ਚੰਡੀਗੜ੍ਹ, (ਰਮਨਜੀਤ) : ਕੋਟਕਪੂਰਾ 'ਚ ਰੋਸ ਵਿਖਾਵਾ ਕਰ ਕੇ ਧਰਨਾ ਦੇ ਰਹੀ ਬੇਅਦਬੀ ਦੀਆਂ ਘਟਨਾਵਾਂ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਰਹੀ ਸੰਗਤ 'ਤੇ ਗੋਲੀਬਾਰੀ ਕਰਨ ਦੇ ਮਾਮਲੇ ਦੀ ਜਾਂਚ ਕਰ ਰਹੀ ਐੱਸ. ਆਈ. ਟੀ. ਦੇ ਸਾਰੇ ਅਧਿਕਾਰੀ ਸ਼ੁੱਕਰਵਾਰ ਨੂੰ ਸਾਬਕਾ ਸੀ. ਐੱਮ. ਪ੍ਰਕਾਸ਼ ਸਿੰਘ ਬਾਦਲ ਦੇ ਬਿਆਨ ਦਰਜ ਕਰਨਗੇ। ਟੀਮ 'ਚ 5 ਅਧਿਕਾਰੀ ਸ਼ਾਮਲ ਹਨ, ਜਿਨ੍ਹਾਂ ਦੀ ਅਗਵਾਈ ਏ. ਡੀ. ਜੀ. ਪੀ. ਪ੍ਰਬੋਧ ਕੁਮਾਰ ਵਲੋਂ ਕੀਤੀ ਜਾ ਰਹੀ ਹੈ। ਏ. ਡੀ. ਜੀ. ਪੀ. ਦੇ ਨਾਲ ਇਸ ਟੀਮ 'ਚ ਆਈ. ਜੀ. ਅਰੁਣਪਾਲ ਸਿੰਘ, ਆਈ. ਜੀ. ਕੁੰਵਰ ਵਿਜੇ ਪ੍ਰਤਾਪ ਸਿੰਘ, ਐੱਸ. ਐੱਸ. ਪੀ. ਸਤਿੰਦਰ ਸਿੰਘ ਅਤੇ ਐੱਸ. ਪੀ. ਭੁਪਿੰਦਰ ਸਿੰਘ ਸ਼ਾਮਲ ਹਨ। ਸ਼੍ਰੋਮਣੀ ਅਕਾਲੀ ਦਲ ਵਲੋਂ ਐੱਸ. ਆਈ. ਟੀ. ਦੇ ਮੈਂਬਰ ਆਈ. ਜੀ. ਕੁੰਵਰ ਵਿਜੇ ਪ੍ਰਤਾਪ ਸਿੰਘ 'ਤੇ ਅਨਪ੍ਰੋਫੈਸ਼ਨਲ ਤੇ ਪੱਖਪਾਤੀ ਹੋਣ ਦਾ ਦੋਸ਼ ਲਗਾਉਣ ਦੇ ਬਾਵਜੂਦ ਆਈ. ਜੀ. ਕੁੰਵਰ ਵਿਜੇ ਪ੍ਰਤਾਪ ਸ਼ੁੱਕਰਵਾਰ ਨੂੰ ਸਾਬਕਾ ਸੀ. ਐੱਮ. ਦੇ ਬਿਆਨ ਲੈਣ ਵਾਲੀ ਟੀਮ ਵਿਚ ਸ਼ਾਮਲ ਰਹਿਣਗੇ। ਸੂਤਰਾਂ ਅਨੁਸਾਰ ਏ. ਡੀ. ਜੀ. ਪੀ. ਪ੍ਰਬੋਧ ਕੁਮਾਰ ਦੀ ਅਗਵਾਈ ਵਿਚ ਸ਼ੁੱਕਰਵਾਰ ਨੂੰ ਜਾਣ ਵਾਲੀ ਐੱਸ. ਆਈ. ਟੀ. ਦੇ ਹੋਰ ਮੈਂਬਰਾਂ ਤੋਂ ਪਹਿਲਾਂ ਆਈ. ਜੀ. ਕੁੰਵਰ ਵਿਜੇ ਪ੍ਰਤਾਪ ਹੀ ਸਾਬਕਾ ਸੀ. ਐੱਮ. ਬਾਦਲ ਦੇ ਫਲੈਟ ਵਿਚ ਪਹੁੰਚਣਗੇ ਅਤੇ ਸਾਰੀ ਤਿਆਰੀ ਕਰਨਗੇ।
ਸਰਕਾਰ ਆਈ. ਜੀ. ਨੂੰ ਨਹੀਂ ਹਟਾਉਂਦੀ ਤਾਂ ਵੀ ਸਹਿਯੋਗ ਕਰੇਗਾ ਅਕਾਲੀ ਦਲ
