ਅੰਮ੍ਰਿਤਸਰ (ਸੰਜੀਵ) : ਭੁਪਿੰਦਰ ਸਿੰਘ ਕਲੇਰ, ਮੈਂ ਉਮੀਦ ਕਰਦਾ ਹਾਂ ਕਿ ਤੂੰ ਮੇਰਾ ਨਾਂ ਜ਼ਰੂਰ ਸੁਣਿਆ ਹੋਵੇਗਾ, ਮੈਂ ਹਾਂ ਗੈਂਗਸਟਰ ਲਾਰੈਂਸ ਬਿਸ਼ਨੋਈ। ਮੁੱਕਦੀ ਗੱਲ ਹੈ ਕਿ ਮੈਂ ਤੈਨੂੰ ਫੋਨ ਕਰ ਕੇ ਕੰਟੈਕਟ ਕੀਤਾ ਪਰ ਤੂੰ ਮੇਰਾ ਫੋਨ ਨਹੀਂ ਚੁੱਕਿਆ, ਇਸ ਕਰ ਕੇ ਮੈਂ ਤੈਨੂੰ ਲੈਟਰ ਭੇਜ ਕੇ ਕੰਟੈਕਟ ਕੀਤਾ। ਇਹ ਉਹ ਲਾਈਨਾਂ ਹਨ, ਜੋ ਵਪਾਰੀ ਭੁਪਿੰਦਰ ਸਿੰਘ ਨੂੰ ਮਿਲੇ 2 ਪੰਨਿਆਂ ਦੇ ਧਮਕੀ ਭਰੇ ਪੱਤਰ 'ਚ ਲਿਖੀਆਂ ਹਨ। ਇਹ ਲਿਖਣ ਵਾਲੇ ਨੇ ਆਪਣੇ-ਆਪ ਨੂੰ ਗੈਂਗਸਟਰ ਲਾਰੈਂਸ ਬਿਸ਼ਨੋਈ ਦੱਸਿਆ ਅਤੇ ਭੁਪਿੰਦਰ ਸਿੰਘ ਅਤੇ ਉਸ ਦੇ ਬੱਚਿਆਂ ਦੀ ਜਾਨ ਦੇ ਇਵਜ਼ 'ਚ 10 ਲੱਖ ਰੁਪਏ ਦੀ ਫਿਰੌਤੀ ਮੰਗੀ ਸੀ। ਇਸ ਧਮਕੀ ਨੂੰ ਪੁਲਸ ਤੱਕ ਪਹੁੰਚਾਉਣ 'ਤੇ ਗੈਂਗਸਟਰ ਨੇ ਇਸ ਰਕਮ ਨੂੰ 20 ਲੱਖ ਰੁਪਏ ਕਰਨ ਨੂੰ ਵੀ ਕਿਹਾ ਸੀ। ਇਸ ਵਿਚ ਸਾਫ ਲਿਖਿਆ ਸੀ ਕਿ ਜੇਕਰ ਉਹ ਪੈਸੇ ਨਹੀਂ ਪਹੁੰਚਾਉਂਦਾ ਤਾਂ ਉਸ ਦੇ ਦੋਵਾਂ ਲੜਕਿਆਂ ਮਨਰਾਜ ਅਤੇ ਰਾਜ ਕੁਮਾਰ ਨੂੰ ਨੁਕਸਾਨ ਪਹੁੰਚਾਇਆ ਜਾਵੇਗਾ।
ਫਿਰੌਤੀ ਦੇ ਇਸ ਸੰਵੇਦਨਸ਼ੀਲ ਮਾਮਲੇ ਨੂੰ ਥਾਣਾ ਰਣਜੀਤ ਐਵੀਨਿਊ ਦੇ ਇੰਚਾਰਜ ਐੱਸ. ਆਈ. ਰੌਬਿਨ ਹੰਸ ਨੇ ਬੜੀ ਚੌਕਸੀ ਨਾਲ ਸੁਲਝਾਇਆ ਅਤੇ ਦੋਵਾਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ, ਜਿਨ੍ਹਾਂ 'ਚ ਪ੍ਰਭਜੋਤ ਸਿੰਘ ਪ੍ਰਭ ਵਾਸੀ ਰਣਜੀਤ ਵਿਹਾਰ ਲੋਹਾਰਕਾ ਰੋਡ ਅਤੇ ਸੰਜੀਵ ਕੁਮਾਰ ਵਾਸੀ ਫੈਜ਼ਪੁਰਾ ਸ਼ਾਮਲ ਹਨ। ਪੁਲਸ ਨੇ ਉਕਤ ਮੁਲਜ਼ਮਾਂ ਦੇ ਕਬਜ਼ੇ 'ਚੋਂ 32 ਬੋਰ ਦਾ ਰਿਵਾਲਵਰ, 4 ਜ਼ਿੰਦਾ ਕਾਰਤੂਸ ਅਤੇ ਵਾਰਦਾਤ 'ਚ ਇਸਤੇਮਾਲ ਕੀਤੀ ਆਈ-20 ਕਾਰ ਵੀ ਬਰਾਮਦ ਕਰ ਲਈ ਹੈ। ਮੁਲਜ਼ਮਾਂ ਵਿਰੁੱਧ ਕੇਸ ਦਰਜ ਕਰ ਕੇ ਅਦਾਲਤ ਦੇ ਨਿਰਦੇਸ਼ਾਂ 'ਤੇ ਉਨ੍ਹਾਂ ਨੂੰ ਜਾਂਚ ਲਈ ਪੁਲਸ ਰਿਮਾਂਡ 'ਤੇ ਲਿਆ ਗਿਆ ਹੈ। ਗ੍ਰਿਫਤਾਰ ਪ੍ਰਭਜੋਤ ਸਿੰਘ ਵਪਾਰੀ ਭੁਪਿੰਦਰ ਸਿੰਘ ਵੱਲੋਂ ਆਈਲੈਟਸ ਸਬੰਧੀ ਆਪਣੇ ਕੰਮ ਕਰਵਾਉਂਦਾ ਸੀ। ਉਹ ਜਾਣਦਾ ਸੀ ਕਿ ਭੁਪਿੰਦਰ ਕੋਲ ਚੰਗੇ ਪੈਸੇ ਹਨ, ਉਥੇ ਹੀ ਪ੍ਰਭਜੋਤ ਦਾ ਸਾਥੀ ਸੰਜੀਵ ਸਕੂਲ ਵੈਨ ਦਾ ਚਾਲਕ ਹੈ।
