ਲੁਧਿਆਣਾ (ਪੰਕਜ) : ਮੰਗਲਵਾਰ ਦੀ ਸਵੇਰ ਦੋਰਾਹਾ ਨਿਵਾਸੀ ਜਿਸ ਖ਼ਤਰਨਾਕ ਗੈਂਗਸਟਰ ਰਵੀ ਰਾਜਗੜ੍ਹ ਦੀ ਭਾਲ ’ਚ ਐੱਨ. ਆਈ. ਏ. ਛਾਪੇਮਾਰੀ ਕਰਨ ਪੁੱਜੀ ਸੀ, ਉਸ ’ਤੇ ਪਹਿਲਾਂ ਵੀ ਕਤਲ ਅਤੇ ਕਤਲ ਦੇ ਯਤਨ ਸਮੇਤ ਕਈ ਗੰਭੀਰ ਅਪਰਾਧਾਂ ’ਚ ਕੇਸ ਦਰਜ ਹਨ ਅਤੇ ਕਤਲ ਦੇ ਇਕ ਮਾਮਲੇ ’ਚ ਉਸ ਨੂੰ ਉਮਰ ਕੈਦ ਦੀ ਸਜ਼ਾ ਵੀ ਹੋ ਚੁੱਕੀ ਹੈ। ਸਾਲ 2010 ਤੋਂ ਅਪਰਾਧ ਦੀ ਦੁਨੀਆਂ ’ਚ ਕਦਮ ਰੱਖਣ ਵਾਲੇ ਰਵੀ ਨੂੰ ਲਾਰੈਂਸ ਬਿਸ਼ਨੋਈ ਦਾ ਕਰੀਬੀ ਕਿਹਾ ਜਾਂਦਾ ਹੈ। ਤਿਹਾੜ ਜੇਲ ’ਚ ਬੰਦ ਲਾਰੈਂਸ ਜਦੋਂ ਪੰਜਾਬੀ ਸਿੰਗਰ ਸਿੱਧੂ ਮੂਸੇਵਾਲਾ ਦੇ ਕਤਲ ਦੀ ਸਾਜ਼ਿਸ਼ ਰਚ ਰਿਹਾ ਸੀ ਤਾਂ ਰਵੀ ਨੇ ਹੀ ਉਸ ਦੇ ਭਰਾ ਅਨਮੋਲ ਬਿਸ਼ਨੋਈ ਨੂੰ ਵਿਦੇਸ਼ ਭੇਜਣ ’ਚ ਮਦਦ ਕੀਤੀ ਸੀ, ਜਿਸ ਲਈ ਉਸ ਨੇ ਲੁਧਿਆਣਾ ਦੇ ਟ੍ਰਾਂਸਪੋਰਟ ਨਗਰ ’ਚ ਟ੍ਰਾਂਸਪੋਰਟ ਦਾ ਕੰਮ ਕਰਨ ਵਾਲੇ ਬਲਦੇਵ ਚੌਧਰੀ ਨੂੰ 25 ਲੱਖ ਰੁਪਏ ਦਿੱਤੇ ਸਨ ਜਿਸ ਤੋਂ ਬਾਅਦ ਬਲਦੇਵ ਨੇ ਜੈਪੁਰ ਤੋਂ ਅਨਮੋਲ ਦਾ ਫਰਜ਼ੀ ਪਾਸਪੋਰਟ ਬਣਵਾ ਕੇ ਨਵੰਬਰ ਮਹੀਨੇ ’ਚ ਉਸ ਨੂੰ ਦੁਬਈ ਭੇਜ ਦਿੱਤਾ ਸੀ।
ਇਹ ਵੀ ਪੜ੍ਹੋ : ਬੀ. ਐੱਸ. ਐੱਫ. ਦੇ ਜਵਾਨ ਦੀ ਕਰਤੂਤ, ਅਫਸਰ ਨਾਲ ਬਣਾਓ ਸੰਬੰਧ ਨਹੀਂ ਤਾਂ ਫਸਾਵਾਂਗੇ ਦੇਸ਼ ਧ੍ਰੋਹ ਦੇ ਕੇਸ ’ਚ
ਸਿੱਧੂ ਦੇ ਕਤਲ ਦੀ ਜਾਂਚ ਦੌਰਾਨ ਜਿਵੇਂ-ਜਿਵੇਂ ਪੁਲਸ ਦੇ ਹੱਥ ਕਤਲ ਦੀ ਸਾਜ਼ਿਸ਼ ’ਚ ਸ਼ਾਮਲ ਮੁਲਜ਼ਮਾਂ ਦੇ ਗਿਰੇਬਾਨ ਤੱਕ ਪੁੱਜਣੇ ਸ਼ੁਰੂ ਹੋਏ ਤਾਂ ਰਵੀ ਦੀ ਲਾਰੈਂਸ ਨਾਲ ਨੇੜਤਾ ਅਤੇ ਮੂਸੇਵਾਲਾ ਕਤਲ ਕਾਂਡ ’ਚ ਨਿਭਾਈ ਭੂਮਿਕਾ ਦਾ ਖੁਲਾਸਾ ਹੋਣਾ ਸ਼ੁਰੂ ਹੋਇਆ। ਪਿਛਲੇ 5 ਮਹੀਨਿਆਂ ਤੋਂ ਲਗਾਤਾਰ ਉਸ ਦੀ ਭਾਲ ’ਚ ਜੁਟੀ ਐੱਨ. ਆਈ. ਏ. ਪਹਿਲਾਂ ਵੀ ਉਸ ਦੇ ਘਰ ਅਤੇ ਦੋਰਾਹਾ ਦੇ ਇਕ ਹੋਟਲ ’ਚ ਛਾਪੇਮਾਰੀ ਕਰ ਚੁੱਕੀ ਹੈ। ਉਸ ਸਮੇਂ ਵੀ ਉਨ੍ਹਾਂ ਦੇ ਹੱਥ ਕੁਝ ਨਹੀਂ ਲੱਗਾ ਸੀ।
