ਫਗਵਾੜਾ (ਜਲੋਟਾ) – ਫਗਵਾੜਾ ’ਚ ਕਾਨੂੰਨ ਵਿਵਸਥਾ ਦਾ ਮੰਦਾ ਹਾਲ ਹੈ। ਫਗਵਾੜਾ ’ਚ ਵਾਪਰੀ ਸੰਨਸਨੀਖੇਜ ਵਾਰਦਾਤ ਚ ਹੁਣ ਈ-ਰਿਕਸ਼ਾ ਚਲਾਉਣ ਵਾਲੇ ਇਕ ਪ੍ਰਵਾਸੀ ਮਜ਼ਦੂਰ ਜੋ ਇੱਕ ਬੱਚੇ ਦਾ ਪਿਤਾ ਹੈ, ਦੀ ਸ਼ਹਿਰ ਦੇ ਸੰਘਣੀ ਆਬਾਦੀ ਵਾਲੇ ਬਾਬਾ ਗਧੀਆ ਇਲਾਕੇ ’ਚ ਸੁਵਿਧਾ ਕੇਂਦਰ ਲਾਗੇ ਭੇਦਭਰੇ ਹਾਲਾਤਾਂ ’ਚ ਮੋਟਰਸਾਈਕਲ ਸਵਾਰ ਦੋ ਅਣਪਛਾਤੇ ਪਿਸਤੌਲਧਾਰੀ ਕਾਤਲਾਂ ਵੱਲੋਂ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ।
ਅਹਿਮ ਗੱਲ ਇਹ ਵੀ ਹੈ ਕਿ ਗੋਲੀਕਾਂਡ ਅਤੇ ਪ੍ਰਵਾਸੀ ਮਜ਼ਦੂਰ ਦੇ ਕਤਲ ਦੀ ਟਾਈਮਿੰਗ ਛੱਠ ਪੂਜਾ ਤਿਉਹਾਰ ਦੇ ਮੌਕੇ ਰਹੀ ਹੈ। ਹੁਣ ਇਹ ਮਹਿਜ ਇਤਫਾਕ ਹੈ ਜਾਂ ਕੁਝ ਹੋਰ ਇਸ ਦਾ ਪਤਾ ਤਾਂ ਪੁਲਸ ਵੱਲੋਂ ਕਾਤਲਾਂ ਨੂੰ ਗ੍ਰਿਫਤਾਰ ਕੀਤੇ ਜਾਣ ਤੋਂ ਬਾਅਦ ਹੀ ਚੱਲ ਪਾਏਗਾ।
‘ਜਗ ਬਾਣੀ’ ਨਾਲ ਗੱਲਬਾਤ ਕਰਦੇ ਹੋਏ ਕਤਲਕਾਂਡ ਦੀ ਜਾਂਚ ਕਰ ਰਹੇ ਡੀ. ਐੱਸ. ਪੀ. ਫਗਵਾੜਾ ਭਾਰਤ ਭੂਸ਼ਣ ਨੇ ਕੀਤੇ ਗਏ ਕਤਲ ਦੀ ਅਧਿਕਾਰਿਕ ਤੌਰ ’ਤੇ ਤਸਦੀਕ ਕਰਦੇ ਹੋਏ ਦੱਸਿਆ ਕਿ ਮ੍ਰਿਤਕ ਪ੍ਰਵਾਸੀ ਮਜ਼ਦੂਰ ਦੀ ਪਛਾਣ ਕੁਲਦੀਪ ਮੂਲ ਵਾਸੀ ਝਾਰਖੰਡ ਹਾਲ ਵਾਸੀ ਸੁਖਚੈਨ ਨਗਰ ਫਗਵਾੜਾ ਵਜੋਂ ਹੋਈ ਹੈ।
