ਬਠਿੰਡਾ(ਵਰਮਾ)-ਬਠਿੰਡਾ ਪੁਲਸ ਦਾ ਅਣਮਨੁੱਖੀ ਚਿਹਰਾ ਉਸ ਵੇਲੇ ਨੰਗਾ ਹੋ ਗਿਆ, ਜਦੋਂ ਪੁਲਸ ਅਧਿਕਾਰੀਆਂ ਨੇ ਬਦਲਾ ਲੈਣ ਦੇ ਇਰਾਦੇ ਨਾਲ ਮੁਲਜ਼ਮ ਨੂੰ ਤਸੀਹੇ ਦਿੰਦਿਆਂ ਉਸਦੇ ਗੁਪਤ ਅੰਗ ਵਿਚ ਪੈਟਰੋਲ ਪਾਇਆ ਤੇ ਨਾਜ਼ੁਕ ਹਿੱਸੇ ’ਤੇ ਕਰੰਟ ਲਾਇਆ। ਪੁਲਸ ਨੇ ਇਕ ਮਾਮਲੇ ’ਚ ਮੁਲਜ਼ਮ ਕੁਲਵਿੰਦਰ ਸਿੰਘ ਪੁੱਤਰ ਮੰਦਰ ਸਿੰਘ ਵਾਸੀ ਦੌਲਤਪੁਰਾ ਜ਼ਿਲਾ ਬਠਿੰਡਾ ਨੂੰ 26 ਜੂਨ ਨੂੰ ਗ੍ਰਿਫਤਾਰ ਕੀਤਾ ਅਤੇ ਇਕ ਦਿਨ ਦਾ ਰਿਮਾਂਡ ਵੀ ਲਿਆ। ਬੁੱਧਵਾਰ ਨੂੰ ਜਦੋਂ ਉਸਨੂੰ ਅਦਾਲਤ ਸਾਹਮਣੇ ਪੇਸ਼ ਕੀਤਾ ਤਾਂ ਉਹ ਚਲਣ-ਫਿਰਣ ਵਿਚ ਨਾਕਾਮ ਸੀ ਅਤੇ ਰੋ-ਰੋ ਕੇ ਉਸਨੇ ਆਪਣੀ ਆਪ ਬੀਤੀ ਸੁਣਾਈ। ਇਸ ’ਤੇ ਮਾਣਯੋਗ ਅਦਾਲਤ ਦੇ ਜੱਜ ਰਵਿਤੇਸ਼ ਇੰਦਰਜੀਤ ਸਿੰਘ ਨੇ ਤੁਰੰਤ ਨੋਟਿਸ ਲੈਂਦਿਆਂ ਬੋਰਡ ਗਠਿਤ ਕਰ ਮੈਡੀਕਲ ਜਾਂਚ ਦੇ ਹੁਕਮ ਜਾਰੀ ਕਰ ਦਿੱਤੇ। ਡਾਕਟਰਾਂ ਨੇ ਮੈਡੀਕਲ ਵਿਚ ਚਾਰ-ਪੰਜ ਸਥਾਨਾਂ ’ਤੇ ਇੰਜਰੀ, ਸਰੀਰ ਦੇ ਕਈ ਹਿੱਸਿਆਂ ’ਤੇ ਸੋਜ ਤੇ ਗੁਪਤ ਅੰਗਾਂ ’ਤੇ ਥਰਡ ਡਿਗਰੀ ਟਾਰਚਰ ਦੀ ਪੁਸ਼ਟੀ ਕੀਤੀ। ਇਸ ਤੋਂ ਬਾਅਦ ਅਦਾਲਤ ਨੇ ਪੁਲਸ ਅਧਿਕਾਰੀਆਂ ’ਤੇ ਕਾਰਵਾਈ ਦੇ ਵੀ ਹੁਕਮ ਜਾਰੀ ਕੀਤੇ।
ਕੀ ਸੀ ਮਾਮਲਾ
ਸ਼ਰਾਬ ਸਮੱਗਿਲੰਗ ਦੇ ਮਾਮਲੇ ’ਚ ਐਤਵਾਰ ਸ਼ਾਮ ਨੂੰ ਐਂਟੀ ਨਾਰਕੋਟਿਕ ਸੈੱਲ ਨੇ ਪਿੰਡ ਦੌਲਤਪੁਰਾ ਜ਼ਿਲਾ ਬਠਿੰਡਾ ਵਿਚ ਛਾਪਾਮਾਰੀ ਕੀਤੀ, ਜਿਥੋਂ ਪੁਲਸ ਨੇ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਤੇ ਜਿਸ ਨੂੰ ਲੈ ਕੇ ਬਠਿੰਡਾ ਆ ਰਹੀ ਸੀ। ਰਸਤੇ ਵਿਚ ਜਾਲ ਬਿਛਾਏ ਬੈਠੇ ਸਮੱਗਲਰਾਂ ਨੇ ਪੁਲਸ ਪਾਰਟੀ ’ਤੇ ਹਮਲਾ ਕਰ ਦਿੱਤਾ, ਜਿਸ ਵਿਚ ਜੰਮ ਕੇ ਇੱਟਾਂ-ਪੱਥਰ ਤੇ ਤੇਜ਼ ਹਥਿਆਰਾਂ ਦਾ ਇਸਤੇਮਾਲ ਕੀਤਾ ਗਿਆ। ਮੁਲਜ਼ਮ ਆਪਣੇ ਸਾਥੀ ਨੂੰ ਪੁਲਸ ਤੋਂ ਆਜ਼ਾਦ ਕਰਵਾਉਣਾ ਚਾਹੁੰਦੇ ਸੀ। ਇਸ ਹਮਲੇ ਦੌਰਾਨ ਪੁਲਸ ਕਰਮਚਾਰੀਆਂ ਦੀ ਵਰਦੀ ਤੱਕ ਪਾੜ ਦਿੱਤੀ ਗਈ। ਥਾਣੇਦਾਰ ਹਰਵੰਸ਼ ਸਿੰਘ ਦੇ ਸਿਰ ’ਤੇ ਗੰਡਾਸਾ ਮਾਰ ਕੇ ਉਸਨੂੰ ਜ਼ਖਮੀ ਕਰ ਦਿੱਤਾ ਜਦਕਿ ਸਿਪਾਹੀ ਕੁਲਵਿੰਦਰ ਸਿੰਘ ਦੇ ਸਿਰ ’ਤੇ ਪੱਥਰ ਲੱਗਣ ਨਾਲ ਖੂਨ ਵਗਣ ਲੱਗਾ। ਇਸ ਹਮਲੇ ’ਚ 4 ਪੁਲਸ ਕਰਮਚਾਰੀ ਜ਼ਖਮੀ ਹੋਏ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਮੁਲਜ਼ਮਾਂ ਨੇ ਪੁਲਸ ਦੀ ਗੱਡੀ ਤੱਕ ਭੰਨ ਦਿੱਤੀ ਸੀ। ਉਥੇ ਪੁਲਸ ਦੀ ਖੂਬ ਕਿਰਕਿਰੀ ਹੋਈ ਤੇ ਪੁਲਸ ਨੇ ਇੰਸਪੈਕਟਰ ਗੁਰਦੀਪ ਸਿੰਘ ਦੇ ਕਹਿਣ ’ਤੇ ਦੌਲਤਪੁਰਾ ਦੇ ਹੀ 22 ਲੋਕਾਂ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ। ਸਾਰੇ ਮੁਲਜ਼ਮ ਫਰਾਰ ਹੋ ਚੁੱਕੇ ਸੀ ਜਿਨ੍ਹਾਂ ਦੀ ਪੁਲਸ ਤਲਾਸ਼ ਕਰ ਰਹੀ ਸੀ।
ਪੁਲਸ ਕਾਰਵਾਈ ਦੀ ਵੀਡੀਓ ਬਣਾਉਣੀ ਪਈ ਮਹਿੰਗੀ