ਕਤਲ ਦੇ ਮਾਮਲੇ ’ਚ ਹੋ ਚੁੱਕੀ ਉਮਰ ਕੈਦ
ਜਾਣਕਾਰੀ ਮੁਤਾਬਕ ਰਵੀ ਰਾਜਗੜ੍ਹ ’ਤੇ 10 ਦੇ ਕਰੀਬ ਸੰਗੀਨ ਮਾਮਲੇ ਦਰਜ ਹਨ, ਜਿਨ੍ਹਾਂ ’ਚ ਕਤਲ ਦੇ ਯਤਨ ਸਮੇਤ ਕਸਟੱਡੀ ਦੌਰਾਨ ਜੇਲ ’ਚ ਕੁੱਟਮਾਰ ਤੋਂ ਲੈ ਕੇ ਮੋਬਾਇਲ ਤੱਕ ਮਿਲਣ ਦੇ ਮਾਮਲੇ ਸ਼ਾਮਲ ਹਨ। 2 ਅਪ੍ਰੈਲ 2011 ਨੂੰ ਪਾਇਲ ਪੁਲਸ ਸਟੇਸ਼ਨ ’ਚ ਉਸ ਖ਼ਿਲਾਫ ਕਤਲ ਦਾ ਕੇਸ ਦਰਜ ਹੋਇਆ ਸੀ, ਜਿਸ ਦੇ ਲਗਭਗ 2 ਮਹੀਨਿਆਂ ਬਾਅਦ ਲੁਧਿਆਣਾ ਦੇ ਡਵੀਜ਼ਨ ਨੰ. 7 ਵਿਚ ਫਿਰ ਉਸ ’ਤੇ ਕਤਲ ਦੇ ਦੋਸ਼ ’ਚ ਕੇਸ ਦਰਜ ਹੋਇਆ ਸੀ। ਇਸੇ ਤਰ੍ਹਾਂ ਪਾਇਲ ਅਤੇ ਦਾਖਾ ਵਿਚ ਉਸ ’ਤੇ ਇਰਾਦਾ ਕਤਲ ਦੇ ਵੀ 2 ਕੇਸ ਦਰਜ ਹੋਏ ਸਨ। ਜੇਲ੍ਹ ’ਚ ਰਹਿੰਦੇ ਹੋਏ ਜੇਲ੍ਹ ਅਧਿਕਾਰੀਆਂ ਨਾਲ ਕੁੱਟਮਾਰ ਕਰਨ ਤੋਂ ਲੈ ਕੇ ਮੋਬਾਇਲ ਰੱਖਣ ਦੇ ਦੋਸ਼ ਵਿਚ ਵੀ ਉਸ ’ਤੇ ਕੇਸ ਦਰਜ ਹਨ। ਜੇਲ੍ਹ ’ਚ ਰਹਿੰਦੇ ਹੋਏ ਹੀ ਉਹ ਲਾਰੈਂਸ ਦੇ ਕਰੀਬ ਆਇਆ ਅਤੇ ਫਿਰ ਉਸ ਦੇ ਕਰੀਬੀਆਂ ’ਚ ਸ਼ੁਮਾਰ ਹੋ ਗਿਆ। ਮੂਸੇਵਾਲਾ ਕਤਲ ਤੋਂ ਪਹਿਲਾਂ ਤੋਂ ਫਰਾਰ ਚੱਲ ਰਹੇ ਇਸ ਮੁਲਜ਼ਮ ਦੀ ਭਾਲ ’ਚ ਪੰਜਾਬ ਅਤੇ ਦਿੱਲੀ ਪੁਲਸ ਵੀ ਦਿਨ ਰਾਤ ਇਕ ਕਰ ਰਹੀ ਹੈ ਪਰ ਉਸ ਤੱਕ ਪੁੱਜਣ ’ਚ ਸਫਲ ਨਹੀਂ ਹੋ ਸਕੀ।
ਇਹ ਵੀ ਪੜ੍ਹੋ : ਜਲੰਧਰ ’ਚ ਹੋਏ ਬਾਊਂਸਰ ਸੋਨੂੰ ਰੁੜਕੀ ਦੇ ਕਤਲ ਤੋਂ ਬਾਅਦ ਲਾਰੈਂਸ ਬਿਸ਼ਨੋਈ ਗੈਂਗ ਦੀ ਵੱਡੀ ਧਮਕੀ
ਲਾਰੈਂਸ ’ਤੇ ਮਕੋਕਾ ਤੋਂ ਬਾਅਦ ਯੂ. ਏ. ਪੀ. ਏ.
