ਜਗਰਾਓਂ (ਰਾਜ) : ਜਗਰਾਓਂ ਦੇ ਮੁਹੱਲਾ ਗੁਰੂ ਨਾਨਕ ਨਗਰ ਦੀ ਰਹਿਣ ਵਾਲੀ ਕੁਲਵੰਤ ਕੌਰ ਆਪਣੇ ਨਾਲ ਹੋਏ ਤਸ਼ੱਦਦ ਲਈ ਪਿਛਲੇ 16 ਸਾਲਾਂ ਤੋਂ ਇਨਸਾਫ਼ ਦੀ ਰਾਹ ਤੱਕ ਰਹੀ ਸੀ। ਉਸ ਨੂੰ ਇਨਸਾਫ਼ ਤਾਂ ਨਹੀਂ ਮਿਲਿਆ ਪਰ ਬੀਤੀ ਸ਼ਾਮ ਉਸ ਦੇ ਸਾਹਾਂ ਦੀ ਡੋਰ ਟੁੱਟ ਗਈ। ਕੁਲਵੰਤ ਕੌਰ ਦੇ ਭਰਾ ਮਾਸਟਰ ਇਕਬਾਲ ਸਿੰਘ ਦਾ ਕਹਿਣਾ ਹੈ ਕਿ ਉਹ ਪੁਲਸ ਵੱਲੋਂ ਆਪਣੀ ਭੈਣ 'ਤੇ ਕੀਤੇ ਗਏ ਤਸ਼ੱਦਦ ਨੂੰ ਕਦੇ ਨਹੀਂ ਭੁਲਾ ਸਕਦਾ ਅਤੇ ਮਰਦੇ ਦਮ ਤੱਕ ਉਹ ਲੜਾਈ ਲੜੇਗਾ।
ਇਹ ਵੀ ਪੜ੍ਹੋ : ਮਾਤਾ ਨੈਣਾ ਦੇਵੀ ਦੇ ਸ਼ਰਧਾਲੂਆਂ ਲਈ ਰਾਹਤ ਭਰੀ ਖ਼ਬਰ, ਹਿਮਾਚਲ ਪ੍ਰਦੇਸ਼ ਸਰਕਾਰ ਨੇ ਲਿਆ ਵੱਡਾ ਫ਼ੈਸਲਾ
ਕੁਲਵੰਤ ਕੌਰ ਦੀ ਦਰਦਨਾਕ ਕਹਾਣੀ
ਸਾਲ 2005 'ਚ ਜਗਰਾਓਂ 'ਚ ਇਕ ਨਾਬਾਲਗ ਕੁੜੀ ਦੀ ਸ਼ੱਕੀ ਹਾਲਾਤ 'ਚ ਮੌਤ ਹੋ ਗਈ ਸੀ। ਇਸ ਘਟਨਾ 'ਚ ਕੁਲਵੰਤ ਕੌਰ ਦੇ ਭਰਾ ਮਾਸਟਰ ਇਕਬਾਲ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਇੰਨਾ ਹੀ ਨਹੀਂ, ਮਾਸਟਰ ਇਕਬਾਲ ਸਿੰਘ ਦੀ ਭੈਣ ਕੁਲਵੰਤ ਕੌਰ 'ਤੇ ਵੀ ਉਸ ਸਮੇਂ ਦੇ ਪੁਲਸ ਅਧਿਕਾਰੀ ਨੇ ਤਸ਼ੱਦਦ ਢਾਹੁੰਦੇ ਹੋਏ ਉਸ ਨੂੰ ਕਰੰਟ ਤੱਕ ਲਾ ਦਿੱਤਾ ਸੀ, ਜਿਸ ਤੋਂ ਬਾਅਦ ਉਹ ਅਪਾਹਜ ਹੋ ਗਈ ਸੀ। ਇਕਬਾਲ ਸਿੰਘ ਨੇ ਦੱਸਿਆ ਕਿ ਇਸ ਕਤਲ ਕੇਸ 'ਚ ਅਦਾਲਤ ਨੇ ਉਸ ਨੂੰ ਬਰੀ ਕਰ ਦਿੱਤਾ। ਇਸ ਤੋਂ ਬਾਅਦ ਉਸ ਨੇ ਭੈਣ ਨੂੰ ਅਪਾਹਜ ਬਣਾਉਣ ਵਾਲੇ ਅਤੇ ਉਸ ਨੂੰ ਝੂਠੇ ਕਤਲ ਕੇਸ 'ਚ ਫਸਾਉਣ ਵਾਲੇ ਪੁਲਸ ਅਧਿਕਾਰੀਆਂ ਖ਼ਿਲਾਫ਼ ਸ਼ਿਕਾਇਤਾਂ ਦਰਜ ਕਰਵਾਈਆਂ ਪਰ ਕੋਈ ਕਾਰਵਾਈ ਨਹੀਂ ਹੋਈ। ਉਸ ਦੀ ਭੈਣ ਪੁਲਸ ਦੇ ਤਸ਼ੱਦਦ ਤੋਂ ਬਾਅਦ ਪੂਰੀ ਤਰ੍ਹਾਂ ਅਪਾਹਜ ਹੋ ਗਈ ਅਤੇ ਮੰਜੇ ਨਾਲ ਲੱਗ ਗਈ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਵੱਲੋਂ ਸਾਲ 2022 ਦੀਆਂ 'ਗਜ਼ਟਿਡ ਛੁੱਟੀਆਂ' ਦੀ ਸੂਚੀ ਜਾਰੀ, ਜਾਣੋ ਕਦੋਂ ਮਿਲੇਗੀ ਅੱਧੇ ਦਿਨ ਦੀ ਛੁੱਟੀ
ਮੌਤ ਤੋਂ ਪਹਿਲਾਂ ਭਰਾ ਮਾਸਟਰ ਇਕਬਾਲ ਸਿੰਘ ਨੇ ਕੀਤੀ ਐੱਸ. ਐੱਸ. ਪੀ. ਨਾਲ ਮੁਲਾਕਾਤ
ਕੁਲਵੰਤ ਕੌਰ ਦੀ ਮੌਤ ਤੋਂ ਕੁੱਝ ਘੰਟੇ ਪਹਿਲਾਂ ਮਾਸਟਰ ਇਕਬਾਲ ਸਿੰਘ ਇਲਾਕੇ ਦੀਆਂ ਕਿਸਾਨ ਜੱਥੇਬੰਦੀਆਂ ਨਾਲ ਜਗਰਾਓਂ ਦੇ ਐੱਸ. ਐੱਸ. ਪੀ. ਸਾਹਿਬ ਨੂੰ ਇਨਸਾਫ਼ ਲਈ ਮਿਲਿਆ ਸੀ। ਐੱਸ. ਐੱਸ. ਪੀ. ਵੱਲੋਂ ਉਸ ਨੂੰ ਇਸ ਮਾਮਲੇ 'ਚ ਬਣਦੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਗਿਆ ਸੀ। ਇਹ ਵੀ ਦੱਸਣਯੋਗ ਹੈ ਕਿ ਕੁਲਵੰਤ ਕੌਰ ਨੂੰ ਇਨਸਾਫ਼ ਦਿਵਾਉਣ ਲਈ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਵੀ ਕੁੱਝ ਮਹੀਨੇ ਪਹਿਲਾਂ ਪੰਜਾਬ ਸਰਕਾਰ ਨੂੰ ਇਕ ਚਿੱਠੀ ਲਿਖੀ ਸੀ ਅਤੇ ਬਣਦੀ ਕਾਰਵਾਈ ਦੀ ਮੰਗ ਕੀਤੀ ਸੀ ਪਰ ਇਸ ਚਿੱਠੀ ਨੂੰ ਗੁੰਮ ਕਰ ਦਿੱਤਾ ਗਿਆ। ਇਸ ਦੀ ਜਾਣਕਾਰੀ ਮਾਸਟਰ ਇਕਬਾਲ ਸਿੰਘ ਨੂੰ ਆਰ. ਟੀ. ਆਈ. ਰਾਹੀਂ ਪ੍ਰਾਪਤ ਹੋਈ।
