ਨਾਭਾ (ਭੂਪਾ) : ਲੋਕ ਸਭਾ ਚੋਣਾਂ ਦੀ ਤਾਰੀਖ਼ ਜਿਵੇਂ-ਜਿਵੇਂ ਨੇੜੇ ਆ ਰਹੀ ਹੈ। ਤਿਵੇਂ-ਤਿਵੇਂ ਹੀ ਪੁਲਸ ਵੱਲੋਂ ਇਲਾਕੇ ਦੀ ਚੈਕਿੰਗ ਵਧਾਈ ਗਈ ਹੈ। ਐੱਸ. ਐੱਸ. ਪੀ. ਪਟਿਆਲਾ ਵਰੁਣ ਸ਼ਰਮਾ ਦੀਆਂ ਹਦਾਇਤਾਂ ਅਨੁਸਾਰ ਡੀ. ਐੱਸ. ਪੀ. ਨਾਭਾ ਦਵਿੰਦਰ ਅੱਤਰੀ ਵੱਲੋਂ ਸਬ-ਡਵੀਜ਼ਨ ਨਾਭਾ ਦੇ ਸਮੁੱਚੇ ਇਲਾਕੇ ’ਚ ਆਉਣ-ਜਾਣ ਵਾਲੀਆਂ ਗੱਡੀਆਂ ਦੀ ਤਲਾਸ਼ੀ ਲਈ ਜਾ ਰਹੀ ਹੈ। ਗਲਤ ਅਨਸਰਾਂ ’ਤੇ ਸ਼ਿਕੰਜਾ ਕੱਸਣ ਲਈ ਸਬ-ਡਵੀਜ਼ਨ ਅਧੀਨ ਥਾਣਾ ਸਦਰ, ਕੋਤਵਾਲੀ ਨਾਭਾ, ਥਾਣਾ ਭਾਦਸੋਂ, ਗਲਵੱਟੀ ਚੌਕੀ, ਦੰਦਰਾਲਾ ਚੌਕੀ ਅਤੇ ਰੋਹਟੀ ਪੁਲਸ ਚੌਕੀ ਦੀ ਸਮੁੱਚੀ ਪੁਲਸ ਵੱਲੋਂ ਵੱਖ-ਵੱਖ ਥਾਵਾਂ ’ਤੇ ਜਾ ਕੇ ਚੱਪੇ-ਚੱਪੇ ਦੀ ਚੈਕਿੰਗ ਕੀਤੀ ਜਾ ਰਹੀ ਹੈ। ਚੋਣਾਂ ਦੇ ਮੱਦੇਨਜ਼ਰ ਮੁੱਖ ਚੋਣ ਕਮਿਸ਼ਨ ਵੱਲੋਂ ਦਿੱਤੀਆਂ ਹਦਾਇਤਾਂ ਅਨੁਸਾਰ ਆਦਰਸ਼ ਚੋਣ ਜ਼ਾਬਤਾ ਲਾਗੂ ਕਰਵਾਉਣ ਲਈ ਪੁਲਸ ਪੱਬਾਂ-ਭਾਰ ਹੋਈ ਪਈ ਹੈ।
ਇਸੇ ਮੁਹਿੰਮ ਤਹਿਤ ਕੋਤਵਾਲੀ ਦੇ ਹੋਣਹਾਰ ਐੱਸ. ਐੱਚ. ਓ. ਗੁਰਪ੍ਰੀਤ ਸਿੰਘ ਸਮਰਾਓ, ਥਾਣਾ ਭਾਦਸੋਂ ਇੰਚਾਰਜ ਇੰਦਰਜੀਤ ਸਿੰਘ ਅਤੇ ਥਾਣਾ ਸਦਰ ਦੇ ਐੱਸ. ਐੱਚ. ਓ. ਸੁਖਦੇਵ ਸਿੰਘ ਦੀ ਅਗਵਾਈ ਹੇਠ ਵੱਖ-ਵੱਖ ਪੁਲਸ ਪਾਰਟੀਆਂ ਵੱਲੋਂ ਰੋਹਟੀ ਪੁਲ, ਨਾਭਾ ਭਵਾਨੀਗੜ੍ਹ ਰੋਡ ’ਤੇ ਨਾਭਾ ਮਾਲੇਰਕੋਟਲਾ ਰੋਡ ’ਤੇ ਨਾਕੇ ਲਗਾ ਕੇ ਆਉਣ-ਜਾਣ ਵਾਲੀਆਂ ਗੱਡੀਆਂ ਦੀ ਤਲਾਸ਼ੀ ਕੀਤੀ ਜਾ ਰਹੀ ਹੈ। ਸਖਤ ਪ੍ਰਬੰਧਾਂ ਦੇ ਚਲਦਿਆਂ ਚੋਣ ਕਮਿਸ਼ਨ ਦੀਆਂ ਹਦਾਇਤਾਂ ’ਤੇ ਸ਼ਹਿਰ ਦੇ ਵੱਖ-ਵੱਖ ਚੌਕਾਂ ’ਚ ਨਾਕੇ ਲਗਾ ਕੇ ਵਾਹਨਾਂ ਦੀ ਚੈਕਿੰਗ ਵੀ ਕੀਤੀ ਜਾ ਰਹੀ ਹੈ। ਇਸ ਦੌਰਾਨ ਬਿਨ੍ਹਾਂ ਨੰਬਰ ਅਤੇ ਬਿਨ੍ਹਾਂ ਕਾਗਜ਼ਾਂ ਤੋਂ ਚਲਦੇ ਵਾਹਨਾਂ ਦੇ ਚਾਲਕਾਂ ਕੋਲੋਂ ਵੀ ਪੁੱਛਗਿੱਛ ਜਾਰੀ ਹੈ।
