ਲੁਧਿਆਣਾ: ਲੋਕ ਸਭਾ ਚੋਣਾਂ ਦੌਰਾਨ ਐਤਵਾਰ (19 ਮਈ) ਨੂੰ ਪੈਣ ਵਾਲੀਆਂ ਵੋਟਾਂ ਲਈ ਜ਼ਿਲਾ ਲੁਧਿਆਣਾ 'ਚ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਜ਼ਿਲਾ ਪ੍ਰਸਾਸ਼ਨ ਇਨ੍ਹਾਂ ਚੋਣਾਂ ਨੂੰ ਪਾਰਦਰਸ਼ਤਾ, ਨਿਰਪੱਖਤਾ ਤੇ ਬਿਨਾ ਕਿਸੇ ਦਬਾਓ ਦੇ ਸ਼ਾਂਤੀਪੂਰਨ ਤਰੀਕੇ ਨਾਲ ਸਿਰੇ ਚਾੜਨ ਲਈ ਦ੍ਰਿੜ ਸੰਕਲਪ ਹੈ। ਪੂਰੀ ਵੋਟ ਪ੍ਰਕਿਰਿਆ ਦੌਰਾਨ ਕਿਸੇ ਵੀ ਵਿਅਕਤੀ ਵਿਸ਼ੇਸ਼ ਜਾਂ ਪਾਰਟੀ ਨੂੰ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਉਲੰਘਣਾ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਇਸ ਕਰਕੇ ਵੋਟਰ ਆਪਣੀ ਵੋਟ ਦਾ ਬਿਨਾ ਕਿਸੇ ਡਰ, ਭੈਅ ਜਾਂ ਲਾਲਚ ਦੇ ਲਾਜ਼ਮੀ ਤੇ ਸਹੀ ਇਸਤੇਮਾਲ ਕਰਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਜ਼ਿਲਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਨੇ ਜਾਣਕਾਰੀ ਦਿੰਦਿਆਂ ਕੀਤਾ।
ਵੋਟ ਪ੍ਰਕਿਰਿਆ ਦੀਆਂ ਤਿਆਰੀਆਂ ਬਾਰੇ ਜਾਣਕਾਰੀ ਦਿੰਦਿਆਂ ਅਗਰਵਾਲ ਨੇ ਦੱਸਿਆ ਕਿ ਹਲਕਾ ਲੁਧਿਆਣਾ-07 'ਚ ਕੁੱਲ 9 ਹਲਕੇ ਪੈਂਦੇ ਹਨ, ਜਿਨ੍ਹਾਂ 'ਚ ਲੁਧਿਆਣਾ ਕੇਂਦਰੀ, ਲੁਧਿਆਣਾ ਦੱਖਣੀ, ਲੁਧਿਆਣਾ ਉੱਤਰੀ, ਲੁਧਿਆਣਾ ਪੂਰਬੀ, ਲੁਧਿਆਣਾ ਪੱਛਮੀ, ਆਤਮ ਨਗਰ, ਜਗਰਾਉਂ, ਦਾਖਾ ਤੇ ਗਿੱਲ ਸ਼ਾਮਲ ਹਨ। ਇਨ੍ਹਾਂ ਸਾਰੇ ਹਲਕਿਆਂ ਦੇ ਕੁੱਲ 16 ਲੱਖ 80 ਹਜ਼ਾਰ 953 ਵੋਟਰ ਹਨ। ਜਿਨ੍ਹਾਂ 'ਚ ਮਰਦਾਂ ਦੀ ਗਿਣਤੀ 9 ਲੱਖ 1 ਹਜ਼ਾਰ 313 ਤੇ ਔਰਤਾਂ ਦੀ ਗਿਣਤੀ 7 ਲੱਖ 79 ਹਜ਼ਾਰ 569 ਵੋਟਰ ਹਨ। ਹਲਕਾ ਲੁਧਿਆਣਾ 'ਚ ਤੀਜੇ ਲਿੰਗ ਵਾਲੇ 71 ਵੋਟਰ ਵੀ ਆਪਣੀ ਵੋਟ ਦਾ ਇਸਮੇਤਾਲ ਕਰਨਗੇ। ਜ਼ਿਲਾ ਲੁਧਿਆਣਾ 'ਚ (ਸਮੇਤ ਹਲਕਾ ਫਤਹਿਗੜ•ਸਾਹਿਬ 'ਚ ਪੈਂਦੇ 5 ਵਿਧਾਨ ਸਭਾ ਹਲਕੇ) ਕੁੱਲ 25 ਲੱਖ 75 ਹਜ਼ਾਰ 448 ਵੋਟਰ ਹਨ। ਜ਼ਿਲੇ ਅੰਦਰ ਆਉਂਦੇ ਸਾਰੇ ਵੋਟਰਾਂ ਨੂੰ ਜ਼ਿਲਾ ਪ੍ਰਸਾਸ਼ਨ ਵਲੋਂ ਵੋਟਰ ਸ਼ਨਾਖਤੀ ਕਾਰਡ ਤੇ ਵੋਟਰ ਸਲਿੱਪਾਂ ਮੁਹੱਈਆ ਕਰਵਾ ਦਿੱਤੀਆਂ ਗਈਆਂ ਹਨ। ਇਸ ਤੋਂ ਇਲਾਵਾ ਸਾਰੇ ਪੋਲਿੰਗ ਸਟੇਸ਼ਨਾਂ ਲਈ ਪੋਲਿੰਗ ਪਾਰਟੀਆਂ ਰਵਾਨਾ ਕਰ ਦਿੱਤੀਆਂ ਗਈਆਂ ਹਨ।