ਇਹ ਵੀ ਪੜ੍ਹੋ : ਭਾਖੜਾ ਨਹਿਰ 'ਚੋਂ ਨਾਜਾਇਜ਼ ਹਥਿਆਰਾਂ ਦਾ ਜ਼ਖ਼ੀਰਾ ਬਰਾਮਦ, 46 ਜ਼ਿੰਦਾ ਕਾਰਤੂਸ ਵੀ ਮਿਲੇ
ਇਸ ਮੌਕੇ ਗੱਲ ਕਰਦਿਆਂ ਮਾਸਟਰ ਇਕਬਾਲ ਸਿੰਘ ਅਤੇ ਹਿਊਮਨ ਰਾਈਟਸ ਐਸੋਸੀਏਸ਼ਨ ਦੇ ਪ੍ਰਧਾਨ ਸਤਨਾਮ ਸਿੰਘ ਨੇ ਕਿਹਾ ਕਿ ਬੜੇ ਅਫ਼ਸੋਸ ਦੀ ਗੱਲ ਹੈ ਕਿ ਮੁੱਖ ਮੰਤਰੀ ਚੰਨੀ ਸਾਹਿਬ ਕੁਲਵੰਤ ਕੌਰ ਨੂੰ ਇਨਸਾਫ਼ ਨਹੀਂ ਦਿਵਾ ਸਕੇ ਤੇ ਅੱਜ ਉਹ ਬਿਨਾ ਇਨਸਾਫ਼ ਦੇ ਇਸ ਦੁਨੀਆ ਤੋਂ ਰੁਖ਼ਸਤ ਹੋ ਗਈ। ਉਨ੍ਹਾਂ ਕਿਹਾ ਕਿ ਉਸ ਦੀ ਮੌਤ ਸਾਡੇ ਸਿਸਟਮ, ਲੀਡਰਾਂ ਤੇ ਸਰਕਾਰਾਂ ਦੇ ਮੂੰਹ 'ਤੇ ਇਕ ਚਪੇੜ ਹੈ, ਜਦੋਂ ਕਿ ਕੁਲਵੰਤ ਕੌਰ ਨੇ ਖ਼ੁਦ ਇਕ ਅਸ਼ਟਾਮ ਦੇ ਜ਼ਰੀਏ ਮੁੱਖ ਮੰਤਰੀ ਸਾਹਿਬ ਤੋਂ ਇਨਸਾਫ਼ ਜਾਂ ਮੌਤ ਦੀ ਮੰਗ ਕੀਤੀ ਸੀ। ਇਸ ਮੌਕੇ ਉਨ੍ਹਾਂ ਇਹ ਵੀ ਕਿਹਾ ਕਿ ਹੁਣ ਇਸ ਸਬੰਧੀ ਅਗਲਾ ਫ਼ੈਸਲਾ ਕਿਸਾਨ ਜੱਥੇਬੰਦੀਆਂ ਹੀ ਲੈਣਗੀਆਂ ਅਤੇ ਜੋ ਵੀ ਜੱਥੇਬੰਦੀਆਂ ਫ਼ੈਸਲਾ ਕਰਨਗੀਆਂ, ਉਸ ਅਨੁਸਾਰ ਹੀ ਉਹ ਕੁਲਵੰਤ ਕੌਰ ਦਾ ਅੰਤਿਮ ਸੰਸਕਾਰ ਕਰਨਗੇ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਭਾਖੜਾ ਨਹਿਰ 'ਚੋਂ ਨਾਜਾਇਜ਼ ਹਥਿਆਰਾਂ ਦਾ ਜ਼ਖ਼ੀਰਾ ਬਰਾਮਦ, 46 ਜ਼ਿੰਦਾ ਕਾਰਤੂਸ ਵੀ ਮਿਲੇ
NEXT STORY