ਭਵਾਨੀਗੜ੍ਹ (ਵਿਕਾਸ) : ਬੀਤੇ ਕੱਲ ਪਿੰਡ ਘਰਾਚੋਂ 'ਚ ਘਰ ਦੇ ਨੇੜਿਓ ਦਿਨ ਦਿਹਾੜੇ 6 ਸਾਲ ਦੀ ਇੱਕ ਬੱਚੀ ਨੂੰ ਚੁੱਕ ਕੇ ਸਕੂਟਰੀ 'ਤੇ ਫਰਾਰ ਹੋਣ ਵਾਲੀ ਜਨਾਨੀ ਅਤੇ ਉਸਦੇ ਸਾਥੀ ਨੂੰ ਪੁਲਸ ਨੇ ਘਟਨਾ ਦੇ ਮਹਿਜ਼ 5 ਘੰਟਿਆਂ ਅੰਦਰ ਹੀ ਧਰ ਦਬੋਚਿਆ। ਪੁਲਸ ਨੇ ਬੱਚੀ ਨੂੰ ਸਹੀ ਸਲਾਮਤ ਬਰਾਮਦ ਕਰਦਿਆਂ ਘਟਨਾ ਨੂੰ ਅੰਜਾਮ ਦੇਣ ਵਾਲੀ ਜਨਾਨੀ ਸਰਬਜੀਤ ਕੌਰ ਵਾਸੀ ਕੱਟੂਵਾਲੀਆ ਤੇ ਉਸਦੇ ਸਾਥੀ ਸਤਨਾਮ ਸਿੰਘ ਵਾਸੀ ਪਿੰਡ ਗੱਗੜਪੁਰ ਖ਼ਿਲਾਫ਼ ਮਾਮਲਾ ਦਰਜ ਕਰਕੇ ਦੋਵੇਂ ਮੁਲਜ਼ਮਾਂ ਨੂੰ ਅਦਾਲਤ ’ਚ ਪੇਸ਼ ਕਰਕੇ 14 ਦਿਨਾਂ ਦਾ ਪੁਲਸ ਰਿਮਾਂਡ ਹਾਸਲ ਕੀਤਾ। ਇਸ ਸਬੰਧੀ ਘਰਾਚੋਂ ਪੁਲਸ ਚੌਂਕੀ ਦੇ ਇੰਚਾਰਜ ਐੱਸ. ਆਈ. ਕ੍ਰਿਪਾਲ ਸਿੰਘ ਨੇ ਦੱਸਿਆ ਕਿ ਪਿੰਡ 'ਚੋਂ ਬੱਚੀ ਦੇ ਅਗਵਾ ਹੋਣ ਦੀ ਸੂਚਨਾ ਮਿਲਦਿਆਂ ਹੀ ਹਰਕਤ 'ਚ ਆਉਂਦਿਆਂ ਸੀ. ਆਈ. ਏ. ਬਹਾਦਰ ਸਿੰਘ ਵਾਲਾ ਦੇ ਇੰਚਾਰਜ ਇੰਸਪੈਕਟਰ ਸਤਨਾਮ ਸਿੰਘ, ਥਾਣਾ ਮੁਖੀ ਭਵਾਨੀਗੜ੍ਹ ਇੰਸਪੈਕਟਰ ਗੁਰਦੀਪ ਸਿੰਘ ਸੰਧੂ ਦੀ ਅਗਵਾਈ 'ਚ ਪੁਲਸ ਪਾਰਟੀ ਨੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਰਿਕਾਰਡਿੰਗ ਖੰਗਾਲਣੀ ਸ਼ੁਰੂ ਕਰ ਦਿੱਤੀ।

ਇਸ ਤੋਂ ਬਾਅਦ ਅਗਵਾ ਕੁੜੀ ਅਮਨਦੀਪ ਕੌਰ ਦੇ ਪਿਤਾ ਗੁਰਜੀਤ ਸਿੰਘ ਤੋਂ ਵੱਖ-ਵੱਖ ਪਹਿਲੂਆਂ ਤੋਂ ਜਾਣਕਾਰੀ ਹਾਸਲ ਕਰਕੇ ਆਪ੍ਰੇਸ਼ਨ ਨੂੰ ਮਹਿਜ 5 ਘੰਟਿਆਂ ਵਿੱਚ ਸਫਲ ਬਣਾਉਂਦਿਆ ਪਿੰਡ ਗੱਗੜਪੁਰ ਵਿਖੇ ਇੱਕ ਘਰ 'ਚ ਛਾਪਾਮਾਰੀ ਕਰਦੇ ਹੋਏ ਮੁਲਜ਼ਮ ਜਨਾਨੀ ਸਰਬਜੀਤ ਕੌਰ ਤੇ ਉਸਦੇ ਸਾਥੀ ਸਤਨਾਮ ਸਿੰਘ ਨੂੰ ਕਾਬੂ ਕੀਤਾ।

ਉਨ੍ਹਾਂ ਕੋਲੋਂ ਕੁੜੀ ਅਮਨਦੀਪ ਕੌਰ ਨੂੰ ਬਰਾਮਦ ਕਰਕੇ ਉਸ ਦੇ ਪਿਤਾ ਹਵਾਲੇ ਕਰ ਦਿੱਤਾ ਗਿਆ ਹੈ। ਐੱਸ. ਆਈ. ਕ੍ਰਿਪਾਲ ਸਿੰਘ ਨੇ ਦੱਸਿਆ ਕਿ ਪੁਲਸ ਨੇ ਗੁਰਜੀਤ ਸਿੰਘ ਦੇ ਬਿਆਨਾਂ ‘ਤੇ ਕਾਰਵਾਈ ਕਰਦਿਆ ਸਰਬਜੀਤ ਕੌਰ ਅਤੇ ਸਤਨਾਮ ਸਿੰਘ ਖ਼ਿਲਾਫ਼ ਥਾਣਾ ਭਵਾਨੀਗੜ੍ਹ ਵਿਖੇ ਪਰਚਾ ਦਰਜ ਕੀਤਾ। ਉਨ੍ਹਾਂ ਦੱਸਿਆ ਕਿ ਪੁਲਸ ਨੇ ਅਦਾਲਤ ’ਚ ਪੇਸ਼ ਕਰਕੇ ਮੁਲਜ਼ਮਾਂ ਨੂੰ 14 ਦਿਨਾਂ ਦਾ ਰਿਮਾਂਡ ’ਤੇ ਲਿਆ।

ਪੰਜਾਬ ’ਚ 3 ਸਾਲਾਂ ’ਚ ਨਸ਼ੇ ਦੀ ਓਵਰਡੋਜ਼ ਕਾਰਨ 195 ਲੋਕ ਮੌਤ ਦੇ ਮੂੰਹ ’ਚ ਗਏ
NEXT STORY