ਕੁਰਾਲੀ(ਬਠਲਾ)— ਪੰਜਾਬ ਵਿਚ 'ਆਪ' ਆਪਣੇ ਬਲਬੂਤੇ 'ਤੇ ਬਿਨਾਂ ਕਿਸੇ ਗੱਠਜੋੜ ਦੇ ਲੋਕ ਸਭਾ ਚੋਣਾਂ ਲੜੇਗੀ ਅਤੇ ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਨਰਿੰਦਰ ਸਿੰਘ ਸ਼ੇਰਗਿੱਲ ਹੀ ਚੋਣ ਮੈਦਾਨ ਵਿਚ ਉਤਰਨਗੇ। ਉਕਤ ਵਿਚਾਰ 'ਆਪ' ਦੇ ਆਗੂ ਭਗਵੰਤ ਮਾਨ ਨੇ ਕੁਰਾਲੀ ਵਿਖੇ ਪ੍ਰੈੱਸ ਕਾਨਫਰੰਸ ਦੌਰਾਨ ਪ੍ਰਗਟ ਕੀਤੇ।
ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਅਤੇ ਪਾਰਟੀ ਦੇ ਆਗੂ ਤੇ ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਉਮੀਦਵਾਰ ਨਰਿੰਦਰ ਸਿੰਘ ਸ਼ੇਰਗਿੱਲ ਦੀ ਮੌਜੂਦਗੀ ਵਿਚ ਭਗਵੰਤ ਮਾਨ ਨੇ ਕਿਹਾ ਕਿ ਬੀਤੇ ਕੁੱਝ ਸਮੇਂ ਤੋਂ ਅਕਾਲੀ ਦਲ (ਟਕਸਾਲੀ) ਦੇ ਨਾਲ ਲੋਕ ਸਭਾ ਚੋਣਾਂ ਦੇ ਲਈ ਗੱਠਜੋੜ ਦੀ ਗੱਲਬਾਤ ਚੱਲ ਰਹੀ ਸੀ ਪਰ ਸ੍ਰੀ ਅਨੰਦਪੁਰ ਸਾਹਿਬ ਦੀ ਸੀਟ ਨੂੰ ਲੈ ਕੇ ਹੁਣ ਗੱਲਬਾਤ ਲਗਭਗ ਖਤਮ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਪਾਰਟੀ ਦੇ ਨਿਧੜਕ ਜਰਨੈਲ ਅਤੇ ਨੌਜਵਾਨ ਆਗੂ ਨਰਿੰਦਰ ਸਿੰਘ ਸ਼ੇਰਗਿੱਲ ਸ੍ਰੀ ਅਨੰਦਪੁਰ ਸਾਹਿਬ ਤੋਂ ਹੀ ਚੋਣ ਲੜਨਗੇ। ਉਨ੍ਹਾਂ ਕਿਹਾ ਕਿ 'ਆਪ' ਕਿਸੇ ਵੀ ਕੀਮਤ 'ਤੇ ਸ੍ਰੀ ਅਨੰਦਪੁਰ ਸਾਹਿਬ ਦੀ ਸੀਟ ਨਹੀਂ ਛੱਡੇਗੀ। ਭਗਵੰਤ ਮਾਨ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਵਲੋਂ ਖਡੂਰ ਸਾਹਿਬ ਦੀ ਸੀਟ ਅਕਾਲੀ ਦਲ ਲਈ ਛੱਡੀ ਜਾ ਸਕਦੀ ਹੈ ਪਰ ਸ੍ਰੀ ਅਨੰਦਪੁਰ ਸਾਹਿਬ ਦੀ ਸੀਟ ਨਹੀਂ।
ਸੁਖਪਾਲ ਸਿੰਘ ਖਹਿਰਾ ਨੂੰ ਕਰੜੇ ਹੱਥੀ ਲੈਂਦਿਆਂ ਮਾਨ ਨੇ ਕਿਹਾ ਕਿ ਪੰਜਾਬ ਏਕਤਾ ਪਾਰਟੀ ਦਾ ਅਕਾਲੀ ਦਲ ਨਾਲ ਸਮਝੌਤਾ ਹੈ, ਜਿਸ ਕਾਰਨ ਹਰਸਿਮਰਤ ਕੌਰ ਬਾਦਲ ਨੂੰ ਜਿਤਾਉਣ ਲਈ ਸੁਖਪਾਲ ਸਿੰਘ ਖਹਿਰਾ ਬਠਿੰਡਾ ਸੀਟ 'ਤੇ ਚੋਣ ਲੜਨ ਜਾ ਰਿਹਾ ਹੈ। ਇਸ ਮੌਕੇ ਜ਼ਿਲਾ ਪ੍ਰਧਾਨ ਹਰੀਸ਼ ਕੌਸ਼ਲ, ਰਵੀ ਕੁਮਾਰ ਤੇ ਕਈ ਪਤਵੰਤੇ ਵਿਅਕਤੀ ਮੌਜੂਦ ਸਨ।
6 ਸਾਲਾਂ ਬੱਚੀ ਅਗਵਾ ਹੋਈ ਮਾਂ ਦੀ ਕਰ ਰਹੀ ਹੈ ਉਡੀਕ (ਵੀਡੀਓ)
NEXT STORY