ਲੋਕ ਸਭਾ ਹਲਕਾ ਲੁਧਿਆਣਾ ਲਈ ਕੁੱਲ 22 ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਹਨ, ਜਦਕਿ 23ਵਾਂ ਨੰਬਰ 'ਨੋਟਾ' ਦਾ ਹੋਵੇਗਾ। ਉਨ੍ਹਾਂ ਕਿਹਾ ਕਿ ਕੁੱਲ 1721 ਪੋਲਿੰਗ ਸਟੇਸ਼ਨ ਸਥਾਪਤ ਕੀਤੇ ਗਏ ਹਨ। ਚੋਣਾਂ ਦੀ ਪੂਰੀ ਪ੍ਰਕਿਰਿਆ ਨੂੰ ਸਫ਼ਲਤਾ ਪੂਰਵਕ ਨੇਪਰੇ ਚੜਾਉਣ ਲਈ ਸਿਵਲ ਪ੍ਰਸਾਸ਼ਨ ਦੇ 14750 ਅਧਿਕਾਰੀ ਚੋਣ ਅਮਲੇ ਦੀ ਡਿਊਟੀ ਨਿਭਾਉਣਗੇ। ਜਦਕਿ ਵੋਟ ਪ੍ਰਕਿਰਿਆ ਨੂੰ ਸ਼ਾਂਤੀ ਪੂਰਨ ਤਰੀਕੇ ਨਾਲ ਸਿਰੇ ਚੜਾਉਣ ਲਈ ਲੋੜੀਂਦੀ ਮਾਤਰਾ 'ਚ ਪੰਜਾਬ ਪੁਲਸ ਦੇ ਜਵਾਨ ਤੇ ਇਸ ਤੋਂ ਇਲਾਵਾ ਲੋੜੀਂਦੀ ਮਾਤਰਾ 'ਚ ਹੋਰ ਕੇਂਦਰੀ ਫੋਰਸਾਂ ਲਗਾਈਆਂ ਗਈਆਂ ਹਨ। ਅਗਰਵਾਲ ਨੇ ਵਚਨਬੱਧਤਾ ਦੁਹਰਾਈ ਕਿ ਇਹ ਚੋਣਾਂ ਪਾਰਦਰਸ਼ਤਾ ਤੇ ਨਿਰਪੱਖਤਾ ਨਾਲ ਕਰਵਾਈਆਂ ਜਾਣਗੀਆਂ।
ਅਗਰਵਾਲ ਨੇ ਵੋਟਰਾਂ, ਉਮੀਦਵਾਰਾਂ ਤੇ ਵੱਖ-ਵੱਖ ਰਾਜਸੀ ਪਾਰਟੀਆਂ ਨੂੰ ਅਪੀਲ ਕੀਤੀ ਕਿ ਜੇਕਰ ਕੋਈ ਵੋਟਰ ਪੈਸੇ ਲੈ ਕੇ ਵੋਟ ਪਾਉਂਦਾ ਹੈ ਜਾਂ ਕੋਈ ਉਮੀਦਵਾਰ ਜਾਂ ਪਾਰਟੀ ਕਿਸੇ ਵੋਟਰ ਨੂੰ ਵੋਟ ਲਈ ਪੈਸੇ ਦੀ ਪੇਸ਼ਕਸ਼ ਕਰਦੀ ਹੈ ਤਾਂ ਉਸ ਵਿਰੁੱਧ ਧਾਰਾ 178 ਬੀ ਦੇ ਤਹਿਤ ਅਪਰਾਧਕ ਮਾਮਲਾ ਦਰਜ ਕਰਕੇ ਬਣਦੀ ਕਾਰਵਾਈ ਕੀਤੀ ਜਾਵੇਗੀ। ਇਸੇ ਤਰ੍ਹਾਂ ਕਿਸੇ ਵੋਟਰ ਨੂੰ ਡਰਾ, ਧਮਕਾ ਕੇ ਜਾਂ ਸੱਟ ਫੇਟ ਮਾਰਕੇ ਵੋਟ ਪਵਾਉਣ ਦੀ ਸੂਰਤ 'ਚ ਦੋਸ਼ੀ ਵਿਰੁਧ ਧਾਰਾ 171 ਸੀ ਤਹਿਤ ਕਾਰਵਾਈ ਕੀਤੀ ਜਾਵੇਗੀ। ਚੋਣਾਂ ਨਾਲ ਸੰਬੰਧਤ ਕਿਸੇ ਵੀ ਕਾਨੂੰਨ ਦੀ ਉਲੰਘਣਾ ਕਰਨ ਵਾਲੇ ਨੂੰ ਲੋਕ ਪ੍ਰਤਿਨਿਧਤਾ ਐਕਟ 1951 ਦੀ ਧਾਰਾ 127 ਏ ਦੇ ਤਹਿਤ ਦੋਸ਼ੀ ਮੰਨਿਆ ਜਾਵੇਗਾ ਅਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਪੰਜਾਬ 'ਚ ਲੋਕ ਸਭਾ ਚੋਣਾਂ 'ਤੇ ਪੰਥਕ ਮੁੱਦੇ ਰਹੇ ਭਾਰੀ
NEXT STORY