ਉਨ੍ਹਾਂ ਦੱਸਿਆ ਕਿ ਮ੍ਰਿਤਕ ਕੁਲਦੀਪ ਵਿਆਹਿਆ ਹੋਇਆ ਹੈ ਅਤੇ ਇਕ ਬੱਚੇ ਦਾ ਪਿਤਾ ਹੈ। ਬੀਤੀ ਦੇਰ ਰਾਤ ਸ਼ਹਿਰ ਦੇ ਸੰਘਣੀ ਆਬਾਦੀ ਵਾਲੇ ਬਾਬਾ ਗਧੀਆ ਇਲਾਕੇ ’ਚ ਜਦੋਂ ਉਹ ਈ-ਰਿਕਸ਼ਾ ਚਲਾ ਕੇ ਆਪਣੇ ਘਰ ਸੁਖਚੈਨ ਨਗਰ ਵਾਪਸ ਪਰਤ ਰਿਹਾ ਸੀ ਤਾਂ ਕੁਲਦੀਪ ਨੂੰ ਵਿਚ ਸੜਕ ਰੋਕ ਕੇ ਦੋ ਮੋਟਰਸਾਈਕਲ ਸਵਾਰ ਅਣਪਛਾਤੇ ਕਾਤਲਾਂ ਨੇ ਗੋਲੀ ਮਾਰ ਕੇ ਉਸਦਾ ਕਤਲ ਕਰ ਦਿੱਤਾਂਂ ਹੈ। ਕੁਲਦੀਪ ਨੂੰ ਕਾਤਲਾਂ ਨੇ ਪੁਆਇੰਟ ਬਲੈਂਕ ਰੇਂਜ ਤੇ ਗੋਲੀ ਮਾਰੀ ਹੈ।
ਡੀ. ਐੱਸ.ਪੀ. ਭਾਰਤ ਭੂਸ਼ਣ ਨੇ ਦੱਸਿਆ ਕਿ ਮ੍ਰਿਤਕ ਕੁਲਦੀਪ ਫਗਵਾੜਾ ਦੇ ਸੁਖਚੈਨ ਨਗਰ ਇਲਾਕੇ ’ਚ ਬੀਤੇ 10-15 ਸਾਲਾਂ ਤੋਂ ਕਿਰਾਏ ਦੇ ਮਕਾਨ ’ਚ ਪਰਿਵਾਰ ਸਮੇਤ ਰਹਿ ਰਿਹਾ ਸੀ। ਕੁਲਦੀਪ ਨੂੰ ਗੋਲੀ ਲੱਗਣ ਤੋਂ ਬਾਅਦ ਜ਼ਖਮੀਂ ਹਾਲਤ ’ਚ ਫਗਵਾੜਾ ਸਿਵਲ ਹਸਪਤਾਲ ਭਰਤੀ ਕਰਵਾਇਆ ਗਿਆ ਸੀ, ਜਿੱਥੇ ਉਸ ਦੀ ਬਣੀ ਹੋਈ ਨਾਜ਼ੁਕ ਹਾਲਤ ਨੂੰ ਵੇਖਦੇ ਹੋਏ ਉਸ ਨੂੰ ਸਰਕਾਰੀ ਡਾਕਟਰਾਂ ਦੀ ਟੀਮ ਵੱਲੋਂ ਜਲੰਧਰ ਵਿਖੇ ਵੱਡੇ ਹਸਪਤਾਲ ਲਈ ਰੈਫਰ ਕਰ ਦਿੱਤਾ ਗਿਆ ਸੀ, ਜਿੱਥੇ ਉਸਦੀ ਮੌਤ ਹੋ ਗਈ ਹੈ।
ਉਨ੍ਹਾਂ ਕਿਹਾ ਕਿ ਹਾਲੇ ਤੱਕ ਇਸ ਗੱਲ ਦਾ ਪਤਾ ਨਹੀਂ ਲੱਗ ਸਕਿਆ ਹੈ ਕਿ ਇਸ ਕਤਲਕਾਂਡ ਦੇ ਪਿੱਛੇ ਕੀ ਕਾਰਨ ਰਹੇ ਹੋ ਸਕਦੇ ਹਨ ਪਰ ਪੁਲਸ ਹੱਤਿਆਕਾਂਡ ਸਬੰਧੀ ਹਰ ਪੱਖੋਂ ਜਾਂਚ ਕਰ ਰਹੀ ਹੈ।
