ਜਲੰਧਰ (ਪੁਨੀਤ) : ਪਾਵਰਕਾਮ ਦੇ ਪ੍ਰਤਾਪ ਬਾਗ ਸਥਿਤ ਬਿਜਲੀ ਘਰ ’ਚੋਂ 2.64 ਲੱਖ ਰੁਪਏ ਸ਼ੱਕੀ ਹਾਲਾਤ ’ਚ ਗਾਇਬ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਕੈਸ਼ੀਅਰ ਦਾ ਕਹਿਣਾ ਹੈ ਕਿ ਲੰਚ ਟਾਈਮ ਦੌਰਾਨ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਪਰ ਪੁਲਸ ਵੱਖ-ਵੱਖ ਪੱਖਾਂ ਤੋਂ ਜਾਂਚ ਕਰ ਰਹੀ ਹੈ। ਚੋਰੀ ਦੀ ਵਾਰਦਾਤ ਸਬੰਧੀ ਜਿਹੜੀ ਕਹਾਣੀ ਦੱਸੀ ਗਈ ਹੈ, ਉਸ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਹੋ ਰਹੇ ਹਨ। ਪਹਿਲੀ ਮੰਜ਼ਿਲ ’ਤੇ ਸਥਿਤ ਕੈਸ਼ ਕਾਊਂਟਰ ਨੇੜੇ ਸਟਾਫ ਤੇ ਲੋਕਾਂ ਦਾ ਆਉਣ-ਜਾਣ ਲੱਗਾ ਰਹਿੰਦਾ ਹੈ ਕਿਉਂਕਿ ਦੂਜੀ ਮੰਜ਼ਿਲ ’ਤੇ ਵੀ ਅਧਿਕਾਰੀਆਂ ਤੇ ਸਟਾਫ ਦਾ ਦਫ਼ਤਰ ਹੈ। ਸਿਰਫ ਅੱਧੇ ਘੰਟੇ ’ਚ ਪੈਸਿਆਂ ਦਾ ਗਾਇਬ ਹੋ ਜਾਣਾ ਕਿਵੇਂ ਸੰਭਵ ਹੋ ਸਕਿਆ, ਇਹ ਸੋਚਣ ਵਾਲੀ ਗੱਲ ਹੈ। ਦੱਬੀ ਜ਼ੁਬਾਨ ’ਚ ਗੱਲਾਂ ਉੱਠ ਰਹੀਆਂ ਹਨ ਤੇ ਇਹ ਕੰਮ ਕਿਸੇ ਭੇਤੀ ਦਾ ਹੋਣ ਦੇ ਖਦਸ਼ੇ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ।
ਪਾਵਰਕਾਮ ਵੈਸਟ ਡਵੀਜ਼ਨ (ਮਕਸੂਦਾਂ) ਅਧੀਨ ਪ੍ਰਤਾਪ ਬਾਗ ਸਥਿਤ ਬਿਜਲੀ ਘਰ ’ਚ ਦੁਪਹਿਰ 2 ਵਜੇ ਦੇ ਕਰੀਬ ਕੈਸ਼ ਚੋਰੀ ਹੋਣ ਦੀ ਸੂਚਨਾ ਨੂੰ ਲੈ ਕੇ ਹਫੜਾ-ਦਫੜੀ ਮਚ ਗਈ। ਐੱਲ. ਡੀ. ਸੀ. (ਲੋਅਰ ਡਵੀਜ਼ਨ ਕਲਰਕ)-ਕਮ-ਕੈਸ਼ੀਅਰ ਨਿਤਿਨ ਨੇ ਦੱਸਿਆ ਕਿ ਉਹ ਦੁਪਹਿਰ ਡੇਢ ਵਜੇ ਖਾਣਾ ਖਾਣ ਗਿਆ ਸੀ ਤੇ 2 ਵਜੇ ਜਦੋਂ ਵਾਪਸ ਆਇਆ ਤਾਂ ਦੇਖਿਆ ਕਿ ਕੈਸ਼ ਰੂਮ ’ਚੋਂ 2,64,557 ਰੁਪਏ ਕਿਸੇ ਨੇ ਚੋਰੀ ਕਰ ਲਏ ਸਨ। ਇਸ ਤੋਂ ਬਾਅਦ ਸੀਨੀਅਰ ਅਧਿਕਾਰੀਆਂ ਤੇ ਪੁਲਸ ਨੂੰ ਸੂਚਿਤ ਕੀਤਾ ਗਿਆ।
ਇਹ ਵੀ ਪੜ੍ਹੋ : ਬੋਸਟਨ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਨਵਾਂ COVID ਸਟ੍ਰੇਨ ਵਿਕਸਿਤ ਕਰਨ ਦਾ ਕੀਤਾ ਦਾਅਵਾ
