ਜਲੰਧਰ (ਰਮਨਦੀਪ ਸਿੰਘ ਸੋਢੀ) : ਲੋਕ ਸਭਾ ਹਲਕਾ ਫਿਰੋਜ਼ਪੁਰ 'ਚ ਉਮੀਦਵਾਰ ਨੂੰ ਲੈ ਕੇ ਪੰਜਾਬ ਦੀਆਂ ਦੋ ਪ੍ਰਮੁੱਖ ਪਾਰਟੀਆਂ ਦੁਚਿੱਤੀ 'ਚ ਫਸੀਆਂ ਹੋਈਆਂ ਹਨ। ਅਕਾਲੀ ਦਲ ਇਕ ਪਾਸੇ ਹਰਸਿਮਰਤ ਕੌਰ ਬਾਦਲ ਨੂੰ ਬਠਿੰਡਾ ਤੋਂ ਮਜ਼ਬੂਤ ਕਰ ਰਿਹਾ ਹੈ, ਦੂਜੇ ਪਾਸੇ ਫਿਰੋਜ਼ਪੁਰ ਦੇ ਦਰਵਾਜ਼ੇ ਵੀ ਅਜੇ ਖੁੱਲ੍ਹੇ ਛੱਡੇ ਹੋਏ ਹਨ। ਸੂਤਰਾਂ ਮੁਤਾਬਕ ਸੁਖਬੀਰ ਸਿੰਘ ਬਾਦਲ ਜਦੋਂ ਵਰਕਰ ਮਿਲਣੀ ਦੌਰਾਨ ਫਿਰੋਜ਼ਪੁਰ ਹਲਕੇ 'ਚ ਵਿਚਰ ਰਹੇ ਸਨ ਤਾਂ ਬਹੁਗਿਣਤੀ ਲੋਕਾਂ ਨੇ ਸੁਖਬੀਰ ਦੇ ਪੁੱਛਣ 'ਤੇ ਇਸ ਗੱਲ ਦੀ ਹਾਮੀ ਭਰੀ ਸੀ ਕਿ ਹਰਸਿਮਰਤ ਬਾਦਲ ਫਿਰੋਜ਼ਪੁਰ ਆਉਣ। ਦੂਜਾ, ਸੁਖਬੀਰ ਸਿੰਘ ਬਾਦਲ ਨੂੰ ਇਸ ਗੱਲ ਦਾ ਵੀ ਹੌਂਸਲਾ ਹੈ ਕਿ ਉਨ੍ਹਾਂ ਜਲਾਲਾਬਾਦ ਹਲਕੇ 'ਚ ਕਾਫੀ ਵਿਕਾਸ ਕਰਵਾਇਆ ਹੈ, ਜਿਸਦਾ ਫਾਇਦਾ ਉਨਾਂ ਨੂੰ ਲਾਜ਼ਮੀ ਮਿਲੇਗਾ। ਤੀਸਰਾ ਉਨ੍ਹਾਂ ਨੇ ਪਿਛਲੇ ਪੰਜ ਸਾਲ ਇੱਥੋਂ ਦੇ ਸਾਂਸਦ ਸ਼ੇਰ ਸਿੰਘ ਘੁਬਾਇਆ ਨੂੰ ਵੀ ਡੰਮੀ ਬਣਾ ਕੇ ਰੱਖਿਆ ਸੀ, ਜਿਸ ਕਾਰਨ ਹਲਕੇ ਦੇ ਬਹੁਗਿਣਤੀ ਲੋਕ ਕੰਮ ਨਾ ਹੋਣ ਕਾਰਨ ਤਤਕਾਲੀ ਸਾਂਸਦ ਤੋਂ ਪ੍ਰੇਸ਼ਾਨ ਹਨ। ਚੌਥਾ ਇਸ ਹਲਕੇ 'ਚ ਅਕਾਲੀ ਦਲ ਦੇ ਦੋ ਧੜੇ ਬਣੇ ਹੋਏ ਹਨ, ਜਿਨ੍ਹਾਂ ਦੀ ਸਹਿਮਤੀ ਸਿਰਫ ਹਰਸਿਮਰਤ ਬਾਦਲ ਦੇ ਨਾਮ 'ਤੇ ਹੀ ਬਣ ਸਕਦੀ ਹੈ।