ਕਤਲ ਕੀਤੇ ਗਏ ਕੁਲਦੀਪ ਦੇ ਕਰੀਬੀ ਦੋਸਤ ਚੁੰਨੂ ਖਾਨ (ਮੁੰਨਾ) ਨੇ ਦਾਅਵਾ ਕੀਤਾ ਹੈ ਕਿ ਗੋਲੀ ਲੱਗਣ ਤੋਂ ਤੁਰੰਤ ਬਾਅਦ ਮ੍ਰਿਤਕ ਕੁਲਦੀਪ ਨੇ ਆਪਣੇ ਦੋਸਤਾਂ ਅਤੇ ਪਤਨੀ ਨੂੰ ਫੋਨ ਕਰ ਕੇ ਦੱਸਿਆ ਸੀ ਕਿ ਉਸ ਨੂੰ ਗੋਲੀ ਮਾਰੀ ਗਈ ਹੈ। ਚੂਨੂੰ ਖਾਨ ਦੇ ਦੱਸਣ ਅਨੁਸਾਰ ਕੁਲਦੀਪ ਲਗਾਤਾਰ ਇਹੋ ਗੱਲ ਆਖ ਰਿਹਾ ਸੀ ਕਿ ਉਹ ਮਰਨਾ ਨਹੀਂ ਚਾਹੁੰਦਾ, ਉਸ ਨੂੰ ਬਚਾ ਲਓ। ਇਸ ਤੋਂ ਬਾਅਦ ਉਹ ਅਤੇ ਉਸਦੇ ਪਰਿਵਾਰਿਕ ਮੈਂਬਰ ਬਾਬਾ ਗਧੀਆ ਉਸ ਥਾਂ ’ਤੇ ਪੁੱਜੇ ਜਿੱਥੇ ਕੁਲਦੀਪ ਈ ਰਿਕਸ਼ਾ ’ਚ ਗੋਲੀ ਲੱਗਣ ਤੋਂ ਬਾਅਦ ਖੂਨੋ-ਖੂਨ ਹੋਇਆ ਪਿਆ ਹੋਇਆ ਸੀ। ਫਿਰ ਉਹ ਉਸ ਨੂੰ ਉਸਦੀ ਹੀ ਰਿਕਸ਼ਾ ’ਚ ਬਿਠਾ ਕੇ ਸਿਵਿਲ ਹਸਪਤਾਲ ਫਗਵਾੜਾ ਇਲਾਜ ਲਈ ਲੈ ਆਏ, ਜਿੱਥੇ ਉਸ ਨੂੰ ਅਗੇਤੇ ਇਲਾਜ ਲਈ ਸਰਕਾਰੀ ਡਾਕਟਰਾਂ ਦੀ ਟੀਮ ਵੱਲੋਂ ਉਸ ਦੀ ਬਣੀ ਹੋਈ ਨਾਜ਼ੁਕ ਹਾਲਤ ਨੂੰ ਵੇਖਦੇ ਹੋਏ ਜਲੰਧਰ ਦੇ ਬੜੇ ਹਸਪਤਾਲ ਲਈ ਰੈਫਰ ਕਰ ਦਿੱਤਾ ਗਿਆ। ਜਿੱਥੇ ਕਰੀਬ ਦੋ ਘੰਟੇ ਬਾਅਦ ਉਸਦੀ ਮੌਤ ਹੋ ਗਈ।
ਚੁੰਨੂ ਖਾਨ ਨੇ ਦਾਅਵਾ ਕੀਤਾ ਹੈ ਕਿ ਇਹ ਕਤਲ ਲੁੱਟ ਖੋਹ ਦੇ ਇਰਾਦੇ ਨਾਲ ਨਹੀਂ ਹੋਇਆ ਹੈ? ਕਿਉਂਕਿ ਮ੍ਰਿਤਕ ਕੁਲਦੀਪ ਦਾ ਮੋਬਾਈਲ ਫੋਨ ਨਗਦੀ ਈ ਰਿਕਸ਼ਾ ’ਚ ਲੱਗੀ ਬੈਟਰੀ ਅਤੇ ਹੋਰ ਸਾਮਾਨ ਸਭ ਕੁਝ ਸਹੀ ਸਲਾਮਤ ਮੌਕੇ ਤੇ ਮੌਜੂਦ ਸੀ।
ਉਸਨੇ ਕਿਹਾ ਕਿ ਕਾਤਲ ਲੁਟੇਰੇ ਨਹੀਂ ਸਨ ਕਿਉਂਕਿ ਜੇਕਰ ਇੰਝ ਹੁੰਦਾ ਤਾਂ ਉਹ ਉਸਦਾ ਮੋਬਾਈਲ ਫੋਨ ਵੀ ਲੁੱਟ ਕੇ ਲੈ ਜਾਂਦੇ ਪਰ ਕੁਲਦੀਪ ਨੇ ਆਪਣੇ ਮੋਬਾਈਲ ਫੋਨ ਤੋਂ ਹੀ ਉਸ ਨੂੰ ਅਤੇ ਆਪਣੇ ਪਰਿਵਾਰਿਕ ਮੈਂਬਰਾਂ ਨੂੰ ਗੋਲੀ ਲੱਗਣ ਦੀ ਜਾਣਕਾਰੀ ਦਿੱਤੀ ਸੀ।
ਉਨ੍ਹਾਂ ਦਾਅਵਾ ਕੀਤਾ ਕਿ ਮ੍ਰਿਤਕ ਕੁਲਦੀਪ ਦਾ ਕਿਸੇ ਦੇ ਨਾਲ ਕੋਈ ਲੜਾਈ ਝਗੜਾ ਅਤੇ ਆਪਸੀ ਰੰਜਿਸ਼ ਲਾਗ ਡਾਟ ਆਦੀ ਨਹੀਂ ਸੀ। ਉਹ ਤਾਂ ਬਹੁਤ ਸ਼ਾਂਤ ਸੁਭਾਵ ਦਾ ਮਿਹਨਤੀ ਪ੍ਰਵਾਸੀ ਮਜ਼ਦੂਰ ਸੀ, ਜੋ ਮਿਹਨਤ ਕਰਕੇ ਆਪਣੇ ਪਰਿਵਾਰ ਦਾ ਫਗਵਾੜਾ ’ਚ ਪਾਲਣ ਪੋਸ਼ਣ ਕਰ ਰਿਹਾ ਸੀ।
ਕਤਲ ਟਾਰਗੈੱਟ ਕਿਲਿੰਗ ਲੱਗ ਰਿਹਾ : ਡੀ. ਐੱਸ. ਪੀ.
ਡੀ. ਐੱਸ.ਪੀ. ਭਾਰਤ ਭੂਸ਼ਣ ਨੇ ਦੱਸਿਆ ਕਿ ਹਾਲੇ ਤੱਕ ਚੱਲੀ ਪੁਲਸ ਜਾਂਚ ’ਚ ਇੰਝ ਜਾਪ ਰਿਹਾ ਹੈ ਕਿ ਕਾਤਲਾਂ ਨੇ ਈ-ਰਿਕਸ਼ਾ ਚਲਾ ਰਹੇ ਕੁਲਦੀਪ ਦਾ ਮੋਟਰਸਾਈਕਲ ’ਤੇ ਪਿੱਛਾ ਕੀਤਾ ਅਤੇ ਮੌਕਾ ਮਿਲਦੇ ਹੀ ਉਸ ਨੂੰ ਪੁਆਇੰਟ ਬਲੈਂਕ ਰੇਂਜ ਤੇ ਗੋਲੀ ਮਾਰ ਦਿੱਤੀ।
ਉਨ੍ਹਾਂ ਕਿਹਾ ਕਿ ਹਾਲੇ ਤੱਕ ਹੋਈ ਜਾਂਚ ’ਚ ਇਹ ਮਾਮਲਾ ਟਾਰਗੇਟਡ ਕਿਲਿੰਗ ਦਾ ਜਾਪ ਰਿਹਾ ਹੈ। ਪਰ ਇਹ ਕਤਲ ਕਿਉਂ ਕੀਤਾ ਗਿਆ ਅਤੇ ਇਸਦੇ ਪਿੱਛੇ ਕੀ ਕਾਰਨ ਰਹੇ ਹਨ, ਇਸ ਸਾਰੇ ਤੱਥਾਂ ਸਬੰਧੀ ਪੁਲਸ ਕਤਲ ਕਾਂਡ ਦੀ ਬਰੀਕੀ ਨਾਲ ਜਾਂਚ ਕਰ ਰਹੀ ਹੈ। ਜਦ ਤੱਕ ਪੁਲਸ ਜਾਂਚ ਜਾਰੀ ਹੈ ਕੁਝ ਵੀ ਕਹਿਣਾ ਜਲਦਬਾਜ਼ੀ ਹੋਵੇਗੀ।
