ਚੰਡੀਗੜ੍ਹ : ਪੰਜਾਬ ਵਿਚ ਸਭ ਤੋਂ ਅਖੀਰ 'ਚ 19 ਮਈ ਨੂੰ ਲੋਕ ਸਭਾ ਚੋਣਾਂ ਹੋਣਗੀਆਂ। ਇਸ ਵਾਰ 278 ਉਮੀਦਵਾਰਾਂ 'ਚੋਂ 125 ਸਿੱਖ ਪੱਗੜੀਧਾਰੀ ਹਨ, 128 ਬਿਨਾਂ ਪੱਗੜੀ ਵਾਲੇ ਅਤੇ 25 ਔਰਤਾਂ ਉਮੀਦਵਾਰ ਹਨ। ਸੰਗਰੂਰ, ਬਠਿੰਡਾ ਅਤੇ ਫਤਿਹਗੜ੍ਹ ਸਾਹਿਬ ਵਿਚ ਸਭ ਤੋਂ ਵੱਧ 14-14 ਸਿੱਖ ਪੱਗੜੀਧਾਰੀ ਮੈਦਾਨ ਵਿਚ ਹਨ। ਸਭ ਤੋਂ ਘੱਟ ਸਿਰਫ 2 ਸਿੱਖ ਪੱਗੜੀਧਾਰੀ ਹੁਸ਼ਿਆਰਪੁਰ ਵਿਚ ਹਨ। ਉਥੇ ਹੀ ਸੂਬੇ ਵਿਚ ਸਭ ਤੋਂ ਜ਼ਿਆਦਾ ਅੰਮ੍ਰਿਤਸਰ ਵਿਚ 30 ਉਮੀਦਵਾਰ ਮੈਦਾਨ ਵਿਚ ਹਨ ਅਤੇ ਇਥੋਂ ਹੀ ਸਭ ਤੋਂ ਵੱਧ 17 ਪੱਗੜੀਧਾਰੀ ਉਮੀਦਵਾਰ ਹਨ। ਇਸ ਤੋਂ ਇਲਾਵਾ ਇਸ ਵਾਰ ਔਰਤਾਂ ਨੂੰ ਜ਼ਿਆਦਾ ਤਵੱਜੀ ਨਹੀਂ ਦਿੱਤੀ ਗਈ ਹੈ। ਕੁੱਲ 25 ਔਰਤਾਂ ਉਮੀਦਵਾਰ ਚੋਣਾਂ ਵਿਚ ਹਨ ਜਦਕਿ ਪੁਰਸ਼ ਉਮੀਦਵਾਰ 253 ਹਨ। ਚਾਰ ਲੋਕ ਸਭਾ ਹਲਕੇ ਅਜਿਹੇ ਹਨ ਜਿਥੇ ਇਕ ਵੀ ਮਹਿਲਾ ਉਮੀਦਵਾਰ ਨਹੀਂ ਹੈ। ਇਨ੍ਹਾਂ ਵਿਚ ਫਿਰੋਜ਼ਪੁਰ, ਗੁਰਦਾਸਪੁਰ, ਹੁਸ਼ਿਆਰਪੁਰ ਅਤੇ ਲੁਧਿਆਣਾ ਸ਼ਾਮਲ ਹਨ। ਸਭ ਤੋਂ ਵੱਧ ਮਹਿਲਾ ਉਮੀਦਵਾਰ ਖਡੂਰ ਸਾਹਿਬ ਤੇ ਸ੍ਰੀ ਅਨੰਦਪੁਰ ਸਾਹਿਬ ਵਿਚ ਹਨ। ਇਥੇ 5-5 ਮਹਿਲਾ ਉਮੀਦਵਾਰ ਚੋਣ ਮੈਦਾਨ ਵਿਚ ਹਨ। ਦੂਸਰੇ ਨੰਬਰ 'ਤੇ ਬਠਿੰਡਾ ਦਾ ਨਾਂ ਆਉਂਦਾ ਹੈ, ਇਥੇ 4 ਮਹਿਲਾ ਉਮੀਦਵਾਰ ਚੋਣ ਮੈਦਾਨ ਵਿਚ ਹਨ।
ਕਾਂਗਰਸ ਵਲੋਂ ਸਿਰਫ 1 ਮਹਿਲਾ ਉਮੀਦਵਾਰ ਮੈਦਾਨ 'ਚ
ਕਾਂਗਰਸ ਨੇ ਸਾਰੀਆਂ 13 ਸੀਟਾਂ 'ਤੇ ਉਮੀਦਵਾਰ ਐਲਾਨ ਦਿੱਤੇ ਹਨ, ਇਨ੍ਹਾਂ ਵਿਚ ਸਿਰਫ ਪਟਿਆਲਾ ਹੀ ਅਜਿਹਾ ਹਲਕਾ ਹੈ ਜਿਥੇ ਮਹਿਲਾ ਉਮੀਦਵਾਰ ਨੂੰ ਮੈਦਾਨ 'ਚ ਉਤਾਰਿਆ ਗਿਆ ਹੈ। ਇਥੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਪਰਨੀਤ ਕੌਰ ਨੂੰ ਟਿਕਟ ਦਿੱਤੀ ਗਈ ਹੈ। ਇਸ ਤੋਂ ਇਲਾਵਾ ਕਿਸੇ ਵੀ ਸੀਟ 'ਤੇ ਕਾਂਗਰਸ ਨੇ ਮਹਿਲਾ ਉਮੀਦਵਾਰ ਨੂੰ ਟਿਕਟ ਨਹੀਂ ਦਿੱਤੀ। ਇਸ ਤੋਂ ਇਲਾਵਾ ਅਕਾਲੀ ਦਲ ਵਲੋਂ 10 ਸੀਟਾਂ 'ਚੋਂ ਸਿਰਫ ਦੋ ਸੀਟਾਂ 'ਤੇ ਔਰਤ ਨੂੰ ਉਤਾਰਿਆ ਗਿਆ ਹੈ। ਬਠਿੰਡਾ ਤੋਂ ਹਰਸਿਮਰਤ ਕੌਰ ਬਾਦਲ ਅਤੇ ਖਡੂਰ ਸਾਹਿਬ ਤੋਂ ਬੀਬੀ ਜਗੀਰ ਨੂੰ ਟਿਕਟ ਦਿੱਤੀ ਗਈ ਹੈ। 'ਆਪ' ਨੇ ਵੀ 13 'ਚੋਂ ਦੋ ਸੀਟਾਂ 'ਤੇ ਔਰਤਾਂ ਨੂੰ ਉਤਾਰਿਆ ਹੈ। ਬਠਿੰਡਾ ਤੋਂ ਬਲਜਿੰਦਰ ਕੌਰ ਅਤੇ ਪਟਿਆਲਾ ਤੋਂ ਨੀਨਾ ਮਿੱਤਲ ਮੈਦਾਨ 'ਚ ਹਨ ਜਦਕਿ ਜਮਹੂਰ ਗਠਜੋੜ ਵਲੋਂ ਸਿਰਫ ਦੋ ਸੀਟਾਂ ਖਡੂਰ ਸਾਹਿਬ 'ਚ ਬੀਬੀ ਪਰਮਜੀਤ ਕੌਰ ਖਾਲੜਾ ਤੇ ਅੰਮ੍ਰਿਤਸਰ 'ਚ ਦਸਵਿੰਦਰ ਕੌਰ ਨੂੰ ਮੈਦਾਨ 'ਚ ਉਤਾਰਿਆ ਗਿਆ ਹੈ।
ਸੰਗਰੂਰ ਸੀਟ
ਪੰਜਾਬ ਦੀਆਂ 13 ਸੀਟਾਂ 'ਚੋਂ ਸੰਗਰੂਰ ਸੀਟ ਅਜਿਹੀ ਹੈ ਜਿਥੇ 5 ਪ੍ਰਮੁੱਖ ਪਾਰਟੀਆਂ ਦੇ ਉਮੀਦਵਾਰ ਸਿੱਖ ਪੱਗੜੀਧਾਰੀ ਹਨ। ਇਨ੍ਹਾਂ ਵਿਚ 'ਆਪ' ਦੇ ਭਗਵੰਤ ਮਾਨ, ਅਕਾਲੀ ਦਲ ਬਾਦਲ ਦੇ ਪਰਮਿੰਦਰ ਸਿੰਘ ਢੀਂਡਸਾ, ਕਾਂਗਰਸ ਦੇ ਕੇਵਲ ਸਿੰਘ ਢਿੱਲੋਂ, ਪੰਜਾਬ ਏਕਤਾ ਪਾਰਟੀ ਦੇ ਜੱਸੀ ਜਸਰਾਜ ਅਤੇ ਅਕਾਲੀ ਦਲ ਅੰਮ੍ਰਿਤਸਰ ਦੇ ਸਿਮਰਨਜੀਤ ਸਿੰਘ ਮਾਨ ਮੈਦਾਨ 'ਚ ਹਨ।
ਅਕਾਲੀ ਦਲ ਦੇ ਸਭ ਤੋਂ ਵੱਧ ਪੱਗੜੀਧਾਰੀ ਉਮੀਦਵਾਰ
ਸ਼੍ਰੋਮਣੀ ਅਕਾਲੀ ਦਲ ਨੇ ਗਠਜੋੜ ਦੇ ਕੋਟੇ 'ਚੋਂ ਮਿਲੀਆਂ 10 ਸੀਟਾਂ 'ਚੋਂ 8 ਸੀਟਾਂ 'ਤੇ ਸਿੱਖ ਚਿਹਰੇ ਉਤਾਰੇ ਹਨ। ਸਭ ਤੋਂ ਜ਼ਿਆਦਾ ਸਿੱਖ ਚਿਹਰੇ ਵੀ ਇਸੇ ਪਾਰਟੀ ਦੇ ਹਨ। ਕਾਂਗਰਸ ਅਤੇ 'ਆਪ' ਨੇ 7, ਪੀ. ਡੀ. ਏ. ਨੇ 3, ਭਾਜਪਾ ਨੇ 1 ਅਤੇ ਅਕਾਲੀ ਦਲ ਅੰਮ੍ਰਿਤਸਰ ਨੇ 2 ਸਿੱਖ ਚਿਹਰੇ ਮੈਦਾਨ 'ਚ ਉਤਾਰੇ ਹਨ।
ਲੁਧਿਆਣਾ 'ਚ ਹੈਵਾਨੀਅਤ ਦਾ ਨੰਗਾ ਨਾਚ, ਪਰਿਵਾਰ 'ਤੇ ਕੀਤਾ ਤੇਜ਼ਧਾਰ ਹਥਿਆਰਾਂ ਨਾਲ ਹਮਲਾ (ਤਸਵੀਰਾਂ)
NEXT STORY