ਅਕਾਲੀ ਦਲ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਸਪੱਸ਼ਟ ਕੀਤਾ ਕਿ ਜੇਕਰ ਸਰਕਾਰ ਆਈ. ਜੀ. ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਐੱਸ. ਆਈ. ਟੀ. ਵਿਚੋਂ ਨਹੀਂ ਹਟਾਉਂਦੀ ਤਾਂ ਵੀ ਅਕਾਲੀ ਦਲ ਜਾਂਚ-ਪੜਤਾਲ ਵਿਚ ਪੂਰਾ ਸਹਿਯੋਗ ਕਰੇਗਾ ਕਿਉਂਕਿ ਅਕਾਲੀ ਦਲ ਦਾ ਮੁੱਖ ਮਕਸਦ ਸੱਚਾਈ ਨੂੰ ਜਨਤਾ ਦੇ ਸਾਹਮਣੇ ਜਲਦੀ ਤੋਂ ਜਲਦੀ ਲਿਆਉਣਾ ਹੈ। ਹਾਲਾਂਕਿ ਆਈ. ਜੀ. ਦੇ ਵਿਰੁੱਧ ਅਕਾਲੀ ਦਲ ਦਾ ਵਿਰੋਧ ਜਾਰੀ ਰਹੇਗਾ। ਸੁਪਰੀਮ ਕੋਰਟ ਦੇ ਜੱਜ ਤੱਕ ਖੁਦ ਨੂੰ ਕਿਸੇ ਮਾਮਲੇ ਦੀ ਸੁਣਵਾਈ ਵਿਚੋਂ ਹਟਾ ਦਿੰਦਾ ਹੈ, ਜਦੋਂ ਇਹ ਕਿਹਾ ਜਾਂਦਾ ਹੈ ਕਿ ਬਿਨੈਕਰਤਾ ਨੂੰ ਉਨ੍ਹਾਂ 'ਤੇ ਭਰੋਸਾ ਨਹੀਂ, ਇਸ ਲਈ ਆਈ. ਜੀ. ਜਾਂ ਸਰਕਾਰ ਕਾਨੂੰਨ ਤੋਂ ਉਪਰ ਨਹੀਂ। ਜਾਂਚ ਅਧਿਕਾਰੀ ਧਮਕਾਉਣ ਦੀ ਸ਼ਬਦਾਵਲੀ ਦੀ ਵਰਤੋਂ ਕਰ ਰਹੇ ਹਨ ਜੋ ਐਮਰਜੈਂਸੀ ਦਾ ਅਹਿਸਾਸ ਕਰਵਾਉਂਦੀ ਹੈ।
ਬਾਦਲ ਨੇ ਕੀਤੀ ਸੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਹਟਾਉਣ ਦੀ ਮੰਗ
ਪ੍ਰਕਾਸ਼ ਸਿੰਘ ਬਾਦਲ ਨੇ ਇਕ ਚਿੱਠੀ 'ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਐੱਸ. ਆਈ. ਟੀ. ਦੇ ਮੈਂਬਰ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਜਾਂਚ ਪ੍ਰਕਿਰਿਆ ਵਿਚੋਂ ਹਟਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਸੀ ਕਿ ਆਈ. ਜੀ. ਦੀ ਬਿਆਨਬਾਜ਼ੀ 'ਚੋਂ ਸਿਆਸੀ ਬਦਬੂ ਆਉਂਦੀ ਹੈ।
ਪੰਜਾਬ ਪੁਲਸ/ਸੁਰੱਖਿਆ ਏਜੰਸੀਆਂ ਲਈ ਸਿਰਦਰਦ ਬਣਿਆ ਅੱਤਵਾਦੀ ਜ਼ਾਕਿਰ ਮੂਸਾ
NEXT STORY