ਇਲਾਕੇ ਦੀ ਹਰ ਜਗ੍ਹਾ ਤੋਂ ਚੰਗੀ ਤਰ੍ਹਾਂ ਜਾਣੂ ਸਨ ਕਾਤਲ
ਡੀ. ਐੱਸ. ਪੀ. ਭਾਰਤ ਭੂਸ਼ਣ ਨੇ ਦੱਸਿਆ ਕਿ ਹਾਲੇ ਤੱਕ ਹੋਈ ਪੁਲਸ ਜਾਂਚ ਇਹ ਵੀ ਪਤਾ ਚੱਲਿਆ ਹੈ ਕਿ ਜਿਸ ਥਾਂ ’ਤੇ ਕੁਲਦੀਪ ਨੂੰ ਕਾਤਲਾਂ ਨੇ ਗੋਲੀ ਮਾਰੀ ਹੈ, ਉਹ ਉਸ ਥਾਂ ਤੋਂ ਚੰਗੀ ਤਰ੍ਹਾਂ ਨਾਲ ਜਾਣੂ ਸਨ। ਜਿੱਥੇ ਗੋਲੀ ਮਾਰੀ ਗਈ ਹੈ, ਉੱਥੇ ਸੀ.ਸੀ.ਟੀ.ਵੀ. ਕੈਮਰੇ ਆਦੀ ਨਹੀਂ ਲੱਗੇ ਹੋਏ ਹਨ। ਯਾਨੀ ਕਾਤਲਾਂ ਨੂੰ ਪਤਾ ਸੀ ਕਿ ਉਹ ਸੀ. ਸੀ. ਟੀ. ਵੀ. ਕੈਮਰਿਆਂ ਦੀ ਨਜ਼ਰ ਤੋਂ ਬਾਹਰ ਹਨ ਪਰ ਪੁਲਸ ਆਸ-ਪਾਸ ਦੇ ਲੱਗੇ ਹੋਏ ਸੀ. ਸੀ. ਟੀ. ਵੀ. ਕੈਮਰਿਆਂ ਦੀ ਬਰੀਕੀ ਨਾਲ ਜਾਂਚ ਕਰ ਰਹੀ ਹੈ ਅਤੇ ਕਤਲਕਾਂਡ ਸਬੰਧੀ ਕੁਝ ਇਹੋ ਜਿਹੀਆਂ ਲੀਡਸ ਵੀ ਪੁਲਸ ਨੂੰ ਮੌਕੇ ਤੋਂ ਮਿਲੀਆਂ ਹਨ, ਜਿਸ ਨੂੰ ਆਧਾਰ ਬਣਾ ਕੇ ਕਤਲਕਾਂਡ ਨੂੰ ਜਲਦ ਟਰੇਸ ਕਰਨ ਦੀ ਸੰਭਾਵਨਾ ਹੈ।
ਵਾਰਦਾਤ ਤੋਂ ਬਾਅਦ ਲੋਕਾਂ ’ਚ ਭਾਰੀ ਡਰ
ਫਗਵਾੜਾ ’ਚ ਪ੍ਰਵਾਸੀ ਮਜ਼ਦੂਰ ਕੁਲਦੀਪ ਦੀ ਗੋਲੀ ਮਾਰ ਕੇ ਕੀਤੀ ਗਈ ਹੱਤਿਆ ਤੋਂ ਬਾਅਦ ਲੋਕਾਂ ਖਾਸਕਰ ਪ੍ਰਵਾਸੀ ਮਜ਼ਦੂਰਾਂ ’ਚ ਭਾਰੀ ਡਰ ਅਤੇ ਦਹਿਸ਼ਤ ਦਾ ਮਾਹੌਲ ਪਾਈਆ ਜਾ ਰਿਹਾ ਹੈ।
