦੀ ਹੈ।
LRGMA ਵੱਲੋਂ ਭਾਰਤ ਦੀ ਸਭ ਤੋਂ ਵੱਡੀ 'ਆਟਮ ਵਿੰਟਰ' ਗਾਰਮੈਂਟ ਪ੍ਰਦਰਸ਼ਨੀ ਸਫਲਤਾਪੂਰਵਕ ਸੰਪੰਨ
NEXT STORY