ਚੰਡੀਗੜ੍ਹ (ਪਾਲ) : ਨਵੇਂ ਸਾਲ ’ਤੇ ਲੋਕਾਂ ਨੂੰ ਕੜਾਕੇ ਦੀ ਠੰਡ ਦਾ ਅਲਰਟ ਮੌਸਮ ਵਿਭਾਗ ਨੇ ਦੇ ਦਿੱਤਾ ਹੈ। ਸਾਲ ਦਾ ਆਖਰੀ ਦਿਨ ਸੀਜ਼ਨ ਦਾ ਸਭ ਤੋਂ ਠੰਡਾ ਦਿਨ ਰਿਕਾਰਡ ਹੋਇਆ। ਤਾਪਮਾਨ ’ਚ 7 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਵੱਧ ਤੋਂ ਵੱਧ ਤਾਪਮਾਨ 12.4 ਡਿਗਰੀ ਦਰਜ ਕੀਤਾ ਗਿਆ। ਘੱਟੋ-ਘੱਟ ਤਾਪਮਾਨ 3 ਡਿਗਰੀ ਹੇਠਾਂ ਡਿੱਗ ਕੇ 9.7 ਡਿਗਰੀ ਦਰਜ ਕੀਤਾ ਗਿਆ। ਚੰਡੀਗੜ੍ਹ ਮੌਸਮ ਵਿਗਿਆਨ ਕੇਂਦਰ ਦੇ ਡਾਇਰੈਕਟਰ ਏ. ਕੇ. ਸਿੰਘ ਅਨੁਸਾਰ ਕਈ ਥਾਵਾਂ ’ਤੇ ਜ਼ਿਆਦਾ ਠੰਡੇ ਦਿਨ ਦੇਖੇ ਜਾ ਰਹੇ ਹਨ। ਅਜਿਹੇ ’ਚ ਅਸੀਂ ਰੈੱਡ ਅਲਰਟ ਨੂੰ ਅਗਲੇ ਤਿੰਨ ਤੋਂ ਚਾਰ ਦਿਨਾਂ ਲਈ ਵਧਾ ਦਿੱਤਾ ਹੈ। ਚੰਡੀਗੜ੍ਹ ਦੀ ਗੱਲ ਕਰੀਏ ਤਾਂ ਨਵੇਂ ਸਾਲ ਨਾਲ ਲੋਕਾਂ ਨੂੰ ਕੜਾਕੇ ਦੀ ਠੰਡ ਦਾ ਸਾਹਮਣਾ ਕਰਨਾ ਪਵੇਗਾ। ਲਗਾਤਾਰ ਧੁੰਦ ਕਾਰਨ ਧੁੱਪ ਨਹੀਂ ਨਿਕਲ ਰਹੀ, ਜਿਸ ਕਾਰਨ ਦਿਨ ਦਾ ਤਾਪਮਾਨ ਘਟਦਾ ਜਾ ਰਿਹਾ ਹੈ। ਆਉਣ ਵਾਲੇ ਦਿਨਾਂ ’ਚ ਤਾਪਮਾਨ ’ਚ ਹੋਰ ਗਿਰਾਵਟ ਆਵੇਗੀ। ਚੰਡੀਗੜ੍ਹ ਹੀ ਨਹੀਂ, ਪੰਜਾਬ ਅਤੇ ਹਰਿਆਣਾ ਵੀ ਧੁੰਦ ਦੀ ਚਾਦਰ ’ਚ ਲਿਪਟੇ ਰਹਿਣਗੇ। ਲੰਬੀ ਭਵਿੱਖਬਾਣੀ ’ਤੇ ਨਜ਼ਰ ਮਾਰੀਏ ਤਾਂ ਅਗਲੇ 4-5 ਦਿਨਾਂ ’ਚ ਕੋਈ ਰਾਹਤ ਮਿਲਦੀ ਨਜ਼ਰ ਨਹੀਂ ਆ ਰਹੀ। 5 ਦਿਨਾਂ ਬਾਅਦ ਰਾਜਸਥਾਨ ਦੇ ਨਾਲ ਲੱਗਦੇ ਹਰਿਆਣਾ ਦੇ ਕੁਝ ਇਲਾਕਿਆਂ ’ਚ ਧੁੰਦ ਥੋੜ੍ਹੀ ਘਟ ਸਕਦੀ ਹੈ। ਲੰਬਾ ਪੂਰਵ ਅਨੁਮਾਨ 5 ਦਿਨਾਂ ਤਕ ਹੈ। ਅਸੀਂ ਲਗਾਤਾਰ ਮੌਸਮ ਦੀ ਨਿਗਰਾਨੀ ਕਰ ਰਹੇ ਹਾਂ ਅਤੇ ਚਿਤਾਵਨੀਆਂ ਵਧਾ ਰਹੇ ਹਾਂ।
ਇਹ ਵੀ ਪੜ੍ਹੋ : ਮੁੱਖ ਮੰਤਰੀ ਦੇ ਵਿਸ਼ੇਸ਼ ਮੁੱਖ ਸਕੱਤਰ ਵਜੋਂ ਅਹੁਦਾ ਸੰਭਾਲਣ ਤੋਂ ਬਾਅਦ ਪਹਿਲਾ ਬਿਆਨ ਆਇਆ ਸਾਹਮਣੇ
ਸਵੇਰੇ 5.30 ਵਜੇ 100 ਵਿਜ਼ੀਬਿਲਟੀ ਰਿਕਾਰਡ
ਐਤਵਾਰ ਸਵੇਰ ਤੋਂ ਹੀ ਸ਼ਹਿਰ ’ਚ ਧੁੰਦ ਛਾਈ ਹੋਈ ਸੀ। ਸਵੇਰੇ 5.30 ਵਜੇ 100 ਮੀਟਰ ਵਿਜ਼ੀਬਿਲਟੀ ਰਿਕਾਰਡ ਕੀਤੀ ਗਈ, ਜਦਕਿ ਸਵੇਰੇ 8.30 ਵਜੇ 150 ਮੀਟਰ ਦਰਜ ਕੀਤੀ ਗਈ। ਕੇਂਦਰ ਨੇ ਅਗਲੇ ਦੋ ਦਿਨਾਂ ਲਈ ਰੈੱਡ ਅਲਰਟ ਜਾਰੀ ਕੀਤਾ ਹੈ, ਜਦਕਿ 2 ਤੋਂ 4 ਜਨਵਰੀ ਲਈ ਯੈਲੋ ਅਲਰਟ ਦਿੱਤਾ ਗਿਆ ਹੈ। ਕੇਂਦਰ ਅਨੁਸਾਰ ਅਗਲੇ ਦੋ ਦਿਨਾਂ ਲਈ ਵੱਧ ਤੋਂ ਵੱਧ ਤਾਪਮਾਨ 13 ਡਿਗਰੀ ਅਤੇ ਘੱਟੋ-ਘੱਟ 10 ਡਿਗਰੀ ਜਾਂ 9 ਡਿਗਰੀ ਦੇ ਆਸਪਾਸ ਰਹਿ ਸਕਦਾ ਹੈ।
ਇਹ ਵੀ ਪੜ੍ਹੋ : ਮੁੱਖ ਮੰਤਰੀ ਵੱਲੋਂ ਸਾਲ 2024 ਦਾ ਪੰਜਾਬ ਸਰਕਾਰ ਦਾ ਕੈਲੰਡਰ ਅਤੇ ਡਾਇਰੀ ਜਾਰੀ
ਕਿਸ ਤਰ੍ਹਾਂ ਦੇ ਰਹਿ ਸਕਦੇ ਹਨ ਅਗਲੇ ਤਿੰਨ ਦਿਨ
► ਸੋਮਵਾਰ ਬੱਦਲ ਛਾਏ ਰਹਿਣ ਦੇ ਨਾਲ-ਨਾਲ ਸਵੇਰੇ-ਸ਼ਾਮ ਧੁੰਦ, ਵੱਧ ਤੋਂ ਵੱਧ ਤਾਪਮਾਨ 13 ਡਿਗਰੀ ਤੇ ਘੱਟੋ-ਘੱਟ 10 ਡਿਗਰੀ ਰਹਿ ਸਕਦਾ ਹੈ।
► ਮੰਗਲਵਾਰ ਹਲਕੇ ਬੱਦਲ ਛਾਏ ਰਹਿਣ ਦੀ ਸੰਭਾਵਨਾ ਹੈ। ਸਵੇਰ ਅਤੇ ਸ਼ਾਮ ਨੂੰ ਧੁੰਦ, ਵੱਧ ਤੋਂ ਵੱਧ ਤਾਪਮਾਨ 13 ਡਿਗਰੀ ਤੇ ਘੱਟੋ-ਘੱਟ 9 ਡਿਗਰੀ ਰਹਿ ਸਕਦਾ ਹੈ।
► ਬੁੱਧਵਾਰ ਆਸਮਾਨ ਸਾਫ ਰਹਿਣ, ਸਵੇਰੇ-ਸ਼ਾਮ ਧੁੰਦ, ਵੱਧ ਤੋਂ ਵੱਧ ਤਾਪਮਾਨ 15 ਡਿਗਰੀ ਤੇ ਘੱਟੋ-ਘੱਟ 9 ਡਿਗਰੀ ਰਹਿ ਸਕਦਾ ਹੈ।
ਇਹ ਵੀ ਪੜ੍ਹੋ : ਧੁੰਦ ਦਾ ਕਹਿਰ ਜਾਰੀ, ਟ੍ਰੇਨਾਂ ਵੀ ਧੁੰਦ ਕਾਰਨ ਹੋਈਆਂ ਲੇਟ, ਅਥਾਰਟੀ ਨੇ ਜਾਰੀ ਕੀਤਾ ਹੁਕਮ
‘ਜਗ ਬਾਣੀ’ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਧੁੰਦ ਦਾ ਕਹਿਰ ਜਾਰੀ, ਟ੍ਰੇਨਾਂ ਵੀ ਧੁੰਦ ਕਾਰਨ ਹੋਈਆਂ ਲੇਟ, ਅਥਾਰਟੀ ਨੇ ਜਾਰੀ ਕੀਤਾ ਹੁਕਮ
NEXT STORY