ਗੁਰੂਹਰਸਹਾਏ (ਆਵਲਾ) - ਇਕ ਪਾਸੇ ਜਿਥੇ ਦੁਨੀਆ ਭਰ ’ਚ ਭਿਆਨਕ ਬੀਮਾਰੀ ਕੋਰੋਨਾ ਵਾਇਰਸ ਨੇ ਲੋਕਾਂ ਨੂੰ ਆਪਣੇ ਜਾਲ ਵਿਚ ਫਸਾਇਆ ਹੋਇਆ ਹੈ। ਪੂਰੇ ਦੇਸ਼ ਨੂੰ 14 ਅਪ੍ਰੈਲ ਤੱਕ ਲਾਕਡਾਊਨ ਕੀਤਾ ਹੋਇਆ ਹੈ, ਉਥੇ ਪੰਜਾਬ ’ਚ 14 ਅਪ੍ਰੈਲ ਤੱਕ ਲਾਗੂ ਕਰਫਿਊ ਕਾਰਣ ਲੋਕ ਆਪਣੇ ਘਰਾਂ ਵਿਚ ਬੈਠੇ ਹਨ। ਇਕ ਪਾਸੇ ਸਰਕਾਰ ਵਲੋਂ ਦਿਹਾੜੀਦਾਰ ਲੋਕਾਂ ਨੂੰ ਰਾਸ਼ਨ ਮੁਹੱਈਆ ਕਰਵਾਉਣ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾਂਦੇ ਹਨ ਅਤੇ ਦੂਜੇ ਪਾਸੇ ਗੁਰੂਹਰਸਹਾਏ ਦੇ ਨਾਲ ਲੱਗਦੇ ਪਿੰਡ ਭਾਟਾ ਢਾਣੀ ’ਚ ਬੈਠੇ ਲੋਕਾਂ ਨੂੰ ਪਿਛਲੇ 10 ਦਿਨਾਂ ਤੋਂ ਰਾਸ਼ਨ ਨਾ ਪਹੁੰਚਣ ਕਰ ਕੇ ਪਿੰਡ ਦੇ ਲੋਕ ਕਾਫੀ ਪ੍ਰੇਸ਼ਾਨ ਹਨ। ਸਰਕਾਰ ਦੇ ਹਰ ਲੋੜਵੰਦ ਨੂੰ ਰਾਸ਼ਨ ਮੁਹੱਈਆ ਕਰਵਾਉਣ ਦੇ ਦਾਅਵੇ ਖੋਖਲੇ ਸਾਬਤ ਹੋ ਰਹੇ ਹਨ।
ਇਸ ਸਬੰਧੀ ਜਦ ਪੱਤਰਕਾਰਾਂ ਦੀ ਟੀਮ ਵਲੋਂ ਪਿੰਡ ਭਾਟਾ ਢਾਣੀ ਦਾ ਦੌਰਾ ਕੀਤਾ ਗਿਆ ਤਾਂ ਉਥੋਂ ਦੇ ਲੋਕਾਂ ਨੇ ਦੱਸਿਆ ਕਿ ਪਿਛਲੇ 10 ਦਿਨਾਂ ਤੋਂ ਉਨ੍ਹਾਂ ਦੇ ਪਿੰਡ ’ਚ ਨਾ ਕੋਈ ਸਰਕਾਰੀ ਅਧਿਕਾਰੀ ਅਤੇ ਨਾ ਹੀ ਸਮਾਜ-ਸੇਵੀ ਸੰਸਥਾਵਾਂ ਵਲੋਂ ਉਨ੍ਹਾਂ ਨੂੰ ਰਾਸ਼ਨ ਮੁਹੱਈਆ ਕਰਵਾਇਆ ਗਿਆ, ਜਿਸ ਕਾਰਣ ਭਾਟਾ ਢਾਣੀ ’ਚ ਰਹਿ ਰਹੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕਾਂ ਨੇ ਕਿਹਾ ਕਿ ਜੋ ਥੋੜ੍ਹਾ ਬਹੁਤਾ ਰਾਸ਼ਨ ਸਾਡੇ ਘਰ ਵਿਚ ਪਿਆ ਸੀ, ਉਹ ਖਤਮ ਹੋ ਗਿਆ ਹੈ ਅਤੇ ਉਹ ਭੁੱਖੇ ਪੇਟ ਸੌਣ ਲਈ ਮਜਬੂਰ ਹਨ।
ਲੋਕਾਂ ਨੇ ਦੱਸਿਆ ਕਿ ਉਨ੍ਹਾਂ ਦੇ ਛੋਟੇ-ਛੋਟੇ ਬੱਚੇ ਹਨ ਅਤੇ ਉਹ ਮਿਹਨਤ-ਮਜ਼ਦੂਰੀ ਕਰ ਕੇ ਆਪਣੇ ਪਰਿਵਾਰ ਪਾਲਦੇ ਹਨ ਅਤੇ ਹੁਣ ਕਰਫਿਊ ਦੌਰਾਨ ਉਨ੍ਹਾਂ ਦਾ ਗੁਜ਼ਾਰਾ ਮੁਸ਼ਕਲ ਹੋਇਆ ਪਿਆ ਹੈ। ਪਿੰਡ ਦੇ ਲੋਕਾਂ ਨੇ ਮੰਗ ਕੀਤੀ ਕਿ ਸਰਕਾਰ ਜਲਦ ਤੋਂ ਜਲਦ ਇਥੇ ਘਰ-ਘਰ ਵਿਚ ਰਾਸ਼ਨ ਪਹੁੰਚਾਵੇ ਤਾਂ ਜੋ ਉਹ 2 ਵਕਤ ਦੀ ਰੋਟੀ ਖਾ ਸਕਣ।
ਰਾਜਿੰਦਰਾ ਹਸਪਤਾਲ ’ਚ ‘ਕੋਰੋਨਾ’ ਪੀੜਤ ਦਾ ਇਲਾਜ ਕਰਨ ਵਾਲੇ 5 ਮੁਲਾਜ਼ਮਾਂ ਸਮੇਤ 8 ‘ਆਈਸੋਲੇਟ’
NEXT STORY