ਬੇਸ਼ੱਕ ਉਪਰੋਕਤ ਸਾਰੀਆਂ ਗੱਲਾਂ ਅਕਾਲੀ ਦਲ ਨੂੰ ਫਾਇਦਾ ਦੇਣ ਵਾਲੀਆਂ ਹਨ ਪਰ ਜਦੋਂ ਉਹ ਆਪਣੀ ਭਾਈਵਾਲ ਪਾਰਟੀ ਅਤੇ ਵਿਰੋਧੀ ਧਿਰਾਂ ਦਾ ਖਿਆਲ ਕਰਦੇ ਹਨ ਤਾਂ ਚਿੰਤਾ ਲੱਗਦੀ ਹੈ ਕਿ ਕਿਤੇ ਇਸ ਤਰ੍ਹਾਂ ਦੀ ਧਾਰਨਾ ਨਾ ਬਣ ਜਾਵੇ ਕਿ ਬੀਬੀ ਬਠਿੰਡਾ ਛੱਡ ਕੇ ਭੱਜ ਗਈ ਹੈ। ਅਕਾਲੀ ਦਲ ਦੇ ਬਹੁਗਿਣਤੀ ਲੀਡਰ ਆਫ ਦਿ ਰਿਕਾਰਡ ਇਹ ਮੰਨਦੇ ਹਨ ਕਿ ਜੇ ਅਜਿਹਾ ਹੁੰਦਾ ਹੈ ਤਾਂ ਪੰਜਾਬ ਪੱਧਰ 'ਤੇ ਤਾਂ ਇਹ ਚਰਚਾ ਛਿੜੇਗੀ ਹੀ, ਨਾਲ ਭਾਜਪਾ ਸਾਹਮਣੇ ਵੀ ਬਾਦਲਾਂ ਦੀ ਸ਼ਾਖ ਕਮਜ਼ੋਰ ਹੋਵੇਗੀ ਪਰ ਫਿਰ ਵੀ ਅਜਿਹੇ ਮਾਹੌਲ 'ਚ ਸੁਖਬੀਰ ਤੇ ਹਰਸਿਮਰਤ ਬਠਿੰਡਾ ਦੇ ਨਾਲ ਫਿਰੋਜ਼ਪੁਰ ਦਾ ਰਾਹ ਵੀ ਖੁੱਲ੍ਹਾ ਰੱਖ ਰਹੇ ਹਨ। ਇਸ ਤੋਂ ਇਲਾਵਾ ਅਕਾਲੀ ਦਲ ਦੋਵਾਂ ਹਲਕਿਆਂ 'ਤੋਂ ਆਪਣੀ ਮੁੱਖ ਵਿਰੋਧੀ ਪਾਰਟੀ ਦੇ ਉਮੀਦਵਾਰ ਦੀ ਵੀ ਉਡੀਕ ਵਿਚ ਹੈ, ਸ਼ਾਇਦ ਇਸੇ ਕਰਕੇ ਬੀਬੀ ਦਾ ਨਾਮ ਐਲਾਨਣ 'ਚ ਦੇਰੀ ਕੀਤੀ ਜਾ ਰਹੀ ਹੈ ਕਿਉਂਕਿ ਸਿਆਸੀ ਤੌਰ 'ਤੇ ਵੇਖਿਆ ਜਾਵੇ ਤਾਂ ਅਕਾਲੀ ਦਲ ਨੇ ਬੀਬੀ ਜਗੀਰ ਕੌਰ ਨੂੰ ਤਾਂ ਬੜੀ ਛੇਤੀ ਉਮੀਦਵਾਰ ਐਲਾਨ ਦਿੱਤਾ ਪਰ ਆਪਣੇ ਘਰ ਦੀ ਸੀਟ ਦਾ ਅਜੇ ਤੱਕ ਫੈਸਲਾ ਨਹੀਂ ਕਰ ਸਕੇ ਜਦਕਿ ਜਗੀਰ ਕੌਰ ਨਾਲੋਂ ਬੀਬੀ ਬਾਦਲ ਦਾ ਐਲਾਨ ਕਰਨਾ ਕਿਤੇ ਸੌਖਾ ਸੀ। ਸੋ ਅਕਾਲੀ ਦਲ ਮੌਕਾ ਵੇਖ ਕੇ ਚੌਕਾ ਮਾਰਨ ਦੀ ਫਿਰਾਕ ਵਿਚ ਹੈ।

