ਤਲਵੰਡੀ ਸਾਬੋ (ਮੁਨੀਸ਼): ਬਰਗਾੜੀ ਬੇਅਦਬੀ ਕਾਂਡ ਦੀ ਜਾਂਚ ਲਈ ਪੰਜਾਬ ਦੀ ਕੈਪਟਨ ਸਰਕਾਰ ਵੱਲੋ ਕੁੰਵਰ ਵਿਜੈ ਪ੍ਰਤਾਪ ਦੀ ਅਗਵਾਈ ਹੇਠ ਬਣਾਈ ‘ਸਿੱਟ’ ਨੂੰ ਬੀਤੇ ਦਿਨ ਪੰਜਾਬ ਅਤੇ ਹਰਿਆਣਾ ਉੱਚ ਅਦਾਲਤ ਵੱਲੋਂ ਰੱਦ ਕਰ ਦਿੱਤੇ ਜਾਣ ਤੋਂ ਬਾਅਦ ਕੁੰਵਰ ਵਿਜੈ ਪ੍ਰਤਾਪ ਵੱਲੋਂ ਅਸਤੀਫਾ ਦੇਣ ਤੇ ਮਾਮਲੇ ਤੇ ਪ੍ਰਤੀਕ੍ਰਿਆ ਦਿੰਦਿਆਂ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇ: ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਕਿ ਕੁੰਵਰ ਵਿਜੈ ਪ੍ਰਤਾਪ ਦੀ ਵਜਾਏ ਪੰਜਾਬ ਦੇ ਐਡਵੋਕੇਟ ਜਨਰਲ ਅਤੁਲ ਨੰਦਾ ਨੂੰ ਅਸਤੀਫਾ ਦੇਣਾ ਚਾਹੀਦਾ ਹੈ।
ਦਮਦਮਾ ਸਾਹਿਬ ਵਿਖੇ ਵਿਸਾਖੀ ਜੋੜ ਮੇਲੇ ਮੌਕੇ ਹਰਿਆਣਾ ਕਮੇਟੀ ਵੱਲੋਂ ਸੰਗਤਾਂ ਲਈ ਲਾਏ ਲੰਗਰਾਂ ਦੀ ਸਮਾਪਤੀ ਮੌਕੇ ਅੱਜ ਪੁੱਜੇ ਜਥੇ:ਦਾਦੂਵਾਲ ਨੇ ਕਿਹਾ ਕਿ ਕੁੰਵਰ ਵਿਜੈ ਪ੍ਰਤਾਪ ਦੀ ਅਗਵਾਈ ਵਾਲੀ ਟੀਮ ਨੇ ਆਪਣੀ ਜਾਂਚ ਸਹੀ ਤਰੀਕੇ ਨਾਲ ਕੀਤੀ ਅਤੇ ਕਈ ਕਿਸਮ ਦੇ ਸੱਚ ਸੰਗਤ ਸਾਹਮਣੇ ਲਿਆਂਦੇ ਪਰ ਪੰਜਾਬ ਅਤੇ ਹਰਿਆਣਾ ਉੱਚ ਅਦਾਲਤ ਵਿੱਚ ਜਾਂਚ ਸਬੰਧੀ ਚੱਲ ਰਹੀ ਸੁਣਵਾਈ ਨੂੰ ਸਹੀ ਤਰੀਕੇ ਨਾਲ ਅਦਾਲਤ ਵਿੱਚ ਰੱਖਣਾ ਪੰਜਾਬ ਦੇ ਐਡਵੋਕੇਟ ਜਨਰਲ ਅਤੁਲ ਨੰਦਾ ਦਾ ਕੰਮ ਸੀ ਕਿਉਂਕਿ ਪੰਜਾਬ ਸਰਕਾਰ ਅਤੁਲ ਨੰਦਾ ਅਤੇ ਉਨ੍ਹਾਂ ਦੀ ਟੀਮ ਤੇ ਕਰੋੜਾਂ ਰੁਪਏ ਖਰਚ ਕਰਦੀ ਹੈ ਪਰ ਉਹ ਸਹੀ ਤਰੀਕੇ ਨਾਲ ਅਦਾਲਤ ਵਿੱਚ ਪੱਖ ਨਹੀਂ ਰੱਖ ਸਕੇ, ਜਿਸ ਦੇ ਨਤੀਜੇ ਵਜੋਂ ਅਦਾਲਤ ਨੇ ‘ਸਿੱਟ’ ਭੰਗ ਕਰ ਦਿੱਤੀ ਹੈ।
ਉਨ੍ਹਾਂ ਕਿਹਾ ਕਿ ਆਪਣੀ ਨੈਤਿਕ ਜ਼ਿੰਮੇਵਾਰੀ ਸਮਝਦਿਆਂ ਸਗੋਂ ਅਤੁਲ ਨੰਦਾ ਨੂੰ ਅਸਤੀਫ਼ਾ ਦੇਣਾ ਚਾਹੀਦਾ ਹੈ ਨਾ ਕਿ ਕੁੰਵਰ ਵਿਜੈ ਪ੍ਰਤਾਪ ਨੂੰ ਜਥੇ:ਦਾਦੂਵਾਲ ਨੇ ਇਸ ਮੌਕੇ ਕਿਹਾ ਕਿ ਬਰਗਾੜੀ ਮੋਰਚੇ ਨੂੰ ਮੰਤਰੀਆਂ ਦੇ ਭਰੋਸੇ ਚੁੱਕਣ ਦਾ ਫੈਸਲਾ ਜਥੇਦਾਰ ਧਿਆਨ ਸਿੰਘ ਮੰਡ ਦਾ ਗਲਤ ਫੈਸਲਾ ਸੀ ਜਦੋਂ ਕਿ ਉਨਾਂ ਨੂੰ ਉਸ ਸਮੇਂ ਸਿੱਖ ਆਗੂਆਂ ਤੇ ਸੰਗਤਾਂ ਨਾਲ ਵੀਚਾਰ ਕਰਨੀ ਚਾਹਿਦੀ ਸੀ। ਉਨਾਂ ਕਿਹਾ ਕਿ ਬਿਨਾਂ ਕਿਸੇ ਨਤੀਜੇ ਦੇ ਬਰਗਾੜੀ ਮੋਰਚੇ ਨੂੰ ਚੁੱਕਣ ਦਾ ਹੀ ਨਤੀਜਾ ਹੈ ਕਿ ਬੇਅਦਬੀ ਕਾਂਡ ਦਾ ਪੂਰਾ ਸੱਚ ਅੱਜ ਤੱਕ ਸੰਗਤ ਸਾਹਮਣੇ ਨਹੀ ਆ ਸਕਿਆ।ਇਸ ਮੌਕੇ ਜਥੇਦਾਰ ਦਾਦੂਵਾਲ ਨੇ ਕਿਹਾ ਕਿ ਜੇ ਪੰਜਾਬ ਸਰਕਾਰ ਹਾਈਕੋਰਟ ਦੇ ਫੈਸਲੇ ਖਿਲਾਫ ਸੁਪਰੀਮ ਕੋਰਟ ਨਹੀ ਜਾਂਦੀ ਤਾਂ ਉਹ ਸ਼ਹੀਦ ਸਿੰਘਾਂ ਦੇ ਪਰਿਵਾਰਾਂ ਨਾਲ ਸਲਾਹਮਸ਼ਵਰੇ ਉਪਰੰਤ ਸਰਵ ਉੱਚ ਅਦਾਲਤ ਦਾ ਦਰਵਾਜਾ ਖਟਕਾਉਣ ਤੋਂ ਪਿੱਛੇ ਨਹੀ ਹਟਣਗੇ।
ਦਾਜ ’ਚ ਕਾਰ ਨਾ ਲਿਆਉਣ ’ਤੇ ਸਹੁਰਿਆਂ ਨੇ ਵਿਖਾਏ ਤੇਵਰ, ਗਰਭਵਤੀ ਨੂੰਹ ਨੂੰ ਕੀਤਾ ਹਾਲੋ-ਬੇਹਾਲ
NEXT STORY