ਨੂਰਪੁਰਬੇਦੀ (ਸੰਜੀਵ ਭੰਡਾਰੀ) : ਲੱਦਾਖ ਵਿਖੇ ਅਚਾਨਕ ਮਾਰੇ ਗਏ ਪਿੰਡ ਹੀਰਪੁਰ ਦੇ ਭਾਰਤੀ ਫੌਜ ’ਚ ਤਾਇਨਾਤ ਸੈਨਿਕ ਸੁਖਵਿੰਦਰ ਸਿੰਘ ਦਾ ਅੱਜ ਸੈਂਕੜੇ ਸੇਜਲ ਅੱਖਾਂ ਦੀ ਹਾਜ਼ਰੀ ’ਚ ਹਫਤੇ ਬਾਅਦ ਸਸਕਾਰ ਹੋਇਆ। ਜ਼ਿਕਰਯੋਗ ਹੈ ਕਿ 26 ਪੰਜਾਬ ਰੈਜੀਮੈਂਟ ਦੇ 23 ਸਾਲਾ ਜਵਾਨ ਸੁਖਵਿੰਦਰ ਸਿੰਘ ਦੀ ਬੀਤੀ 24 ਮਾਰਚ ਦੀ ਰਾਤ ਨੂੰ ਅਚਾਨਕ ਮੌਤ ਹੋ ਗਈ ਸੀ। ਜਿਸਨੂੰ ਲੈ ਕੇ ਫੌਜ ਦੇ ਅਧਿਕਾਰੀਆਂ ਵੱਲੋਂ ਇਸਦਾ ਕਾਰਨ ਖੁਦਕੁਸ਼ੀ ਦੱਸਿਆ ਜਾ ਰਿਹਾ ਸੀ ਜਦਕਿ ਸੈਨਿਕ ਦੇ ਮਾਪੇ ਉਨ੍ਹਾਂ ਦੇ ਲਾਡਲੇ ਦੀ ਮੌਤ ਨਾਲ ਸਬੰਧਤ ਦਸਤਾਵੇਜ਼ਾਂ ਅਤੇ ਸਰਕਾਰੀ ਸਨਮਾਨਾਂ ਨਾਲ ਸੰਸਕਾਰ ਕੀਤੇ ਜਾਣ ਸਹਿਤ ਸਮੁੱਚੇ ਸਰਵਿਸ ਭੱਤੇ ਹਾਸਿਲ ਕਰਨ ਦੀ ਮੰਗ ਕਰ ਰਹੇ ਸਨ। ਮਗਰ ਇਕ ਹਫਤੇ ਤੋਂ ਇਸ ਮਾਮਲੇ ਨੂੰ ਲੈ ਕੇ ਚੱਲਿਆ ਆ ਰਿਹਾ ਡੈੱਡਲਾਕ ਦੇਰ ਸ਼ਾਮ ਲੱਦਾਖ ਤੋਂ ਪਹੁੰਚੇ ਮਿਲਟਰੀ ਦੇ ਅਧਿਕਾਰੀਆਂ ਵੱਲੋਂ ਸੈਨਿਕ ਦੀ ਮੌਤ ਨਾਲ ਸਬੰਧਤ ਸਮੁੱਚੀ ਜਾਂਚ ਜਾਰੀ ਰੱਖਣ ਅਤੇ ਹੋਰਨਾਂ ਮੰਗਾਂ ਸਬੰਧੀ ਪਰਿਵਾਰ ਨੂੰ ਭਰੋਸਾ ਦਿਲਾਏ ਜਾਣ ਉਪਰੰਤ ਅੱਜ ਸੈਨਿਕ ਦਾ ਪਿੰਡ ਦੇ ਸ਼ਮਸ਼ਾਨਘਾਟ ਵਿਖੇ ਸਸਕਾਰ ਕਰ ਦਿੱਤਾ ਗਿਆ।
ਇਸ ਦੌਰਾਨ ਜਦੋਂ ਸੈਨਿਕ ਦੀ ਮ੍ਰਿਤਕ ਦੇਹ ਨੂੰ ਘਰ ਵਿਖੇ ਲਿਆਂਦਾ ਗਿਆ ਤਾਂ ਸਮੁੱਚਾ ਪਰਿਵਾਰ ਆਪਣੇ ਲਾਡਲੇ ਪੁੱਤਰ ਦੀ ਦੇਹ ਨਾਲ ਲਿਪਟ ਕੇ ਵਿਲਾਪ ਕਰਦਾ ਰਿਹਾ। ਇਸ ਮੌਕੇ ਸ਼ਹੀਦ ਦੇ ਪਿਤਾ ਮੰਗਲ ਸਿੰਘ ਅਤੇ ਮਾਤਾ ਰਜਿੰਦਰ ਕੌਰ ਨੇ ਆਪਣੇ ਪੁੱਤਰ ਦੀ ਅਰਥੀ ਨੂੰ ਮੌਢਾ ਲਗਾ ਕੇ ਸ਼ਮਾਸ਼ਾਨਘਾਟ ਵਿਖੇ ਪਹੁੰਚਾਇਆ ਅਤੇ ਸੁਖਵਿੰਦਰ ਸਿੰਘ ਨੂੰ ਸਲਾਮੀ ਦਿੱਤੀ। ਇਸ ਦੌਰਾਨ ਸੈਨਿਕ ਸੁਖਵਿੰਦਰ ਸਿੰਘ ਨੂੰ ‘ਇਨਸਾਫ ਦਿਓ’ ਦੇ ਜ਼ੋਰਦਾਰ ਨਾਅਰੇ ਵੀ ਲਗਾਏ ਗਏ। ਇਸ ਮੌਕੇ ਪੰਜਾਬ ਸਰਕਾਰ ਤਰਫ਼ੋਂ ਪਹੁੰਚੇ ਹਲਕਾ ਰੂਪਨਗਰ ਦੇ ਵਿਧਾਇਕ ਦਿਨੇਸ਼ ਚੱਢਾ, ਪ੍ਰਸ਼ਾਸਨ ਦੀ ਤਰਫ਼ੋਂ ਪਹੁੰਚੇ ਆਰ.