ਕੋਟਕਪੂਰਾ (ਨਰਿੰਦਰ) : ਬੀਤੀ ਸ਼ਾਮ ਦੋ ਨੌਜਵਾਨਾਂ ਵਲੋਂ ਆਪਣੇ ਮਾਮੇ ਦੇ ਪੁੱਤਰ ਨੂੰ ਨੇੜਲੇ ਪਿੰਡ ਪੰਜਗਰਾਈ ਕਲਾਂ ਵਿਖੇ ਰਜਬਾਹੇ 'ਚ ਸੁੱਟਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ, ਜਿਸ ਕਾਰਨ ਉਕਤ ਨੌਜਵਾਨ ਦੀ ਮੌਤ ਹੋ ਗਈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੰਜਗਰਾਈ ਕਲਾਂ ਚੌਂਕੀ ਦੇ ਇੰਚਾਰਜ ਏ. ਐੱਸ. ਆਈ. ਬਲਦੇਵ ਸਿੰਘ ਨੇ ਦੱਸਿਆ ਕਿ ਰਾਜਵਿੰਦਰ ਸਿੰਘ ਤੇ ਸੰਦੀਪ ਕੁਮਾਰ ਦੋਵੇਂ ਵਾਸੀ ਬਰਗਾੜੀ ਆਪਣੇ ਮਾਮੇ ਦੇ ਪੁੱਤਰ ਰਾਜਵੀਰ ਸਿੰਘ (19) ਪੁੱਤਰ ਕ੍ਰਿਸ਼ਨ ਕੁਮਾਰ ਵਾਸੀ ਸਿਰਸੜੀ ਨੂੰ ਆਪਣੇ ਮੋਟਰਸਾਈਕਲ 'ਤੇ ਪਿੰਡ ਛੱਡਣ ਆ ਰਹੇ ਸਨ ਕਿ ਸ਼ਾਮ 6:30 ਵਜੇ ਦੇ ਕਰੀਬ ਜਦ ਉਹ ਮੱਲਕੇ ਵਾਲੀ ਸੜਕ ਤੋਂ ਹੁੰਦੇ ਹੋਏ ਪੁਲ ਸੁਆ ਪੰਜਗਰਾਈ ਕਲਾਂ ਪੁੱਜੇ ਤਾਂ ਕਿਸੇ ਗੱਲ ਨੂੰ ਹੋਏ ਝਗੜੇ ਤੋਂ ਬਾਅਦ ਰਾਜਵਿੰਦਰ ਤੇ ਸੰਦੀਪ ਕੁਮਾਰ ਨੇ ਰਾਜਵੀਰ ਸਿੰਘ ਦੀ ਕੁੱਟਮਾਰ ਕਰਨ ਤੋਂ ਬਾਅਦ ਉਸ ਨੂੰ ਰਜਬਾਹੇ 'ਚ ਧੱਕਾ ਦੇ ਕੇ ਸੁੱਟ ਦਿੱਤਾ, ਜਿਸ ਕਾਰਨ ਉਹ ਡੁੱਬ ਗਿਆ ਤੇ ਉਸ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਇਸ ਸਬੰਧ 'ਚ ਮ੍ਰਿਤਕ ਦੇ ਪਿਤਾ ਕ੍ਰਿਸ਼ਨ ਕੁਮਾਰ ਪੁੱਤਰ ਪ੍ਰੇਮ ਕੁਮਾਰ ਵਾਸੀ ਸਿਰਸੜੀ ਦੇ ਬਿਆਨਾਂ 'ਤੇ ਦੋਵਾਂ ਖਿਲਾਫ ਆਈ. ਪੀ. ਸੀ. ਦੀ ਧਾਰਾ 304, 34 ਤਹਿਤ ਮਾਮਲੇ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਨੂੰ ਵਾਰਸਾਂ ਦੇ ਹਵਾਲੇ ਕਰ ਦਿੱਤਾ ਗਿਆ।
ਇਸ ਸਬੰਧੀ ਮ੍ਰਿਤਕ ਦੇ ਪਿਤਾ ਕ੍ਰਿਸ਼ਨ ਕੁਮਾਰ ਨੇ ਦੱਸਿਆ ਕਿ ਉਹ ਆਪਣੇ ਭਾਣਜੇ ਦੇ ਵਿਆਹ 'ਚ ਸ਼ਾਮਲ ਹੋਣ ਲਈ ਪਿੰਡ ਬਰਗਾੜੀ ਗਏ ਸਨ ਤੇ ਇਸ ਦੌਰਾਨ ਭਾਣਜੇ ਦੇ ਸ਼ਗਨ ਤੋਂ ਬਾਅਦ ਉਸ ਦੇ ਲੜਕੇ ਨੇ ਘਰ ਜਾਣ ਦੀ ਜਿੱਦ ਕੀਤੀ ਤਾਂ ਉਸਨੇ ਆਪਣੇ ਭਾਣਜਿਆਂ ਰਾਜਵਿੰਦਰ ਅਤੇ ਸੰਦੀਪ ਕੁਮਾਰ ਦੇ ਨਾਲ ਉਸ ਨੂੰ ਮੋਟਰਸਾਈਕਲ 'ਤੇ ਭੇਜ ਦਿੱਤਾ। ਉਸਨੇ ਦੱਸਿਆ ਕਿ ਰਸਤੇ 'ਚ ਰਾਜਵੀਰ ਦੀ ਆਪਣੇ ਭੂਆ ਦੇ ਲੜਕਿਆਂ ਰਾਜਵਿੰਦਰ ਅਤੇ ਸੰਦੀਪ ਨਾਲ ਕਿਸੇ ਗੱਲ ਨੂੰ ਲੈ ਕੇ ਤਕਰਾਰ ਹੋ ਗਈ, ਜਿਸ ਦੇ ਚੱਲਦਿਆਂ ਉਨ੍ਹਾਂ ਦੋਵਾਂ ਨੇ ਰਾਜਵੀਰ ਨਾਲ ਕੁੱਟਮਾਰ ਕਰਕੇ ਉਸ ਨੂੰ ਰਜਬਾਹੇ 'ਚ ਸੁੱਟ ਦਿੱਤਾ ਤੇ ਰਾਜਵੀਰ ਸਿੰਘ ਦੀ ਪਾਣੀ 'ਚ ਡੁੱਬਣ ਕਾਰਨ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਣ 'ਤੇ ਡੀ. ਐੱਸ. ਪੀ. ਕੋਟਕਪੂਰਾ ਮਨਵਿੰਦਰਬੀਰ ਸਿੰਘ ਅਤੇ ਐੱਸ. ਐੱਚ. ਓ. ਥਾਣਾ ਸਦਰ ਇੰਸਪੈਕਟਰ ਮੁਖਤਿਆਰ ਸਿੰਘ ਮੌਕੇ 'ਤੇ ਪੁੱਜੇ ਤੇ ਆਪਣੀ ਨਿਗਰਾਨੀ ਹੇਠ ਤਫਤੀਸ਼ ਕਰਵਾਈ।
ਨਸ਼ਿਆਂ ਵਿਰੁੱਧ ਸੜਕਾਂ 'ਤੇ ਉੱਤਰੇ 'ਆਪ' ਵਰਕਰ
NEXT STORY