ਉੱਧਰ ਹਾਲ ਹੀ 'ਚ ਅਕਾਲੀ ਦਲ ਦੀ ਤੱਕੜੀ 'ਚੋਂ ਉੱਤਰਕੇ ਕਾਂਗਰਸ ਦਾ ਹੱਥ ਫੜਨ ਵਾਲੇ ਸ਼ੇਰ ਸਿੰਘ ਘੁਬਾਇਆ ਦਾ ਨਾਮ ਵੀ ਸਿਰਫ ਸੰਭਾਵੀ ਉਮੀਦਵਾਰ ਵਜੋਂ ਹੀ ਲਿਆ ਜਾ ਰਿਹਾ ਹੈ ਜਦਕਿ ਪੱਕੀ ਮੋਹਰ ਕਿਸੇ ਵੱਲੋਂ ਵੀ ਨਹੀਂ ਲਗਾਈ ਜਾ ਰਹੀ। ਬੇਸ਼ੱਕ ਘੁਬਾਇਆ ਬਾਹਰੀ ਤੌਰ 'ਤੇ ਤਾਂ ਉਮੀਦਵਾਰੀ ਦੇ ਬੜੇ ਦਾਅਵੇ ਠੋਕ ਰਹੇ ਹਨ ਤੇ ਉਨ੍ਹਾਂ ਹਲਕੇ 'ਚ ਸਰਗਰਮੀ ਵੀ ਵਧਾ ਦਿੱਤੀ ਹੈ ਪਰ ਅੰਦਰੂਨੀ ਘਬਰਾਹਟ ਉਨ੍ਹਾਂ ਵਿਚ ਵੀ ਬਰਕਰਾਰ ਹੈ। ਇਸਦਾ ਇਕ ਕਾਰਨ ਇਹ ਵੀ ਹੈ ਕਿ ਕਾਂਗਰਸ ਦੇ ਪੁਰਾਣੇ ਲੀਡਰ ਹੰਸ ਰਾਜ ਜੋਸਨ ਅਤੇ ਰਿਣਵਾ ਵੱਲੋਂ ਉਨ੍ਹਾਂ ਨੂੰ ਪੈਰਾਸ਼ੂਟ ਉਮੀਦਵਾਰ ਦੱਸਦਿਆਂ ਵਿਰੋਧ ਕੀਤਾ ਜਾ ਰਿਹਾ ਹੈ। ਦੂਜਾ ਇਸ ਹਲਕੇ ਤੋਂ ਇਕ ਕਾਂਗਰਸੀ ਵਿਧਾਇਕ ਵੀ ਖੁਦ ਜਾਂ ਆਪਣੇ ਪੁੱਤਰ ਨੂੰ ਚੋਣ ਲੜਵਾਉਣ ਦਾ ਇੱਛੁਕ ਹੈ। ਤੀਜਾ ਗੁਰਦਾਸਪੁਰ ਵਿਚ ਵੀ ਜਾਖੜ ਤੇ ਬਾਜਵਾ ਦਾ ਕਾਟੋ-ਕਲੇਸ਼ ਚੱਲ ਰਿਹਾ ਹੈ, ਜਿਸਦਾ ਅਸਰ ਇਸ ਹਲਕੇ 'ਤੇ ਪੈ ਸਕਦਾ ਹੈ।