ਟੀ.ਓ. ਗੁਰਵਿੰਦਰ ਸਿੰਘ ਜੌਹਲ ਤੇ ਪੁਲਸ ਪ੍ਰਸ਼ਾਸਨ ਦੀ ਤਰਫ਼ੋਂ ਪਹੁੰਚੇ ਡੀ.ਐੱਸ.ਪੀ. ਅਜੇ ਸਿੰਘ ਤੋਂ ਇਲਾਵਾ ਡਾਇਰੈਕਟਰ ਰੱਖਿਆ ਸੇਵਾਵਾਂ ਭਲਾਈ ਪੰਜਾਬ ਅਤੇ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫਸਰ ਦੇ ਦਫ਼ਤਰ ਤੋਂ ਪਹੁੰਚੇ ਅਧਿਕਾਰੀਆਂ ਨੇ ਫੁੱਲਮਾਲਾਵਾਂ ਭੇਂਟ ਕਰਕੇ ਸੈਨਿਕ ਨੂੰ ਸਰਧਾਂਜ਼ਲੀ ਦਿੱਤੀ।
ਸੈਨਿਕ ਦੇ ਸਸਕਾਰ ਮੌਕੇ ਸਾਬਕਾ ਸੰਸਦ ਪ੍ਰੇਮ ਸਿੰਘ ਚੰਦੂਮਾਜਰਾ, ਦਰਬਾਰਾ ਸਿੰਘ ਬਾਲਾ, ਵੀਰ ਸਿੰਘ ਬੜਵਾ, ਮਾ. ਗੁਰਨੈਬ ਸਿੰਘ ਜੇਤੇਵਾਲ, ਹਰਪ੍ਰੀਤ ਭੱਟੋਂ, ਗੌਰਵ ਰਾਣਾ, ਡਾ. ਦਵਿੰਦਰ ਬਜਾਡ਼, ਬਾਬਾ ਸਰੂਪ ਸਿੰਘ, ਬਾਬਾ ਗੁਰਚਰਨ ਸਿੰਘ ਬੇਈਂਹਾਰਾ, ਸੱਤੂ ਥਿਆਡ਼ਾ, ਬੱਲ ਸਾਊਪੁਰੀਆ, ਸ਼ਿੰਗਾਰਾ ਸਿੰਘ, ਭਜਨ ਲਾਲ ਕਾਂਗਡ਼੍ਹ, ਮੇਹਰ ਬੱਬੂ, ਮਨਜਿੰਦਰ ਸਿੰਘ ਬਰਾਡ਼, ਬਚਿੱਤਰ ਭੱਠਲ, ਜਰਨੈਲ ਸਿੰਘ ਔਲਖ ਅਤੇ ਸਰਪੰਚ ਚਮਨ ਲਾਲ ਸਹਿਤ ਵੱਖ-ਵੱਖ ਸੰਗਠਨਾਂ ਦੇ ਨੁਮਾਇੰਦੇ ਅਤੇ ਭਾਰੀ ਗਿਣਤੀ ’ਚ ਇਲਾਕੇ ਦੇ ਲੋਕ ਹਾਜ਼ਰ ਸਨ।
ਪੂਰੀ ਤਰ੍ਹਾਂ ਇਨਸਾਫ ਨਹੀਂ ਮਿਲਿਆ ਹੈ : ਪਿਤਾ ਮੰਗਲ ਸਿੰਘ
ਇਸ ਮੌਕੇ ਸੈਨਿਕ ਸੁਖਵਿੰਦਰ ਸਿੰਘ ਦੇ ਪਿਤਾ ਮੰਗਲ ਸਿੰਘ ਨੇ ਦੁਖੀ ਮਨ ਨਾਲ ਆਖਿਆ ਕਿ ਉਨ੍ਹਾਂ ਦੇ ਪਰਿਵਾਰ ਨੂੰ ਅਜੇ ਤਾਈਂ ਪੂਰੀ ਤਰ੍ਹਾਂ ਇਨਸਾਫ ਨਹੀਂ ਮਿਲਿਆ ਹੈ। ਮਗਰ ਫਿਰ ਵੀ ਉਨ੍ਹਾਂ ਨੇ ਫੌਜ ਦੇ ਅਧਿਕਾਰੀਆਂ ਵੱਲੋਂ ਦਿੱਤੇ ਗਏ ਸਮੁੱਚੇ ਭਰੋਸੇ ਤੋਂ ਬਾਅਦ ਆਪਣੇ ਲਾਡਲੇ ਦੀਆਂ ਅੰਤਿਮ ਰਸਮਾਂ ਨਿਭਾ ਦਿੱਤੀਆਂ ਹਨ।
ਪੰਜਾਬ ਬੋਰਡ ਵਲੋਂ 5ਵੀਂ ਜਮਾਤ ਦੇ ਨਤੀਜਿਆਂ ਦਾ ਐਲਾਨ, ਵਿਦਿਆਰਥੀ ਇੰਝ ਚੈੱਕ ਕਰਨ ਆਪਣਾ Result
NEXT STORY