ਲੁਧਿਆਣਾ,(ਪਾਲੀ)-ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਪੱਤਰਕਾਰ ਸੰਮੇਲਨ ਦੌਰਾਨ ਕਿਹਾ ਕਿ ਅਕਾਲੀ ਦਲ ਦੇ ਵਿਧਾਇਕਾਂ ਵੱਲੋਂ ਕੈਪਟਨ ਸਰਕਾਰ ਵੱਲੋਂ ਲਏ ਗਏ ਫੈਸਲਿਆਂ 'ਤੇ ਮੋਹਰ ਲਾਉਣ ਉਪਰੰਤ ਦੂਜੇ ਦਿਨ ਮੁੱਕਰਨਾ 'ਥੁੱਕ ਕੇ ਚੱਟਣ' ਦੇ ਬਰਾਬਰ ਹੈ। ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਖੇਤੀ ਸੁਧਾਰ ਕਾਨੂੰਨ, ਪੰਜਾਬ ਸਰਕਾਰ ਵੱਲੋਂ ਨਵੇਂ ਬਣਾਏ ਕਾਨੂੰਨਾਂ 'ਤੇ ਅਕਾਲੀ ਦਲ ਅਤੇ 'ਆਪ' ਵਾਲੇ ਸਿਆਸਤ ਖੇਡ ਕੇ ਆਪਣੀ ਖਤਮ ਹੁੰਦੀ ਜਾ ਰਹੀ ਸਾਖ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਜਦਕਿ ਕਿ ਇਨ੍ਹਾਂ ਦਾ ਕਿਸਾਨ ਅੰਦੋਲਨ ਨਾਲ ਕੁੱਝ ਵੀ ਲੈਣਾ-ਦੇਣਾ ਨਹੀਂ ਹੈ। ਬੈਂਸ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲਿਆਂਦੇ ਗਏ ਕਾਨੂੰਨ ਪੰਜਾਬ ਦੇ ਲੋਕਾਂ ਖਾਸ ਕਰ ਕੇ ਕਿਸਾਨਾਂ ਦੇ ਦਬਾਅ ਕਾਰਨ ਹੀ ਲਿਆਂਦੇ ਗਏ ਹਨ ਅਤੇ ਇਨ੍ਹਾਂ ਕਾਨੂੰਨਾਂ ਦਾ 115 ਵਿਧਇਕਾਂ ਵੱਲੋਂ ਡਟ ਕੇ ਸਮਰਥਨ ਕੀਤਾ ਗਿਆ ਸੀ। ਬੈਂਸ ਨੇ ਕਿਹਾ ਕਿ ਕੁੱਝ ਨਾ ਮਿਲਣ ਨਾਲੋਂ ਘੱਟ ਮਿਲ ਜਾਵੇ, ਉਹ ਵੀ ਠੀਕ ਹੁੰਦਾ ਹੈ, ਇਸ ਲਈ ਲੋਕ ਇਨਸਾਫ ਪਾਰਟੀ ਪੰਜਾਬ ਸਰਕਾਰ ਵੱਲੋਂ ਲਿਆਂਦੇ ਗਏ ਕਾਨੂੰਨਾਂ ਦਾ ਸਮਰਥਨ ਕਰਦੀ ਹੈ ਪਰ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਿਸਾਨਾਂ ਨੂੰ ਅੰਦੋਲਨ ਵਾਪਸ ਲੈਣ ਲਈ ਕਹਿਣ 'ਤੇ ਉਸ ਦਾ ਵਿਰੋਧ ਕਰਦੀ ਹੈ।
ਅਰਵਿੰਦ ਕੇਜਰੀਵਾਲ ਸੂਬਿਆਂ ਦੇ ਵੱਧ ਅਧਿਕਾਰਾਂ ਦੇ ਹਾਮੀ ਬਣਦੇ ਹਨ ਪਰ ਇਸ ਮੁੱਦੇ ਤੇ ਦਿੱਲੀ ਵਿਧਾਨ ਸਭਾ ਵਿਚ ਕਿਸਾਨ ਹਿਤੈਸ਼ੀ ਕਾਨੂੰਨ ਪਾਸ ਕਰਨ ਦੀ ਬਜਾਏ ਪੰਜਾਬ ਵਿਧਾਨ ਸਭਾ ਨੂੰ ਚੈਲੇਂਜ ਕਰਨ ਲੱਗ ਪਏ ਹਨ ਅਤੇ ਕਹਿ ਰਹੇ ਹਨ ਕਿ ਇਨ੍ਹਾਂ ਕਾਨੂੰਨਾਂ ਦਾ ਕੋਈ ਫਾਇਦਾ ਨਹੀਂ ਹੈ। ਇਨ੍ਹਾਂ ਦੋਵਾਂ ਪਾਰਟੀਆਂ ਦਾ ਰਿਮੋਟ ਕੰਟਰੋਲ ਦਿੱਲੀ ਵਿਖੇ ਹੈ, ਇਹ ਆਪ ਫੈਸਲੇ ਲੈਣ ਜੋਗੇ ਨਹੀਂ। ਇਸ ਮੌਕੇ ਹਲਕਾ ਗਿੱਲ ਦੇ ਇੰਚਾਰਜ ਗਗਨਦੀਪ ਸਿੰਘ ਸੰਨੀ ਕੈਂਥ, ਹਲਕਾ ਪੂਰਬੀ ਦੇ ਇੰਚਾਰਜ ਗੁਰਜੋਧ ਸਿੰਘ ਗਿੱਲ, ਹਰਜਾਪ ਸਿੰਘ ਗਿੱਲ, ਅਮਿਤ ਕੁਮਾਰ ਲੱਡੂ ਬਾਬਾ ਅਤੇ ਅਮਰਜੀਤ ਵਿੱਕੀ ਹਾਜ਼ਰ ਸਨ।
ਕੈਪਟਨ ਨੇ ਕੇਂਦਰ ਨਾਲ ਰਲ ਕੇ ਪੰਜਾਬ ਦੇ ਕਿਸਾਨਾਂ ਨੂੰ ਦਿੱਤਾ ਧੋਖਾ : ਸੁਖਬੀਰ
NEXT STORY