ਮੰਨਿਆ ਜਾ ਰਿਹਾ ਹੈ ਕਿ ਜੇ ਬਾਜਵਾ ਹਾਵੀ ਹੁੰਦੇ ਹਨ ਤਾਂ ਜਾਖੜ ਨੂੰ ਪਾਰਟੀ ਉਨ੍ਹਾਂ ਦੇ ਜੱਦੀ ਹਲਕੇ ਫਿਰੋਜ਼ਪੁਰ 'ਚ ਭੇਜ ਸਕਦੀ ਹੈ ਤੇ ਘੁਬਾਇਆ ਨੂੰ ਨਾਲ ਲੱਗਦੇ ਹਲਕੇ ਫਰੀਦਕੋਟ ਤੋਂ ਮੌਕਾ ਦਿੱਤਾ ਜਾ ਸਕਦਾ ਹੈ। ਇਸ ਸਭ ਤੋਂ ਇਲਾਵਾ ਇਕ ਚਰਚਾ ਹੋਰ ਵੀ ਜ਼ੋਰਾਂ 'ਤੇ ਹੈ ਕਿ ਜੇਕਰ ਬੀਬੀ ਬਾਦਲ ਫਿਰੋਜ਼ਪੁਰ ਆਉਂਦੇ ਹਨ ਤਾਂ ਕਾਂਗਰਸ ਮਨਪ੍ਰੀਤ ਬਾਦਲ ਦੀ ਪਤਨੀ ਵੀਨੂੰ ਬਾਦਲ ਨੂੰ ਵੀ ਇਥੇ ਭੇਜ ਸਕਦੀ ਹੈ ਪਰ ਇਥੇ ਦੱਸਣਯੋਗ ਹੈ ਕਿ ਸ਼ੇਰ ਸਿੰਘ ਘੁਬਾਇਆ ਆਪਣੀ ਜਿੱਤ ਦਾ ਦਾਅਵਾ ਫਿਰੋਜ਼ਪੁਰ 'ਚ ਵੱਸਦੀ ਆਪਣੀ ਰਾਏ-ਸਿੱਖ ਬਰਾਦਰੀ ਦੇ ਸਿਰ 'ਤੇ ਠੋਕਦੇ ਹਨ। ਦੂਜਾ ਉਨ੍ਹਾਂ ਦਾ ਪੁੱਤਰ ਫਾਜ਼ਿਲਕਾ ਤੋਂ ਵਿਧਾਇਕ ਹੈ, ਜੋ ਫਿਰੋਜ਼ਪੁਰ ਹਲਕੇ ਵਿਚ ਹੀ ਆਉਂਦਾ ਹੈ। ਸੋ ਜੇਕਰ ਪਾਰਟੀ ਉਨ੍ਹਾਂ ਦਾ ਹਲਕਾ ਬਦਲਦੀ ਹੈ ਤਾਂ ਘੁਬਾਇਆ ਨੂੰ ਤਾਂ ਇਸਦਾ ਨੁਕਸਾਨ ਹੋਵੇਗਾ ਹੀ, ਨਾਲ ਨਵੇਂ ਉਮੀਦਵਾਰ 'ਤੇ ਵੀ ਲੋਕਲ ਲੀਡਰਸ਼ਿਪ 'ਚ ਸਹਿਮਤੀ ਨਹੀਂ ਬਣੇਗੀ ਕਿਉਂਕਿ ਅਜਿਹਾ ਕਾਂਗਰਸ ਪਹਿਲਾਂ ਵੀ ਜਗਮੀਤ ਬਰਾੜ ਤੇ ਸੁਨੀਲ ਜਾਖੜ ਨੂੰ ਟਿਕਟ ਦੇ ਕੇ ਵੇਖ ਚੁੱਕੀ ਹੈ। ਬਹਿਰਹਾਲ ਕਿਆਸਰਾਂਈਆਂ ਦਾ ਬਾਜ਼ਾਰ ਪੂਰਾ ਗਰਮ ਹੈ। ਵੇਖਣਾ ਹੋਵੇਗਾ ਕਿ ਸਿਆਸੀ ਜ਼ਮਾਤਾਂ ਇਸ ਹਲਕੇ ਸੰਬੰਧੀ ਕੀ ਫੈਸਲਾ ਕਰਦੀਆਂ ਹਨ।
ਮੋਟਰਸਾਈਕਲ ਤੇ ਅਣਪਛਾਤੇ ਵਾਹਨ ਦੀ ਟੱਕਰ 'ਚ 1 ਦੀ ਮੌਤ
NEXT STORY