ਅੰਮ੍ਰਿਤਸਰ- ਆਲ ਇੰਡੀਆ ਯੂਥ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਕਿਰਨਬੀਰ ਸਿੰਘ ਕੰਗ ਨੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਅਪੀਲ ਕੀਤੀ ਹੈ ਕਿ ਰਾਜਨੀਤਕ ਆਗੂ ਆਪਣੇ ਕੁਕਰਮਾਂ ਨੂੰ ਬਖਸ਼ਾਉਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਆਪਣੇ ਰਾਜਨੀਤਕ ਹਿੱਤਾਂ ਲਈ ਸ਼ਾਮਲ ਕਰਨ ਆ ਰਹੇ ਹਨ ਅਤੇ ਅਕਾਲ ਤਖ਼ਤ ਦੀ ਮਾਣ ਮਰਿਯਾਦਾ ਨੂੰ ਵੀ ਸਵਾਲਾਂ ਦੇ ਘੇਰੇ 'ਚ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਨ। ਜਿਹੜੇ ਇਨ੍ਹਾਂ ਕੁਕਰਮਾਂ ਵਿਚ ਭਾਈਵਾਲ ਅਕਾਲੀ ਨੇਤਾ ਖੋਟੇ ਸਿੱਕੇ ਸਾਬਤ ਹੋ ਚੁਕੇ ਹਨ, ਉਹ ਕਿਸੇ ਵੀ ਤਰ੍ਹਾਂ ਦੀ ਮੁਆਫੀ ਦੇ ਹੱਕਦਾਰ ਨਹੀਂ ਹਨ। ਇਨ੍ਹਾਂ ਨੂੰ ਗੁਰੂ ਘਰ ਦੇ ਲੰਗਰਾਂ ਵਿੱਚ ਭਾਂਡੇ ਮਾਂਜਣ ਵਰਗੀ ਛੋਟੀ ਸਜ਼ਾ ਦੇ ਕੇ ਇਹਨਾਂ ਦੀ ਭੁਲ ਬਖਸ਼ਣਾ, ਸਿੱਖ ਸੰਗਤਾਂ ਦੇ ਗੁੱਸੇ ਨੂੰ ਠੰਡਾ ਨਹੀਂ ਕਰ ਪਾਵੇਗੀ ਅਤੇ ਇਹ ਗੁਰ ਮਰਿਯਾਦਾ ਦੀ ਘੋਰ ਉਲੰਘਣਾ ਹੋਵੇਗੀ।
ਉਨ੍ਹਾਂ ਜਥੇਦਾਰ ਸਾਹਿਬ ਨੂੰ ਅਪੀਲ ਕੀਤੀ ਕਿ ਇਸ ਲਈ ਕੋਈ ਇਤਿਹਾਸਕ ਫੈਸਲਾ ਲੈ ਕੇ ਇਸ ਸੰਸਥਾ ਦੇ ਮਹਾਨ ਜਰਨੈਲ ਜਥੇਦਾਰ ਅਕਾਲੀ ਫੂਲਾ ਸਿੰਘ ਜੀ ਦਾ ਇਤਿਹਾਸ ਦੁਹਰਾ ਕੇ ਸਿਖ ਕੌਮ ਦੇ ਮਾਣ ਮੱਤੇ ਇਤਿਹਾਸ ਵਿੱਚ ਇਕ ਸਤਿਕਾਰਯੋਗ ਸਥਾਨ ਬਣਾ ਜਾਉ। ਇਹ ਸ਼੍ਰੀ ਗੁਰੂ ਰਾਮਦਾਸ ਜੀ ਦੀ ਕਿਰਪਾ ਨਾਲ ਤੂਹਾਨੂੰ ਇਤਿਹਾਸ ਵਿਚ ਦਰਜ ਹੋਣ ਦਾ ਇਕ ਸੁਨਹਿਰੀ ਮੌਕਾ ਮਿਲਿਆ ਹੈ।