ਸਵਾ 2 ਵਜੇ ਦੇ ਕਰੀਬ ਥਾਣਾ ਨੰ. 3 ਦੀ ਪੁਲਸ ਅਤੇ ਐਕਸੀਅਨ ਸੰਨੀ ਭਾਂਗੜਾ ਮੌਕੇ ’ਤੇ ਪਹੁੰਚੇ ਤੇ ਘਟਨਾ ਸਬੰਧੀ ਜਾਣਕਾਰੀ ਲਈ। ਕੈਸ਼ੀਅਰ ਨਿਤਿਨ ਮੁਤਾਬਕ ਪਹਿਲੀ ਮੰਜ਼ਿਲ ’ਤੇ ਸਥਿਤ ਕੈਸ਼ ਕਾਊਂਟਰ ਦੇ ਦਰਾਜ ਦੀਆਂ ਚਾਬੀਆਂ ਉਸ ਕੋਲ ਸਨ ਅਤੇ ਜਦੋਂ ਉਹ ਵਾਪਸ ਆਇਆ ਤਾਂ ਕੈਸ਼ ਕਾਊਂਟਰ ਟੁੱਟਾ ਹੋਇਆ ਸੀ ਤੇ ਨੇੜੇ ਪੇਚਕਸ ਪਿਆ ਹੋਇਆ ਸੀ। ਉਸ ਨੇ ਕਿਹਾ ਕਿ ਜਦੋਂ ਉਹ ਕੈਸ਼ ਕਾਊਂਟਰ ਦੇ ਅੰਦਰ ਗਿਆ ਤਾਂ ਬਿੱਲ ਜਮ੍ਹਾ ਕਰਵਾਉਣ ਆਏ 2 ਖਪਤਕਾਰ ਵੀ ਨੇੜੇ ਹੀ ਖੜ੍ਹੇ ਸਨ, ਜਿਹੜੇ ਕਿ ਇਸ ਘਟਨਾ ਦੇ ਗਵਾਹ ਹਨ।
ਇਹ ਵੀ ਪੜ੍ਹੋ : ਕੋਰੋਨਾ ਦੇ ਨਵੇਂ ਵੇਰੀਐਂਟ ਨੇ ਵਧਾਈ ਚਿੰਤਾ, ਤਿਉਹਾਰਾਂ ਤੋਂ ਪਹਿਲਾਂ BMC ਨੇ ਜਾਰੀ ਕੀਤੀ ਐਡਵਾਈਜ਼ਰੀ
ਆਰ. ਏ. (ਰੈਵੇਨਿਊ ਅਕਾਊਂਟੈਂਟ) ਹਰਮੀਤ ਕੌਰ, ਕਮਰਸ਼ੀਅਲ ਐੱਸ. ਡੀ. ਓ. ਦਵਿੰਦਰ ਕੁਮਾਰ ਸਮੇਤ ਪਾਵਰਕਾਮ ਦਾ ਸਟਾਫ ਮੌਕੇ ’ਤੇ ਮੌਜੂਦ ਰਿਹਾ। ਪਾਵਰਕਾਮ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੁਲਸ ਨੂੰ ਜਾਣਕਾਰੀ ਦੇ ਦਿੱਤੀ ਗਈ ਹੈ। ਐਕਸੀਅਨ ਸੰਨੀ ਭਾਂਗੜਾ ਨੇ ਕਿਹਾ ਕਿ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਉਨ੍ਹਾਂ ਮੌਕਾ ਦੇਖਿਆ ਹੈ ਤੇ ਇਸ ਬਾਰੇ ਸਰਕਲ ਹੈੱਡ ਇੰਦਰਪਾਲ ਸਿੰਘ ਨੂੰ ਸੂਚਨਾ ਦੇ ਦਿੱਤੀ ਗਈ ਹੈ। ਇੰਜੀਨੀਅਰ ਭਾਂਗੜਾ ਨੇ ਕਿਹਾ ਕਿ ਕੈਸ਼ ਚੋਰੀ ਹੋਇਆ ਹੈ, ਜਦੋਂ ਕਿ ਖਪਤਕਾਰਾਂ ਵੱਲੋਂ ਦਿੱਤੇ ਗਏ ਬਿੱਲਾਂ ਦੇ ਚੈੱਕ ਸੁਰੱਖਿਅਤ ਹਨ।
ਸਵਾਲਾਂ ਦੇ ਘੇਰੇ ’ਚ ਆਇਆ ਕੈਸ਼ ਕਾਊਂਟਰ ’ਚ CCTV ਨਾ ਲਾਉਣਾ