ਪ੍ਰੋਟੈਕਸ਼ਨ ਮਨੀ ਮੰਗਣ ਤੋਂ ਪਹਿਲਾਂ ਗ੍ਰਿਫਤਾਰ ਕੀਤੇ ਪ੍ਰਭਜੋਤ ਸਿੰਘ ਪ੍ਰਭ ਅਤੇ ਉਸ ਦੇ ਸਾਥੀ ਸੰਜੀਵ ਕੁਮਾਰ ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਖੌਫ ਯੂ-ਟਿਊਬ ਤੋਂ ਜਾਣਿਆ ਸੀ, ਜਿਥੇ ਉਸ ਦੀਆਂ ਕਈ ਫੁਟੇਜ ਪਈਆਂ ਹਨ, ਜਿਨ੍ਹਾਂ 'ਚ ਉਸ ਨੂੰ ਏ-ਗ੍ਰੇਡ ਦਾ ਗੈਂਗਸਟਰ ਦੱਸਿਆ ਗਿਆ ਹੈ। ਬਿਸ਼ਨੋਈ ਨੂੰ ਅਦਾਲਤ ਲਿਆਉਣ ਲਈ ਘੱਟੋ-ਘੱਟ 150 ਪੁਲਸ ਕਰਮਚਾਰੀਆਂ ਨੂੰ ਡਿਊਟੀ 'ਤੇ ਲਾਇਆ ਜਾਂਦਾ ਹੈ। ਐੱਸ. ਆਈ. ਰੌਬਿਨ ਹੰਸ ਨੇ ਦੱਸਿਆ ਕਿ ਪੁਲਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ। ਪੁਲਸ ਪ੍ਰਭਜੋਤ ਅਤੇ ਸੰਜੀਵ ਵੱਲੋਂ ਇਸਤੇਮਾਲ ਕੀਤੇ ਗਏ ਗੈਂਗਸਟਰ ਬਿਸ਼ਨੋਈ ਨਾਲ ਇਨ੍ਹਾਂ ਦੇ ਸਬੰਧਾਂ ਨੂੰ ਜਾਂਚ ਰਹੀ ਹੈ। ਫਿਲਹਾਲ ਦੋਵਾਂ ਮੁਲਜ਼ਮਾਂ ਦੇ ਸਬੰਧ ਕਿਸੇ ਤਰ੍ਹਾਂ ਵੀ ਬਿਸ਼ਨੋਈ ਨਾਲ ਸਾਹਮਣੇ ਨਹੀਂ ਆਏ।
ਕੌਣ ਹੈ ਇਹ ਲਾਰੈਂਸ ਬਿਸ਼ਨੋਈ
ਜੋਧਪੁਰ ਜੇਲ 'ਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ 'ਤੇ ਕਈ ਅਪਰਾਧਿਕ ਮਾਮਲੇ ਦਰਜ ਹਨ। ਪ੍ਰੋਟੈਕਸ਼ਨ ਮਨੀ, ਮਰਡਰ ਅਤੇ ਹੱਤਿਆ ਦੀ ਕੋਸ਼ਿਸ਼ ਦੇ ਕਈ ਮਾਮਲਿਆਂ 'ਚ ਅੰਡਰ-ਟਰਾਇਲ ਚੱਲ ਰਹੇ ਇਸ ਗੈਂਗਸਟਰ ਨੂੰ ਸੈਂਕੜੇ ਪੁਲਸ ਕਰਮਚਾਰੀਆਂ ਦੀ ਸੁਰੱਖਿਆ 'ਚ ਪੇਸ਼ੀ ਲਈ ਅਦਾਲਤ ਲਿਆਂਦਾ ਜਾਂਦਾ ਹੈ। ਲਾਰੈਂਸ ਆਪਣੇ ਗੈਂਗ ਨੂੰ ਜੇਲ 'ਚੋਂ ਹੀ ਆਪ੍ਰੇਟ ਕਰਦਾ ਹੈ ਅਤੇ ਹਰ ਕੰਮ ਆਪਣੇ ਸ਼ੂਟਰਾਂ ਦੀ ਮਦਦ ਨਾਲ ਕਰਵਾਉਂਦਾ ਹੈ।
ਸ੍ਰੀ ਮੁਕਤਸਰ ਸਾਹਿਬ ਜ਼ਿਲੇ 'ਚ ਮੀਂਹ ਦੇ ਨਾਲ ਗੜੇਮਾਰੀ
NEXT STORY