ਖੰਨਾ, (ਰਣਧੀਰ ਸਿੰਘ ਧੀਰਾ)- ਖੰਨਾ ਦਾ ਸਰਕਾਰੀ ਹਸਪਤਾਲ ਇਕ ਵਾਰ ਫਿਰ ਆਪਣੇ ਲਾਪਰਵਾਹ ਰਵੱਈਏ ਕਾਰਨ ਸੁਰਖੀਆਂ ਵਿਚ ਹੈ। ਸੋਮਵਾਰ ਰਾਤ ਹਸਪਤਾਲ ਵਿਚ ਉਸ ਸਮੇਂ ਹੰਗਾਮਾ ਹੋ ਗਿਆ, ਜਦੋਂ ਇਕ ਗਰਭਵਤੀ ਔਰਤ ਨੂੰ ਦਰਦ ਨਾਲ ਤੜਫਦਾ ਦੇਖ ਕੇ ਵੀ ਡਾਕਟਰ ਨੇ ਮੁੱਢਲੀ ਸਹਾਇਤਾ ਦੇਣ ਦੀ ਬਜਾਏ ਉਸ ਨੂੰ ਦੋ ਘੰਟੇ ਤੱਕ ਬਿਨਾਂ ਇਲਾਜ ਛੱਡ ਦਿੱਤਾ ਅਤੇ ਰੈਫਰ ਕਰਨ ਦੇ ਆਦੇਸ਼ ਦਿੱਤੇ।
ਮੌਕੇ ’ਤੇ ਲੋਕਾਂ ਦੇ ਵਿਰੋਧ ਕਾਰਨ ਐੱਸ.ਐੱਮ.ਓ. ਡਾ. ਮਨਿੰਦਰ ਭਸੀਨ ਵੱਲੋਂ ਆਪ੍ਰੇਸ਼ਨ ਕੀਤਾ ਗਿਆ ਤੇ ਬੱਚੀ ਦਾ ਜਨਮ ਹੋਇਆ। ਬੱਚੀ ਦੀ ਹਾਲਤ ਠੀਕ ਨਾ ਹੋਣ ਕਰ ਕੇ ਬੱਚੀ ਨੂੰ ਪਟਿਆਲਾ ਭੇਜਿਆ ਗਿਆ, ਜਿੱਥੇ ਪਹਿਲਾਂ ਰਸਤੇ ’ਚ ਐਂਬੂਲੈਂਸ ਅੰਦਰ ਆਕਸੀਜਨ ਖ਼ਤਮ ਹੋ ਗਈ। ਫਿਰ ਰਸਤੇ ’ਚ ਐਂਬੂਲੈਂਸ ਬਦਲੀ ਗਈ।
ਜਦੋਂ ਪਰਿਵਾਰ ਬੱਚੀ ਨੂੰ ਲੈ ਕੇ ਪਟਿਆਲਾ ਪਹੁੰਚਿਆ ਤਾਂ ਉਥੇ ਵੀ ਆਕਸੀਜਨ ਉਪਲੱਬਧ ਨਹੀਂ ਹੋਈ। ਬੱਚੀ ਨੂੰ ਫਿਰ ਅੱਗੇ ਚੰਡੀਗੜ੍ਹ ਭੇਜਿਆ ਗਿਆ। ਜਿੱਥੇ ਡਾਕਟਰਾਂ ਵੱਲੋਂ ਆਕਸਸੀਜਨ ਲਗਾ ਕੇ ਬੱਚੀ ਦੀ 5 ਤੋਂ 6 ਘੰਟੇ ਸੰਭਾਲ ਕੀਤੀ ਪਰ ਬੱਚੀ ਦੀ ਮੌਤ ਹੋ ਗਈੇ।
ਜਾਣਕਾਰੀ ਅਨੁਸਾਰ ਮਨਪ੍ਰੀਤ ਕੌਰ ਪਤਨੀ ਸਚਿਨ ਵਾਸੀ ਬਾਜ਼ੀਗਰ ਬਸਤੀ ਵਾਰਡ ਨੰਬਰ 11 ਅਮਲੋਹ ਰੋਡ ਖੰਨਾ ਪਿਛਲੇ 9 ਮਹੀਨੇ ਤੋਂ ਖੰਨਾ ਹਸਪਤਾਲ ’ਚ ਟਰੀਟਮੈਂਟ ਕਰਵਾ ਰਹੀ ਸੀ ਤੇ ਉਸ ਦੇ ਪਰਿਵਾਰਕ ਮੈਂਬਰ ਸਾਢੇ 7 ਵਜੇ ਦੇ ਕਰੀਬ ਹਸਪਤਾਲ ਲੈ ਕੇ ਆਏ ਸੀ।
ਐਮਰਜੈਂਸੀ ਵਾਰਡ ਵਿਚ ਮੌਜੂਦ ਡਾ. ਅਮਰਪ੍ਰੀਤ ਨੇ ਮਹਿਲਾ ਰੋਗ ਮਾਹਿਰ ਨਾਲ ਫੋਨ ’ਤੇ ਗੱਲ ਕਰਕੇ ਸਿੱਧਾ ਜਵਾਬ ਦਿੱਤਾ ਕਿ ਇੱਥੇ ਡਲਿਵਰੀ ਨਹੀਂ ਹੋ ਸਕਦੀ ਤੇ ਔਰਤ ਨੂੰ ਪਟਿਆਲਾ ਰੈਫਰ ਕੀਤਾ ਜਾ ਰਿਹਾ ਹੈ। ਹੈਰਾਨ ਕਰਨ ਵਾਲੀ ਗੱਲ ਇਹ ਸੀ ਕਿ ਹਸਪਤਾਲ ਕੋਲ ਔਰਤ ਨੂੰ ਭੇਜਣ ਲਈ ਐਂਬੂਲੈਂਸ ਵੀ ਉਪਲੱਬਧ ਨਹੀਂ ਸੀ।