ਲੰਚ ਟਾਈਮ ਦੌਰਾਨ ਅੱਧੇ ਘੰਟੇ ਅੰਦਰ ਹੋਈ ਇਸ ਵਾਰਦਾਤ ਨਾਲ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਹੋਏ ਹਨ। ਇਸ ਵਿਚ ਸਭ ਤੋਂ ਵੱਡੀ ਹੈਰਾਨੀ ਵਾਲੀ ਗੱਲ ਇਹ ਹੈ ਕਿ ਕੈਸ਼ ਕਾਊਂਟਰ ’ਚ ਸੀ. ਸੀ. ਟੀ. ਵੀ. ਕੈਮਰਾ ਨਹੀਂ ਲੱਗਾ ਹੋਇਆ, ਜਿਹੜਾ ਕਿ ਵਿਭਾਗੀ ਲਾਪ੍ਰਵਾਹੀ ਨੂੰ ਦਰਸਾਉਂਦਾ ਹੈ। ਪ੍ਰਸ਼ਾਸਨ ਵੱਲੋਂ ਸਮੇਂ-ਸਮੇਂ ’ਤੇ ਹੁਕਮ ਜਾਰੀ ਕਰਕੇ ਕੈਸ਼ ਵਾਲੇ ਸਥਾਨਾਂ ’ਤੇ ਸੀ. ਸੀ. ਟੀ. ਵੀ. ਲਾਉਣ ਦੀਆਂ ਹਦਾਇਤਾਂ ਜਾਰੀ ਹੁੰਦੀਆਂ ਰਹਿੰਦੀਆਂ ਹਨ ਪਰ ਵਿਭਾਗ ਨੇ ਇਸ ਨੂੰ ਨਜ਼ਰਅੰਦਾਜ਼ ਕੀਤਾ, ਜਿਸ ਕਾਰਨ ਸ਼ੱਕੀ ਹਾਲਾਤ ’ਚ ਕੈਸ਼ ਗਾਇਬ ਹੋਣ ਦਾ ਕੋਈ ਸਬੂਤ ਨਹੀਂ ਬਚਿਆ।
ਇਹ ਵੀ ਪੜ੍ਹੋ : ਕਰਜ਼ੇ ਤੋਂ ਤੰਗ ਕਿਸਾਨ ਨੇ ਕੀਤੀ ਖ਼ੁਦਕੁਸ਼ੀ, ਗੁਲਾਬੀ ਸੁੰਡੀ ਕਾਰਨ ਫਸਲ ਹੋ ਗਈ ਸੀ ਬਰਬਾਦ
ਪ੍ਰਤਾਪ ਬਾਗ ਬਿਜਲੀ ਘਰ ’ਚ ਸੁਰੱਖਿਆ ਜ਼ੀਰੋ
ਵੈਸਟ ਡਵੀਜ਼ਨ ਅਧੀਨ ਪ੍ਰਤਾਪ ਬਾਗ ਬਿਜਲੀ ਘਰ ’ਚ 2 ਕੈਸ਼ ਕਾਊਂਟਰ ਹਨ, ਜਿੱਥੇ ਰੁਟੀਨ ’ਚ ਲੱਖਾਂ ਰੁਪਏ ਦਾ ਕੈਸ਼ ਜਮ੍ਹਾ ਹੁੰਦਾ ਹੈ। ਇਥੇ ਮਹਿਲਾ ਸਟਾਫ ਸਮੇਤ ਕਈ ਐੱਸ. ਡੀ. ਓ. ਵੀ ਬੈਠਦੇ ਹਨ। ਇਸ ਬਹੁ-ਮੰਜ਼ਿਲਾ ਇਮਾਰਤ ’ਚ ਸੁਰੱਖਿਆ ਦੀ ਬਹੁਤ ਘਾਟ ਹੈ। ਇਥੇ ਕੋਈ ਵੀ ਸੁਰੱਖਿਆ ਕਰਮਚਾਰੀ ਮੌਜੂਦ ਨਹੀਂ ਹੁੰਦਾ, ਜੋ ਕਿ ਵਿਭਾਗੀ ਲਾਪ੍ਰਵਾਹੀ ਨੂੰ ਦਰਸਾਉਂਦਾ ਹੈ। ਇਥੇ ਸ਼ਿਕਾਇਤ ਕੇਂਦਰ ਵੀ ਮੌਜੂਦ ਹੈ, ਬਿਜਲੀ ਦੇ ਫਾਲਟ ਠੀਕ ਨਾ ਹੋਣ ਸਬੰਧੀ ਕਈ ਵਾਰ ਖਪਤਕਾਰਾਂ ਵੱਲੋਂ ਇਥੇ ਹੰਗਾਮਾ ਵੀ ਕੀਤਾ ਜਾ ਚੁੱਕਾ ਹੈ। ਨਾਂ ਨਾ ਛਾਪਣ ਦੀ ਸੂਰਤ ’ਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਥੇ ਸੁਰੱਖਿਆ ਕਰਮਚਾਰੀ ਹੋਣਾ ਚਾਹੀਦਾ ਹੈ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਕਰਜ਼ੇ ਤੋਂ ਤੰਗ ਕਿਸਾਨ ਨੇ ਕੀਤੀ ਖ਼ੁਦਕੁਸ਼ੀ, ਗੁਲਾਬੀ ਸੁੰਡੀ ਕਾਰਨ ਫਸਲ ਹੋ ਗਈ ਸੀ ਬਰਬਾਦ
NEXT STORY