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ ਦੇ ਵਕੀਲ ਨੇ ਦੱਸਿਆ ਕਿ ਕੁਲਵਿੰਦਰ ਸਿੰਘ ਪੀ. ਆਰ. ਟੀ. ਸੀ. ਵਿਚ ਬਤੌਰ ਡਰਾਈਵਰ ਹੈ। ਉਹ ਐਤਵਾਰ ਨੂੰ ਆਪਣੀ ਡਿਊਟੀ ਖਤਮ ਕਰ ਕੇ ਘਰ ਪਹੁੰਚਿਆ ਤਾਂ ਉਥੇ ਪੁਲਸ ਕਾਰਵਾਈ ਦੀ ਵੀਡੀਓ ਬਣਾਉਣ ਲੱਗਾ। ਹਸਪਤਾਲ ਵਿਚ ਆਪ ਬੀਤੀ ਦੱਸਦਿਆਂ ਪੀੜਤ ਨੇ ਕਿਹਾ ਕਿ ਪਿੰਡ ’ਚ ਸ਼ਰਾਬ ਠੇਕੇਦਾਰ ਹੂਟਰ ਮਾਰਦੀਆਂ ਗੱਡੀਆਂ ਨੂੰ ਲੈ ਕੇ ਘੁੰਮਦੇ ਰਹਿੰਦੇ ਹਨ। ਘਟਨਾ ਦੌਰਾਨ ਵੀ ਠੇਕੇਦਾਰ ਹੂਟਰ ਵਜਾ ਰਿਹਾ ਸੀ, ਜਿਸ ਦੀ ਉਸਨੇ ਵੀਡੀਓ ਬਣਾਈ। ਥਾਣਾ ਬਾਲਿਆਂਵਾਲੀ ਦੇ ਮੁਖੀ ਸੰਦੀਪ ਭਾਟੀ ਵੀ ਉਸ ਟੀਮ ’ਚ ਸ਼ਾਮਲ ਸਨ ਤਾਂ ਉਸਨੇ ਭਾਟੀ ਨਾਲ ਇਸ ਸਬੰਧੀ ਸਵਾਲ ਕੀਤਾ ਤਾਂ ਉਲਟਾ ਪੁਲਸ ਕਰਮਚਾਰੀਆਂ ਨੇ ਉਸਦਾ ਮੋਬਾਇਲ ਤੋੜ ਦਿੱਤਾ ਤੇ ਉਸ ਨਾਲ ਕੁੱਟ-ਮਾਰ ਕਰ ਕੇ ਚਲੇ ਗਏ। 25 ਜੂਨ ਨੂੰ ਸਵੇਰੇ 9 ਵਜੇ ਸੀ.ਆਈ. ਏ. 2 ਦੇ ਮੁਖੀ ਤੇ ਕੁਝ ਪੁਲਸ ਕਰਮਚਾਰੀ ਸਿਵਲ ਵਰਦੀ ਵਿਚ ਆਏ ਤੇ ਉਸਨੂੰ ਗ੍ਰਿਫਤਾਰ ਕਰ ਕੇ ਲੈ ਗਏ, ਜਦੋਂ ਉਸਨੇ ਕਾਰਨ ਪੁੱਛਿਆ ਤਾਂ ਕਿਹਾ ਕਿ ਉਸ ਉਪਰ ਪੁਲਸ ’ਤੇ ਹਮਲਾ ਕਰਨ ਦੇ ਦੋਸ਼ ਤਹਿਤ 307 ਦਾ ਮਾਮਲਾ ਦਰਜ ਹੈ। ਥਾਣੇ ਲਿਜਾ ਕੇ ਉਸ ਦੀ ਖੂਬ ਕੁੱਟ-ਮਾਰ ਕੀਤੀ ਅਤੇ ਉਸ ਤੋਂ ਧੱਕੇ ਨਾਲ ਕਾਗਜ਼ਾਂ ’ਤੇ ਦਸਤਖਤ ਕਰਵਾਏ। 26 ਤਾਰੀਖ ਉਸਨੂੰ ਰਿਮਾਂਡ ਲਈ ਅਦਾਲਤ ’ਚ ਪੇਸ਼ ਕੀਤਾ ਜਿਥੇ ਜੱਜ ਸਾਹਿਬ ਨੇ ਕਿਹਾ ਕਿ ਇਸ ਨੂੰ ਖਰੋਚ ਤੱਕ ਨਹੀਂ ਆਉਣੀ ਚਾਹੀਦੀ। 