ਉਥੇ ਹੀ ਪਰਿਵਾਰ ਵਾਲਿਆਂ ਦਾ ਗੁੱਸਾ ਫੁੱਟ ਪਿਆ। ਹੰਗਾਮਾ ਵਧਦਾ ਦੇਖ ਕੇ ਅਕਾਲੀ ਦਲ ਹਲਕਾ ਇੰਚਾਰਜ ਯਾਦਵਿੰਦਰ ਸਿੰਘ ਯਾਦੂ ਹਸਪਤਾਲ ਪਹੁੰਚੇ ਤੇ ਡਾਕਟਰਾਂ ਨਾਲ ਗੱਲ ਕੀਤੀ ਪਰ ਕੋਈ ਹੱਲ ਨਾ ਨਿਕਲਿਆ।
ਇਸ ਦੌਰਾਨ ਪਰਿਵਾਰ ਨੂੰ ਕਿਹਾ ਗਿਆ ਕਿ ਪ੍ਰਾਈਵੇਟ ਐਂਬੂਲੈਂਸ ਦਾ ਪ੍ਰਬੰਧ ਕਰਕੇ ਔਰਤ ਨੂੰ ਪਟਿਆਲਾ ਲੈ ਜਾਓ। ਪਰਿਵਾਰ ਤੇ ਸਥਾਨਕ ਲੋਕਾਂ ਦੇ ਵਿਰੋਧ ਮਗਰੋਂ ਐੱਸ.ਐੱੱਮ.ਓ. ਡਾ. ਮਨਿੰਦਰ ਸਿੰਘ ਭਸੀਨ ਖੁਦ ਹਸਪਤਾਲ ਪਹੁੰਚੇ। ਉਨ੍ਹਾਂ ਨੇ ਖੁਦ ਆਪ੍ਰੇਸ਼ਨ ਕਰਨ ਦੇ ਭਰੋਸੇ ਉਪਰ ਪਰਿਵਾਰ ਨੂੰ ਸ਼ਾਂਤ ਕੀਤਾ ਤੇ ਬੱਚਿਆਂ ਦੇ ਮਾਹਿਰ ਇਕ ਪ੍ਰਾਈਵੇਟ ਡਾਕਟਰ ਨੂੰ ਵੀ ਬੁਲਾਇਆ ਗਿਆ।
ਆਪ੍ਰੇਸ਼ਨ ਤੋਂ ਬਾਅਦ ਮਾਂ ਦੀ ਹਾਲਤ ਠੀਕ ਦੱਸੀ ਜਾ ਰਹੀ ਹੈ ਪਰ ਨਵਜਨਮੀ ਬੱਚੀ ਦੀ ਹਾਲਤ ਨਾਜ਼ੁਕ ਹੈ ਅਤੇ ਉਸ ਨੂੰ ਹੋਰ ਇਲਾਜ ਲਈ ਰੈਫਰ ਕਰ ਦਿੱਤਾ ਗਿਆ। ਇਸ ਘਟਨਾ ਨੇ ਖੰਨਾ ਹਸਪਤਾਲ ਦੀ ਕਾਰਗੁਜ਼ਾਰੀ ’ਤੇ ਵੱਡੇ ਸਵਾਲ ਖੜ੍ਹੇ ਕਰ ਦਿੱਤੇ ਹਨ।
ਡਾ. ਅਮਰਦੀਪ ਕੌਰ ਦਾ ਕਹਿਣਾ ਹੈ ਕਿ ਔਰਤ ਦੀ ਹਾਲਤ ਦੇਖਦੇ ਰੈਫਰ ਕੀਤਾ ਗਿਆ ਸੀ ਪਰ ਪਰਿਵਾਰ ਵਾਲੇ ਰਾਜ਼ੀ ਨਹੀਂ ਹੋਏ। ਹਾਲਾਂਕਿ ਹੰਗਾਮੇ ਮਗਰੋਂ ਐੱਸ.ਐੱਮ.ਓ. ਨੇ ਆਪ੍ਰੇਸ਼ਨ ਕੀਤਾ। ਬਾਅਦ ’ਚ ਬੱਚੀ ਨੂੰ ਅੱਗੇ ਰੈਫਰ ਕੀਤਾ ਗਿਆ, ਜਿਸ ਦੀ ਪੀ.ਜੀ.ਆਈ. ਚੰਡੀਗੜ੍ਹ ਵਿਖੇ ਮੌਤ ਹੋ ਗਈ।
ਲਾਪਰਵਾਹੀ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਹੋਵੇ : ਪਰਿਵਾਰ