ਆਲ ਇੰਡੀਆ ਯੂਥ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਕਿਰਨਬੀਰ ਸਿੰਘ ਕੰਗ ਨੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਜੋ ਚਿੱਠੀ ਲਿਖੀ ਹੈ, ਉਸ 'ਚ ਉਨ੍ਹਾਂ ਲਿਖਿਆ-
''ਸਤਿਕਾਰ ਯੋਗ ਸਿੰਘ ਸਾਹਿਬ ਜੀਉ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।
ਜਿਵੇਂ ਕਿ ਅਸੀਂ ਸਭ ਜਾਣਦੇ ਹਾਂ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਬੁਨਿਆਦ ਮੀਰੀ ਪੀਰੀ ਦੇ ਮਾਲਿਕ ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਜ਼ੁਲਮ, ਅਨਿਆਂ, ਝੂਠ ਫਰੇਬ ਅਤੇ ਰਾਜਨੀਤਕ ਪ੍ਰਤੀਰੋਧ ਨੂੰ ਠੱਲ ਪਾਉਣ ਲਈ ਗਹਿਰੀ ਸੋਚ ਵਿਚਾਰ ਤੋਂ ਬਾਅਦ ਰੱਖੀ ਸੀ। ਸ੍ਰੀ ਅਕਾਲ ਤਖ਼ਤ ਸਾਹਿਬ ਪਿਛਲੇ ਤਕਰੀਬਨ ਸਵਾ ਚਾਰ ਸੌ ਸਾਲਾਂ ਵਿੱਚ ਛੇਵੇਂ ਪਾਤਸ਼ਾਹ ਜੀ ਦੇ ਆਸ਼ਿਆਂ 'ਤੇ ਚਲਦੇ ਹੋਏ ਰਾਜਨੀਤਕ ਅਤੇ ਸਿਆਸੀ ਮੁਆਸ਼ਰਿਆ ਵਿੱਚ ਸੌੜੇ ਸਵਾਰਥਾਂ ਤੋਂ ਉਪਰ ਉਠ ਕੇ ਇਕ ਉਚ ਇਖਲਾਕ ਦੇ ਪ੍ਰਤੀਕ ਵੱਜੋਂ ਉਭਰ ਕੇ ਸਿਖ ਸੰਗਤਾਂ ਦੇ ਸਨਮੁੱਖ ਸਥਾਪਤ ਹੋਇਆ ਹੈ।
ਪਰ ਅੱਜ ਬੜੇ ਅਫਸੋਸ ਅਤੇ ਦੁਖ ਦੀ ਗੱਲ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ, ਪ੍ਰਗਟ ਗੁਰਾਂ ਕੀ ਦੇਹ ਜਿਸ ਨੂੰ ਸਾਡੇ ਦੇਸ਼ ਦੀ ਦੁਨਿਆਵੀ ਸਰਵੋਤਮ ਅਦਾਲਤ ਸੁਪਰੀਮ ਕੋਰਟ ਨੇ ਵੀ ਲਿਵਿੰਗ ਗੁਰੂ ਸਰੂਪ ਮੰਨਿਆਂ ਹੋਵੇ, ਉਪਰ ਘਾਤਕ ਹਮਲਾ ਅਤੇ ਘੋਰ ਨਿਰਾਦਰੀ ਦੇ ਹਿਰਦੈ ਵੇਧਕ ਸਾਕਿਆਂ ਲਈ ਜ਼ਿਮੇਵਾਰ ਗੁਰੂ ਗ੍ਰੰਥ ਅਤੇ ਗੁਰੂ ਪੰਥ ਦੋਖੀਆਂ ਨਾਲ ਅਕਾਲੀ ਲੀਡਰਾਂ ਦੀ ਨਿਜੀ ਲਾਭ ਖੁਦਗਰਜ਼ ਸਾਂਝ/ ਭਾਈਵਾਲੀ, ਇਖਲਾਕ ਤੋਂ ਗਿਰਿਆ, ਉਹ ਅਤਿ ਨੀਚੁ ਵਰਤਾਰਾ ਹੈ, ਜੋ ਗੁਰੂ ਆਸ਼ੇ, ਗੁਰਮਰਯਾਦਾ, ਗੁਰਇਤਿਹਾਸ ਅਤੇ ਗੁਰੂ ਕੀ ਨਿੰਦਾ ਸੁਣੇ ਨਾ ਕਾਨ, ਭੇਟ ਕਰੋ ਤਿਸ ਸੰਗਿ ਕਿਰਪਾਨ, ਦੇ ਰਹਿਤਨਾਮੇ ਅਨੂਸਾਰ, ਹਰਗਿਜ ਮੂਆਫੀ ਯੋਗ ਨਹੀਂ ਹੈ। ਤ੍ਰਾਸਦੀ ਇਹ ਕਿ ਇਹ ਘਟਨਾਵਾਂ ਉਸ ਅਕਾਲੀ ਸਰਕਾਰ ਦਰਮਿਆਨ, ਪੰਥ ਦੋਖੀਆਂ ਵੱਲੋਂ ਚੈਲੇਂਜ ਕਰ ਕੇ ਕੀਤੀਆਂ ਗਈਆਂ, ਜੋ ਆਪਣੇ ਆਪ ਨੂੰ ਸਿਖ ਪੰਥ ਦੇ ਕਸਟੋਡੀਅਨ ਮੰਨਦੇ ਹਨ।
ਹਰਿ ਕਾ ਏਕੁ ਅਚੰਭਉ ਦੇਖਿਆ ਮੇਰੇ ਲਾਲ ਜੀਉ ਜੋ ਕਰੇ ਸੁ ਧਰਮ ਨਿਆਏ ਰਾਮ ਦੇ ਗੁਰਬਾਣੀ ਸ਼ਬਦ ਅਨੁਸਾਰ, ਇਸ ਸਮੇਂ ਸਾਰੇ ਅਕਾਲੀ ਨੇਤਾ ਆਪਣੇ ਹੀ ਕੁਕਰਮਾਂ ਦੇ ਫਲ ਵੱਜੋਂ, ਉਸ ਗੁਰੂ ਦੇ ਕੁਦਰਤੀ ਇਨਸਾਫ਼ ਰਾਹੀਂ, ਸਿਖ ਸੰਗਤ ਵੱਲੋਂ ਪਿਛਲੇ ਸਮੇਂ ਹੋਈਆਂ ਇਲੈਕਸ਼ਨਾਂ ਰਾਹੀਂ, ਇਨ੍ਹਾਂ ਵਰਤਾਰਿਆਂ ਪ੍ਰਤੀ, ਇਹਨਾਂ ਅਕਾਲੀ ਲੀਡਰਾਂ ਪ੍ਰਤੀ ਗੁਸੇ ਦੇ ਇਜ਼ਹਾਰ ਨਾਲ, ਸਿੱਖ ਸੰਗਤ ਅਤੇ ਗੁਰੂ ਦੀ ਮਾਰ ਝੱਲ ਰਹੇ ਹਨ। ਗੁਰੂ ਸਾਹਿਬ ਇਹਨਾਂ ਨੂੰ ਸਜ਼ਾ ਦੇ ਰਹੇ ਹਨ।
ਹੁਣ ਇਹ ਆਪਣੇ ਇਹਨਾਂ ਕੁਕਰਮਾਂ ਦੀ ਭੁਲ ਬਖਸ਼ਾਉਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਆਪਣੇ ਰਾਜਨੀਤਕ ਹਿੱਤਾਂ ਲਈ ਸ਼ਾਮਲ ਕਰਨ ਆ ਰਹੇ ਹਨ ਅਤੇ ਅਕਾਲ ਤਖ਼ਤ ਦੀ ਮਾਣ ਮਰਿਯਾਦਾ ਨੂੰ ਵੀ ਸਵਾਲਾਂ ਦੇ ਘੇਰੇ ਚ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਨ। ਇਹਨਾਂ ਨੂੰ ਗੁਰੂ ਘਰ ਦੇ ਲੰਗਰਾਂ ਵਿੱਚ ,ਭਾਂਡੇ ਮਾਂਝਣ ਵਰਗੀ ਛੋਟੀ ਸਜ਼ਾ ਵਰਗੀ ਤਨਖਾਹ ਲਗਾ ਕੇ, ਇਹਨਾਂ ਦੀ ਭੁਲ ਬਖਸ਼ਣਾ, ਸਿੱਖ ਸੰਗਤ ਵੱਲੋਂ ਸਮੇਂ ਸਮੇਂ ਜ਼ਾਹਰ ਕੀਤੇ ਜਾ ਰਹੇ ਗੁਸੇ ਨੂੰ ਠੰਡਾ ਨਹੀਂ ਕਰ ਪਾਵੇਗੀ ਅਤੇ ਇਹ ਗੁਰ ਮਰਿਯਾਦਾ ਦੀ ਘੋਰ ਉਲੰਘਣਾਂ ਹੋਵੇਗੀ ਕਿਉਂਕਿ ਸਿਰਸੇ ਵਾਲੇ ਸਾਧ ਦੀ ਮੂਆਫੀ, ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ, ਜੋ ਇਕ ਕਤਲ ਨਾਲੋਂ ਵੀ ਵੱਡਾ ਗੁਨਾਹ ਹੈ, ਬਰਗਾੜੀ ਕਾਂਡ, ਸਿੰਘਾਂ ਦੀਆਂ ਸ਼ਹਾਦਤਾਂ ਤੇ ਕਥਿਤ ਅਕਾਲੀ ਸਰਕਾਰ ਵੱਲੋਂ ਮੂਕ ਦਰਸ਼ਕ ਬਣ ਕੇ ਬੈਠੇ ਰਹਿਣਾ ਅਤੇ ਅਕਾਲੀ ਸਰਕਾਰ ਵਿੱਚ ਉਹਨਾਂ ਪੰਥ ਦੋਖੀ ਅਫਸਰਾਂ ਨੂੰ ਹੋਰ ਉਚੇ ਅਹੁਦਿਆਂ ਤੇ ਨਿਵਾਜਣਾ, ਜਿਨਾਂ ਨੇ ਗੁਰੂ ਪਰਵਾਰਾਂ ਦੇ ਨਿਰਦੋਸ਼ ਬੱਚੇ ਕੋਹ ਕੋਹ ਕੇ ਸ਼ਹੀਦ ਕੀਤੇ ਹੋਣ, ਬਹੁਤ ਵੱਡੇ, ਨਾ ਮੁਆਫ਼ ਕਰਨ ਯੋਗ, ਘੋਰ ਪਾਪ ਤੇ ਅਪਰਾਧ ਹਨ। ਹੁਣ ਇਹ ਸਵਾਲ ਪੈਦਾ ਹੁੰਦਾ ਹੈ ਕਿ ਸਿੱਖ ਕੌਮ ਦੀ ਕਸਟੋਡੀਅਨ ਕਹਾਉਣ ਵਾਲੀ ਸਰਕਾਰ ਦੇ ਇਹਨਾਂ ਕਥਿਤ ਅਕਾਲੀ ਸਰਬਰਾਹਾਂ ਨੂੰ ਧਰਮ ਦੀ ਕਿਸ ਮਰਿਯਾਦਾ ਦਾ ਆਸਰਾ ਲੈ ਕੇ ਮੁਆਫ਼ ਕੀਤਾ ਜਾ ਸਕਦਾ ਹੈ?
ਸਤਿਕਾਰ ਯੋਗ ਸਿੰਘ ਸਾਹਿਬ ਜੀ, ਹੁਣ ਪੰਥ ਦੀਆਂ ਨਜ਼ਰਾਂ, ਇਹਨਾਂ ਪੰਥ ਦੋਖੀਆਂ ਖਿਲਾਫ ਆਪ ਜੀ ਵੱਲੋਂ ਲਏ ਜਾਣ ਵਾਲੇ ਫੈਸਲੇ ਤੇ ਟਿਕੀਆ ਹੋਈਆਂ ਹਨ।
ਗੁਰਬਾਣੀ ਸ਼ਬਦ, ਖੋਟੇ ਠਉਰ ਨ ਪਾਇਨੀ ਖਰੇ ਖਜਾਨੈ ਪਾਏ, ਦੇ ਮਹਾਵਾਕ ਅਨੁਸਾਰ, ਬੇਨਤੀ ਹੀ ਕਰ ਸਕਦੇ ਹਾਂ ਕਿ ਜਿਹੜੇ ਇਹਨਾਂ ਕੁਕਰਮਾਂ ਵਿਚ ਭਾਈਵਾਲ ਅਕਾਲੀ ਨੇਤਾ ਖੋਟੇ ਸਿੱਕੇ, ਸਾਬਤ ਹੋ ਚੁਕੇ ਹਨ, ਉਹ ਤਨਖਾਹਾਂ ਲਗਾ ਕੇ ਹਰਗਿਜ ਵੀ ਖਰੇ ਨਹੀਂ ਕੀਤੇ ਜਾ ਸਕਦੇ ਅਤੇ ਇਹ ਕਿਸੇ ਵੀ ਤਰਾਂ ਦੀ ਮੁਆਫੀ ਦੇ ਹੱਕਦਾਰ ਨਹੀਂ ਹਨ। ਇਸ ਲਈ ਇਹਨਾਂ ਨੂੰ ਰਹਿੰਦੀ ਆਯੂ ਲਈ, ਸਿਖ ਕੌਮ ਦੀ ਅਗਵਾਈ ਦੀ ਕਿਸੇ ਵੀ ਧਾਰਮਿਕ ਅਤੇ ਰਾਜਨੀਤਿਕ ਜ਼ਿਮੇਵਾਰੀ ਤੋਂ ਲਾਂਭੇ ਹੋ ਜਾਣ ਦਾ ਹੁਕਮ ਦੇਣਾ ਹੀ, ਗੁਰੂ ਆਸ਼ੇ ਤੇ ਗੁਰਮਰਯਾਦਾ ਦੇ ਅਨੁਕੂਲ ਅਤੇ ਸੰਗਤ ਦੇ ਮੰਨਣ ਯੋਗ ਹੋਵੇਗਾ।
ਇਸ ਲਈ ਕੋਈ ਇਤਿਹਾਸਕ ਫੈਸਲਾ ਲੈ ਕੇ, ਇਸ ਸੰਸਥਾ ਦੇ ਮਹਾਨ ਜਰਨੈਲ ਜਥੇਦਾਰ ਅਕਾਲੀ ਫੂਲਾ ਸਿੰਘ ਜੀ ਦਾ ਇਤਿਹਾਸ ਦੁਹਰਾ ਕੇ, ਸਿਖ ਕੌਮ ਦੇ ਮਾਣ ਮੱਤੇ ਇਤਿਹਾਸ ਵਿੱਚ ਇਕ ਸਤਿਕਾਰ ਯੋਗ ਸਥਾਨ ਬਣਾ ਜਾਉ। ਇਹ ਸ੍ਰੀ ਗੁਰੂ ਰਾਮਦਾਸ ਜੀ ਦੀ ਕਿਰਪਾ ਨਾਲ ਤੂਹਾਨੂੰ ਇਤਿਹਾਸ ਵਿਚ ਦਰਜ ਹੋਣ ਦਾ ਇਕ ਸੁਨਹਿਰੀ ਮੌਕਾ ਮਿਲਿਆ ਹੈ। ਅਸੀਂ ਇਹ ਵੀ ਬੇਨਤੀ ਕਰਦੇ ਹਾਂ ਕਾ ਸ੍ਰੀ ਗੁਰੂ ਰਾਮਦਾਸ ਜੀ ਅਤੇ ਮੀਰੀ ਪੀਰੀ ਦੇ ਮਾਲਕ, ਮਹਾਨ ਯੋਧਾ ਸਾਹਿਬ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ, ਅਜਿਹਾ ਫੈਸਲਾ ਲੈਣ ਲਈ, ਆਪ ਸਹਾਈ ਹੋ ਕੇ, ਤੁਹਾਨੂੰ ਹਿੰਮਤ ਤੇ ਹੌਸਲਾ ਬਖਸ਼ਣ ਜੀ।''
ਗੁਰੂ ਪੰਥ ਦਾ ਦਾਸ
ਕਿਰਨਬੀਰ ਸਿੰਘ ਕੰਗ
ਸਾਬਕਾ ਪ੍ਰਧਾਨ ਆਲ ਇੰਡੀਆ ਯੂਥ ਅਕਾਲੀ ਦਲ
![PunjabKesari](https://static.jagbani.com/multimedia/05_07_112719344sri akal takht sahib_084259_page-0001-ll.jpg)
![PunjabKesari](https://static.jagbani.com/multimedia/05_07_115687853sri akal takht sahib_084259_page-0002-ll.jpg)
ਅੱਜ ਪੇਸ਼ ਕੀਤਾ ਜਾਵੇਗਾ ਕੇਂਦਰੀ ਬਜਟ, ਰਿਆਇਤਾਂ 'ਤੇ ਟਿਕੀਆਂ ਉਦਯੋਗ ਜਗਤ ਦੀਆਂ ਨਜ਼ਰਾਂ
NEXT STORY