ਜਲੰਧਰ (ਵੈੱਬ ਡੈਸਕ) : ਲੋਕ ਸਭਾ ਚੋਣਾਂ ਦੇ ਅਖਾੜੇ 'ਚ ਪੰਜਾਬੀ ਗਾਇਕ ਤੇ ਸਿਆਸਤਦਾਨ ਜੱਸੀ ਜਸਰਾਜ ਦੀ ਮੁੜ ਐਂਟਰੀ ਹੋ ਗਈ ਹੈ। ਸਿਆਸਤ ਦੇ ਜੰਗ-ਏ-ਮੈਦਾਨ 'ਚ ਇਸ ਵਾਰ ਜੱਸੀ ਜਸਰਾਜ ਲੋਕ ਇਨਸਾਫ ਪਾਰਟੀ ਵੱਲੋਂ ਮੈਦਾਨ 'ਚ ਹਨ। ਪੰਜਾਬ ਡੈਮੋਕ੍ਰੇਟਿਕ ਅਲਾਇੰਸ ਨੇ ਜੱਸੀ ਜਸਰਾਜ 'ਤੇ ਵੱਡਾ ਦਾਅ ਖੇਡਦਿਆਂ ਸੰਗਰੂਰ ਤੋਂ ਉਮੀਦਵਾਰ ਐਲਾਨਿਆ ਹੈ। ਇਹ ਐਲਾਨ ਸਿਮਰਜੀਤ ਸਿੰਘ ਬੈਂਸ ਤੇ ਸੁਖਪਾਲ ਖਹਿਰਾ ਵੱਲੋਂ ਕੀਤਾ ਗਿਆ। ਜੱਸੀ ਜਸਰਾਜ ਆਪਣੇ ਕਲਾਕਾਰ ਭਾਈ ਤੇ ਪੁਰਾਣੇ ਸਾਥੀ ਭਗਵੰਤ ਮਾਨ ਦੇ ਖਿਲਾਫ ਮੈਦਾਨ 'ਚ ਉਤਾਰੇ ਗਏ ਹਨ।
ਇਸ ਤਰ੍ਹਾਂ ਹੈ ਜੱਸੀ ਦਾ ਪਿੱਛੋਕੜ
ਪੰਜਾਬੀ ਗਾਇਕੀ 'ਚ ਨਾਮਣਾ ਖੱਟਣ ਤੋਂ ਬਾਅਦ ਜੱਸੀ ਜਸਰਾਜ ਨੇ ਸਿਆਸਤ 'ਚ ਪੈਰ ਧਰਿਆ ਅਤੇ ਆਪਣੇ ਸਿਆਸੀ ਸਫ਼ਰ ਦੀ ਸ਼ੁਰੂਆਤ ਆਮ ਆਦਮੀ ਪਾਰਟੀ ਤੋਂ ਕੀਤੀ। ਜੱਸੀ ਨੇ 2014 ਦੀਆਂ ਲੋਕ ਸਭਾ ਚੋਣਾਂ 'ਚ ਆਪਣੀ ਕਿਸਮਤ ਅਜ਼ਮਾਈ। ਬਠਿੰਡਾ ਲੋਕ ਸਭਾ ਸੀਟ ਤੋਂ ਹਰਸਿਮਰਤ ਕੌਰ ਬਾਦਲ ਤੇ ਮਨਪ੍ਰੀਤ ਬਾਦਲ ਖਿਲਾਫ ਚੋਣ ਲੜਣ ਵਾਲੇ ਜੱਸੀ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਤੇ ਉਨ੍ਹਾਂ ਨੂੰ ਮਹਿਜ਼ 87,901 ਵੋਟਾਂ ਹੀ ਮਿਲੀਆਂ ਅਤੇ ਉਹ ਜ਼ਮਾਨਤ ਵੀ ਨਹੀਂ ਬਚਾ ਸਕੇ। ਇਸ ਹਾਰ ਤੋਂ ਬਾਅਦ ਸਿਆਸੀ ਦਾਅ ਪੇਚਾਂ ਨੂੰ ਸਿੱਖ ਰਹੇ ਜੱਸੀ ਜਸਰਾਜ ਦਾ ਸਫਰ ਆਮ ਆਦਮੀ ਪਾਰਟੀ 'ਚ ਕੁਝ ਬਿਹਤਰ ਨਹੀਂ ਰਿਹਾ। ਆਮ ਆਦਮੀ ਪਾਰਟੀ ਨਾਲ ਉਨ੍ਹਾਂ ਦੇ ਮਤਭੇਦ ਚੱਲਦੇ ਰਹੇ ਅਤੇ ਉਹ ਪਾਰਟੀ ਤੋਂ ਕਾਫੀ ਨਾਰਾਜ਼ ਵੀ ਰਹੇ। ਨਾਰਾਜ਼ਗੀ ਦਾ ਕਾਰਨ ਪਾਰਟੀ ਦੇ ਫੈਸਲਿਆਂ ਨੂੰ ਲੈ ਕੇ ਰਿਹਾ।

ਬੜਬੋਲੇ ਸੁਭਾਅ ਦੇ ਜਾਣੇ ਜਾਂਦੇ ਜੱਸੀ ਨੂੰ ਕੁਝ ਗਲਤ ਲੱਗਿਆ ਤਾਂ ਉਹ ਖੁੱਲ੍ਹ ਕੇ ਬੋਲਣ ਤੋਂ ਨਹੀਂ ਰੁਕੇ। ਪਾਰਟੀ ਹੋਵੇ ਜਾਂ ਕੋਈ ਸੀਨੀਅਰ ਲੀਡਰ ਜੱਸੀ ਦੇ ਇਨ੍ਹਾਂ ਬਾਗੀ ਸੁਰਾਂ ਨੂੰ ਲੈ ਕੇ 'ਆਪ' ਨੇ ਅਪ੍ਰੈਲ 2016 'ਚ ਪਾਰਟੀ ਵਿਰੋਧੀ ਗਤੀਵਿਧੀਆਂ ਕਾਰਨ ਜੱਸੀ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ। ਜੱਸੀ ਨੂੰ ਪਾਰਟੀ ਜ਼ਿਆਦਾ ਦੇਰ ਦੂਰ ਨਹੀਂ ਰੱਖ ਸਕੀ ਅਤੇ ਵਿਧਾਨ ਸਭਾ ਚੋਣਾਂ ਵਿਚ ਕੇਜਰੀਵਾਲ ਨੇ ਉਨ੍ਹਾਂ ਨੂੰ ਮੁੜ ਪਾਰਟੀ ਵਿਚ ਸ਼ਾਮਲ ਕਰ ਲਿਆ। 5 ਜਨਵਰੀ 2017 ਨੂੰ ਜੱਸੀ ਜਸਰਾਜ ਦੀ ਮੁੜ ਘਰ ਵਾਪਸੀ ਹੋਈ। ਵਾਪਸੀ ਤੋਂ ਬਾਅਦ ਉਨ੍ਹਾਂ ਦਾ ਸਫਰ ਅੱਗੇ ਵੱਧਦਾ ਗਿਆ ਪਰ ਉਨ੍ਹਾਂ ਦੀ ਨਾਰਾਜ਼ਗੀ ਪਾਰਟੀ ਤੇ ਨੇਤਾਵਾਂ ਨਾਲ ਫਿਰ ਚੱਲਣੀ ਸ਼ੁਰੂ ਹੋ ਗਈ। ਇਹ ਨਾਰਾਜ਼ਗੀ ਇਸ ਕਦਰ ਵੱਧ ਗਈ ਕਿ ਲੋਕ ਸਭਾ ਚੋਣਾਂ ਨੇੜੇ ਆਉਂਦੇ ਹੀ ਉਨ੍ਹਾਂ 29 ਜਨਵਰੀ 2019 ਨੂੰ ਪਾਰਟੀ ਨੂੰ ਅਲਵਿਦਾ ਆਖ ਦਿੱਤਾ। ਕਿਸੇ ਦੇ ਇਸ਼ਾਰੇ 'ਤੇ ਨਾ ਚੱਲਣ ਦੀ ਗੱਲ ਆਖੀ ਜੱਸੀ ਨੇ ਆਪਣਾ ਗਦਰ ਫਾਊਂਡੇਸ਼ਨ ਬਣਾ ਲਿਆ।