ਸਬ-ਡਵੀਜ਼ਨ ਦੇ ਨੌਜਵਾਨ ’ਤੇ ਤੇਜ਼ ਤਰਾਰ ਡੀ. ਐੱਸ. ਪੀ. ਦਵਿੰਦਰ ਅੱਤਰੀ ਨੇ ‘ਜਗ ਬਾਣੀ’ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਦੱਸਿਆ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ’ਤੇ ਨਿਰਵਿਘਨ ਤੇ ਸ਼ਾਂਤੀਪੂਰਵਕ ਚੋਣਾਂ ਕਰਵਾਉਣ ਦੇ ਮਕਸਦ ਨਾਲ ਸਮਾਜ ਵਿਰੋਧੀਆਂ ਅਨਸਰਾਂ ’ਤੇ ਤਿੱਖੀ ਬਾਜ ਨਜ਼ਰ ਰੱਖੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਸਬ-ਡਵੀਜ਼ਨ ਨਾਭਾ ’ਚ ਆਉਣ-ਜਾਣ ਵਾਲਿਆਂ ’ਤੇ ਪੈਨੀ ਨਜ਼ਰ ਰੱਖਣ ਲਈ ਪੁਲਸ ਪਾਰਟੀਆਂ ਵੱਲੋਂ ਵਿਸ਼ੇਸ਼ ਨਾਕਾਬੰਦੀ ਕੀਤੀ ਜਾਂਦੀ ਹੈ। ਉਨ੍ਹਾਂ ਅਸਲਾ ਧਾਰਕਾਂ ਨੂੰ ਵੀ ਅਪੀਲ ਕੀਤੀ ਕਿ ਚੋਣਾਂ ਕਾਰਨ ਪੁਲਸ ਵੱਲੋਂ ਕੀਤੀਆਂ ਹਦਾਇਤਾਂ ਨੂੰ ਧਿਆਨ ’ਚ ਰੱਖਦਿਆਂ ਆਪਣੇ ਹਥਿਆਰ ਥਾਣਿਆਂ ’ਚ ਜਮ੍ਹਾ ਕਰਵਾਉਣ ਦੇ ਨਾਲ ਆਉਣ-ਜਾਣ ਲਈ ਵਰਤਣ ਵਾਲੇ ਵਾਹਨਾਂ ਲਈ ਨਿਯਮਾਂ ਅਨੁਸਾਰ ਕਾਗਜ਼ ਨਾਲ ਲੈ ਕੇ ਚੱਲਣ ਤਾਂ ਕਿ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਡੀ. ਐੱਸ. ਪੀ. ਦਵਿੰਦਰ ਅੱਤਰੀ ਨੇ ਚੋਣ ਜਾਬਤੇ ਕਾਰਨ 50 ਹਜ਼ਾਰ ਰੁਪਏ ਤੋਂ ਵੱਧ ਨਕਦੀ ਲੈ ਕੇ ਚੱਲਣ ਸਬੰਧੀ ਵੀ ਨਕਦੀ ਦੇ ਸਬੂਤ ਪਰੂਫ ਕਾਗਜ਼ਾਤ ਆਦਿ ਨਾਲ ਰੱਖਣ ਦੀ ਅਪੀਲ ਕੀਤੀ।
ਭਾਖੜਾ ਨਹਿਰ ’ਚ ਡਿੱਗੀ ਥਾਰ ਗੱਡੀ ਤੇ ਨੌਜਵਾਨ ਦੀ ਗੋਤਾਖੋਰਾਂ ਵੱਲੋਂ ਭਾਲ ਅਜੇ ਵੀ ਜਾਰੀ
NEXT STORY