ਦੇਸ਼ ਦੇ 6 ਸੂਬਿਆਂ ’ਚ ਆਪਣਾ ਗੈਂਗ ਚਲਾਉਣ ਵਾਲੇ ਲਾਰੈਂਸ ਬਿਸ਼ਨੋਈ ’ਤੇ ਕਤਲ, ਕਤਲ ਦੇ ਯਤਨ, ਫਿਰੌਤੀ ਸਮੇਤ ਹੋਰ ਗੰਭੀਰ ਅਪਰਾਧਾਂ ਦੇ 2 ਦਰਜਨ ਤੋਂ ਵੱਧ ਮਾਮਲੇ ਦਰਜ ਹਨ। ਸਿੱਧੂ ਮੂਸੇਵਾਲਾ ਦੇ ਕਤਲ ਦੀ ਤਿਹਾੜ ਜੇਲ ਤੋਂ ਸਾਜ਼ਿਸ਼ ਰਚਣ ਵਾਲੇ ਲਾਰੈਂਸ ’ਤੇ ਕੁਝ ਸਮਾਂ ਪਹਿਲਾਂ ਹੀ ਐੱਨ. ਆਈ. ਏ. ਨੇ ਯੂ. ਏ. ਪੀ. ਏ. ਤਹਿਤ ਕੇਸ ਦਰਜ ਕਰਦੇ ਹੋਏ ਉਸ ਨੂੰ ਮੁੜ ਬਠਿੰਡਾ ਜੇਲ ਤੋਂ ਗ੍ਰਿਫਤਾਰ ਕੀਤਾ ਸੀ, ਜਦੋਂਕਿ ਲਾਰੈਂਸ ਅਤੇ ਉਸ ਦੇ ਕਰੀਬੀ ਸਾਥੀ ਸੰਪਤ ਮਹਿਰਾ ਸਮੇਤ 9 ਖ਼ਿਲਾਫ ਪਹਿਲਾਂ ਹੀ ਮਹਾਰਾਸ਼ਟਰ ’ਚ ਮਕੋਕਾ (ਮਹਾਰਾਸ਼ਟਰ ਸੰਗਠਿਤ ਅਪਾਧ ਕੰਟਰੋਲ ਕਾਨੂੰਨ) ਲੱਗ ਚੁੱਕਾ ਹੈ। ਹੁਣ ਸੁਰੱਖਿਆ ਏਜੰਸੀਆਂ ਲਾਰੈਂਸ ਦੇ ਉਨ੍ਹਾਂ ਨਜ਼ਦੀਕੀਆਂ ਦੀ ਭਾਲ ਵਿਚ ਹਨ, ਜਿਨ੍ਹਾਂ ਦੇ ਕਥਿਤ ਤੌਰ ’ਤੇ ਸਬੰਧ ਵਿਦੇਸ਼ੀ ਨਸ਼ਾ ਸਮੱਗਲਰਾਂ ਦੇ ਨਾਲ ਹਨ, ਜਿਨ੍ਹਾਂ ’ਚ ਕੁਝ ਪੰਜਾਬੀ ਸਿੰਗਰ ਵੀ ਦੱਸੇ ਜਾਂਦੇ ਹਨ।
ਇਹ ਵੀ ਪੜ੍ਹੋ : ਅੰਮ੍ਰਿਤਸਰ ਦੇ ਪੌਸ਼ ਇਲਾਕੇ ’ਚ ਵੱਡੀ ਵਾਰਦਾਤ, ਘਰ ਅੰਦਰ ਦਾਖਲ ਹੋ ਕੇ ਕੀਤਾ ਮਹਿਲਾ ਦਾ ਕਤਲ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
ਵਿਆਹ ਦੀ ਵਰ੍ਹੇਗੰਢ ਤੋਂ ਪਹਿਲਾਂ ਘਰ 'ਚ ਛਾਇਆ ਮਾਤਮ, ਜਲੰਧਰ ਵਿਖੇ ਮਾਪਿਆਂ ਦੇ ਇਕਲੌਤੇ ਪੁੱਤ ਦੀ ਡੇਂਗੂ ਨਾਲ ਮੌਤ
NEXT STORY