ਲੋਕਾਂ ਨੇ ਕਿਹਾ ਕਿ ਉਹ ਹੈਰਾਨ ਹਨ ਕਿ ਇੱਥੇ ਆਏ ਦਿਨ ਹੁਣ ਗੋਲੀਆਂ ਚਲਣਾ ਆਮ ਗੱਲ ਹੋ ਗਈ ਹੈ। ਕੁਝ ਦਿਨ ਪਹਿਲਾਂ ਹੀ ਤਾਂ ਫਗਵਾੜਾ ਦੇ ਪਿੰਡ ਰਾਣੀਪੁਰ ਕੰਬੋਆਂ ’ਚ ਅਤੇ ਫਿਰ ਉਸ ਤੋਂ ਬਾਅਦ ਪਿੰਡ ਮੇਹਟਾਂ ਦੇ ਲਾਗੇ ਈਸਟਵੁੱਡ ਵਿਲੇਜ ਚ ਗੋਲੀਆਂ ਚੱਲੀਆਂ ਸਨ ਜਿਸ ’ਚ ਦੋ ਲੋਕ ਜ਼ਖਮੀਂ ਹੋਏ ਸਨ।
ਹਾਲੇ ਤਾਂ ਪੁਲਸ ਵੱਲੋਂ ਇਨ੍ਹਾਂ ਗੋਲੀਕਾਂਡਾਂ ਦੀ ਹੀ ਜਾਂਚ ਦਾ ਜਿੱਥੇ ਦੌਰ ਜਾਰੀ ਹੈ, ਉਥੇ ਹੁਣ ਸ਼ਹਿਰ ਦੇ ਬੇਹੱਦ ਸੰਘਣੀ ਆਬਾਦੀ ਵਾਲੇ ਬਾਬਾ ਗਧੀਆ ਇਲਾਕੇ ’ਚ ਮਿਹਨਤ ਮਜ਼ਦੂਰੀ ਕਰਕੇ ਆਪਣਾ ਅਤੇ ਆਪਣੇ ਪਰਿਵਾਰ ਦਾ ਢਿੱਡ ਪਾਲ ਰਹੇ ਕੁਲਦੀਪ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਜਾਂਦਾ ਹੈ।
ਲੋਕਾਂ ਨੇ ਕਿਹਾ ਕਿ ਜੋ ਹਾਲਾਤ ਹੁਣ ਫਗਵਾੜਾ ’ਚ ਵੇਖਣ ਨੂੰ ਮਿਲ ਰਹੇ ਹਨ, ਇਹੋ ਜਿਹੇ ਮਾੜੇ ਹਾਲਾਤ ਤਾਂ ਪੰਜਾਬ ’ਚ ਅੱਤਵਾਦ ਦੇ ਕਾਲੇ ਦੌਰ ਦੇ ਦਿਨਾਂ ’ਚ ਵੀ ਇੱਥੇ ਵੇਖਣ ਨੂੰ ਨਹੀਂ ਮਿਲੇ ਸਨ। ਫਗਵਾੜਾ ’ਚ ਕਾਨੂੰਨ ਵਿਵਸਥਾ ਦਾ ਬਹੁਤ ਬੁਰਾ ਅਤੇ ਮੰਦਾ ਹਾਲ ਹੈ ਪਰ ਪੰਜਾਬ ਦੀ ‘ਆਪ’ ਸਰਕਾਰ ਨੂੰ ਤਾਂ ਫਗਵਾਡ਼ਾ ’ਚ ਬਣੇ ਹੋਏ ਭੈਡ਼ੇ ਹਾਲਾਤ ਵਿਖਾਈ ਹੀ ਨਹੀਂ ਦੇ ਰਹੇ ਹਨ। ਪਤਾ ਨਹੀਂ ਹਾਲੇ ਹੋਰ ਕੀ ਕੁੱਛ ਵੇਖਣਾ ਬਾਕੀ ਹੈ।
ਰੀਪਰ ਦੀ ਚਪੇਟ 'ਚ ਆਉਣ ਕਾਰਨ ਨੌਜਵਾਨ ਦੀ ਮੌਤ
NEXT STORY