ਪਰਿਵਾਰ ਨੇ ਕਿਹਾ ਕਿ ਜੇਕਰ ਹਸਪਤਾਲ ’ਚ ਵਧੀਆ ਪ੍ਰਬੰਧ ਹੁੰਦੇ ਹਨ ਤਾਂ ਬੱਚੀ ਦੀ ਜਾਨ ਬਚ ਸਕਦੀ ਸੀ। ਉਨ੍ਹਾਂ ਮੰਗ ਕੀਤੀ ਕਿ ਹਸਪਤਾਲ ਅਮਲੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਤਾਂ ਜੋ ਆਉਣ ਵਾਲੇ ਦਿਨਾਂ ਵਿੱਚ ਹੋਰ ਕਿਸੇ ਮਰੀਜ਼ ਦੇ ਨਾਲ ਇਸ ਤਰ੍ਹਾਂ ਦਾ ਵਿਵਹਾਰ ਨਾ ਹੋਵੇ।
ਬੱਚੀ ਦੀ ਮੌਤ ’ਤੇ ਅਕਾਲੀ ਦਲ ਹਲਕਾ ਇੰਚਾਰਜ ਯਾਦਵਿੰਦਰ ਸਿੰਘ ਯਾਦੂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਿਹਤ ਸੇਵਾਵਾਂ ਦੇ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਹਨ। ਹਸਪਤਾਲ ਵਿਚ ਇਸ ਲਾਪਰਵਾਹੀ ਬਾਰੇ 'ਆਪ' ਸਰਕਾਰ, ਸਿਹਤ ਮੰਤਰੀ, ਖੰਨਾ ਦੇ ਵਿਧਾਇਕ ਨੂੰ ਖੁਦ ਇਸ ਘਟਨਾ ਦਾ ਨੋਟਿਸ ਲੈਣਾ ਚਾਹੀਦਾ ਹੈ ਤੇ ਜ਼ਿੰਮੇਵਾਰ ਵਿਅਕਤੀਆਂ ਨੂੰ ਮੁਅੱਤਲ ਜਾਂ ਬਰਖਾਸਤ ਕਰਨਾ ਚਾਹੀਦਾ ਹੈ।
ਕੀ ਕਹਿਣਾ ਐੱਸ.ਐੱਮ.ਓ. ਦਾ - ਜਦੋਂ ਇਸ ਸਬੰਧੀ ਐੱਸ.ਐੱਮ.ਓ. ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਗਾਇਨੀ ਡਾਕਟਰ ਦੀ ਅਣਗਹਿਲੀ ਸਾਹਮਣੇ ਆਈ ਹੈ ਕਿਉਂਕਿ ਉਸ ਨੂੰ ਸਟੇਸ਼ਨ ਛੱਡ ਕੇ ਨਹੀਂ ਜਾਣਾ ਚਾਹੀਦਾ ਸੀ। ਗਾਇਨੀ ਡਾਕਟਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਮੈਂ ਸ਼ਹਿਰ ਤੋਂ ਬਾਹਰ ਸੀ ਤੇ ਮੇਰਾ ਬੱਚਾ ਬਿਮਾਰ ਹੈ।
ਉਨ੍ਹਾਂ ਕਿਹਾ ਕਿ ਗਾਇਨੀ ਡਾਕਟਰ ਨੇ ਛੁੱਟੀ ਨਹੀਂ ਲਈ ਤੇ ਇਸ ਸਬੰਧੀ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਬਣਦੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।
ਮੀਂਹ ਦੇ ਪਾਣੀ ਦੀ ਨਿਕਾਸੀ ਲਈ ਨਗਰ ਨਿਗਮ ਦਾ ਸਟਾਫ ਇਲਾਕਿਆਂ 'ਚ ਰਿਹਾ ਸਰਗਰਮ
NEXT STORY