ਜੱਸੀ ਜਸਰਾਜ ਨਾਲ ਜੁੜੀਆਂ ਕੁਝ ਹੋਰ ਅਹਿਮ ਗੱਲਾਂ
ਜੱਸੀ ਜਸਰਾਜ ਦਾ ਜਨਮ 18 ਅਪ੍ਰੈਲ 1973 ਨੂੰ ਰੋਪੜ ਦੇ ਪਿੰਡ ਦੇਸੀ ਮਾਜਰਾ 'ਚ ਹੋਇਆ ਸੀ। ਜਸਰਾਜ ਦਾ ਅਸਲ ਨਾਂ ਕਰਨ ਜਸਬੀਰ ਸਿੰਘ ਹੈ। ਜੱਸੀ ਨੇ 12ਵੀਂ ਤਕ ਦੀ ਪੜ੍ਹਾਈ ਸ਼ਿਵਾਲਿਕ ਪਬਲਿਕ ਸਕੂਲ ਚੰਡੀਗੜ੍ਹ ਤੋਂ ਕੀਤੀ ਅਤੇ ਗ੍ਰੈਜੂਏਸ਼ਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਕੀਤੀ। ਸਕੂਲ ਦੀ ਪੜ੍ਹਾਈ ਪੂਰੀ ਹੋਣ ਤੋਂ ਬਾਅਦ ਜੱਸੀ ਮੁੰਬਈ ਚਲੇ ਗਏ। ਜੱਸੀ ਨੇ ਗਾਇਕ ਤੇ ਲੇਖਕ ਦੇ ਤੌਰ 'ਤੇ ਆਪਣੇ ਕਰੀਅਰ ਦੀ ਸ਼ੁਰੂਆਤ। 1999 'ਚ ਜੱਸੀ ਫਿਲਮ ਰਾਈਟਰ ਐਸੋਸੀਏਸ਼ਨ ਮੁੰਬਈ ਦੇ ਮੈਂਬਰ ਬਣੇ ਅਤੇ ਦਸੰਬਰ 2000 'ਚ ਪਹਿਲੀ ਟੇਪ (ਢਾਈ ਲੱਖ ਦੀ) ਰਾਹੀਂ ਗਾਇਕੀ 'ਚ ਐਂਟਰੀ ਕੀਤੀ। 27 ਦਸੰਬਰ 2011 ਨੂੰ ਰੈਪਰ ਹਨੀ ਸਿੰਘ ਨਾਲ ਲੜਾਈ ਦੇ ਚੱਲਦੇ ਖੁਦ ਦੀ ਪਛਾਣ ਬਣਾਉਣ ਕਰਕੇ ਉਨ੍ਹਾਂ ਆਪਣਾ ਨਾਂ ਬਦਲ ਕੇ ਜਸਬੀਰ ਤੋਂ ਜੱਸੀ ਜਸਰਾਜ ਰੱਖ ਲਿਆ। ਜਸਰਾਜ ਮਾਡਲਿੰਗ ਵੀ ਕਰ ਚੁੱਕੇ ਹਨ ਅਤੇ ਮਿਸਟਰ ਨੌਰਥ ਚੁਣੇ ਗਏ ਸਨ। ਜੱਸੀ ਜਸਰਾਜ ਨੇ ਦੂਸਰੀ ਕੈਸੇਟ 2006 'ਚ ਆਈ (ਜੋ ਫਲੋਪ ਰਹੀ)। 2013 'ਚ ਪੰਜਾਬੀ ਫਿਲਮ ਬਿੱਕਰ ਬਾਈ ਸੈਟੀਮੈਂਟਲ ਬਣਾਈ ਅਤੇ 2014 'ਚ 'ਆਪ' ਵੱਲੋਂ ਬਠਿੰਡਾ ਲੋਕ ਸਭਾ ਹਲਕੇ ਤੋਂ ਚੋਣ ਲੜੀ।
ਪੰਜਾਬ ਭਰ 'ਚ ਕੀਤਾ ਗਿਆ ਵੋਟ ਜਾਗਰੂਕਤਾ ਮੈਰਾਥਨ ਦਾ ਆਯੋਜਨ
NEXT STORY