27 ਤਾਰੀਖ ਨੂੰ ਰਿਮਾਂਡ ਖਤਮ ਹੋਣ ’ਤੇ ਪੇਸ਼ ਕੀਤਾ ਤਾਂ ਅਦਾਲਤ ਨੂੰ ਆਪ ਬੀਤੀ ਸੁਣਾਈ। ਪੀੜਤ ਦੇ ਵਕੀਲ ਜੀਵਨ ਜੋਤ ਸੇਠੀ ਨੇ ਦੱਸਿਆ ਕਿ ਡਾ. ਹਰਮੀਤ ਸਿੰਘ ਨੇ ਬਿਨਾਂ ਜਾਂਚ ਕੀਤੇ ਕੁਲਵਿੰਦਰ ਸਿੰਘ ਦੀ ਫਾਈਲ ’ਤੇ ਦਸਤਖਤ ਕਰ ਦਿੱਤੇ ਜਦਕਿ ਉਹ ਬੁਰੀ ਤਰ੍ਹਾਂ ਟਾਰਚਰ ਹੋ ਚੁੱਕਾ ਸੀ। ਉਨ੍ਹਾਂ ਦੱਸਿਆ ਕਿ ਇਹ ਪਹਿਲਾ ਮਾਮਲਾ ਨਹੀਂ ਇਸ ਤੋਂ ਪਹਿਲਾਂ ਵੀ ਪੁਲਸ 2 ਹੋਰ ਲੋਕਾਂ ’ਤੇ ਅਣ-ਮਨੁੱਖੀ ਵਰਤਾਰਾ ਕਰ ਚੁੱਕੀ ਹੈ, ਜਿਸ ਸਬੰਧੀ ਅਦਾਲਤ ਵਿਚ ਮਾਮਲਾ ਪੈਂਡਿੰਗ ਹੈ।
ਕੀ ਕਹਿੰਦੇ ਹਨ ਐੱਸ. ਐੱਸ. ਪੀ.
ਜ਼ਿਲੇ ਦੇ ਐੱਸ. ਐੱਸ. ਪੀ. ਨਵੀਨ ਸਿੰਗਲਾ ਨੇ ਦੱਸਿਆ ਕਿ ਮੈਡੀਕਲ ਰਿਪੋਰਟ ’ਚ ਅਜਿਹਾ ਕੁਝ ਨਹੀਂ ਆਇਆ ਕਿਉਂਕਿ ਮੁਲਜ਼ਮ ਦਾ ਪਹਿਲਾਂ ਵੀ ਮੈਡੀਕਲ ਹੋ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਅਦਾਲਤ ਵੱਲੋਂ ਦਿੱਤੇ ਗਏ ਹੁਕਮ ਦੀ ਉਨ੍ਹਾਂ ਨੂੰ ਕੋਈ ਕਾਪੀ ਨਹੀਂ ਮਿਲੀ, ਜਿਵੇਂ ਹੀ ਨਿਰਦੇਸ਼ ਆਵੇਗਾ ਕਾਰਵਾਈ ਕੀਤੀ ਜਾਵੇਗੀ। ਖਾਸ ਤੌਰ ’ਤੇ ਸੀ. ਆਈ. ਏ. 2 ਦੇ ਮੁਖੀ ਤਰਜਿੰਦਰ ਸਿੰਘ ਤੇ ਥਾਣਾ ਬਾਲਿਆਂਵਾਲੀ ਦੇ ਮੁਖੀ ਸੰਦੀਪ ਭਾਟੀ ਵਿਰੁੱਧ ਕਾਰਵਾਈ ਲਈ ਜੱਜ ਸਾਹਿਬ ਨੇ ਹੁਕਮ ਜਾਰੀ ਕੀਤੇ ਹਨ। ਜਦੋਂ ਵੀ ਕੋਈ ਰਿਪੋਰਟ ਆਵੇਗੀ ਤਾਂ ਦੋਵਾਂ ਅਧਿਕਾਰੀਆਂ ’ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਤੇ ਪੀੜਤ ਨੂੰ ਇਨਸਾਫ ਦਿਵਾਇਆ ਜਾਵੇਗਾ।
ਪੀ. ਐੱਸ. ਐੱਮ. ਯੂ. ਵੱਲੋਂ ਪੰਜਾਬ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ
NEXT STORY