ਜਲੰਧਰ (ਗੁਰਮਿੰਦਰ ਸਿੰਘ) : ਦੇਸ਼ ਵਿਚ ਲੋਕ ਸਭਾ ਚੋਣਾਂ ਦਾ ਅਖਾੜਾ ਪੂਰੀ ਤਰ੍ਹਾ ਭਖਿਆ ਹੋਇਆ ਹੈ। ਚੋਣ ਕਮਿਸ਼ਨ ਵਲੋਂ ਦੇਸ਼ ਭਰ ਵਿਚ 7 ਪੜਾਅ ਵਿਚ ਚੋਣਾਂ ਕਰਵਾਈਆਂ ਜਾ ਰਹੀਆਂ ਹਨ ਅਤੇ ਪੰਜਾਬ ਵਿਚ ਸਭ ਤੋਂ ਅਖੀਰ 'ਚ 19 ਮਈ ਨੂੰ 7ਵੇਂ ਗੇੜ 'ਚ ਚੋਣਾਂ ਹੋਣਗੀਆਂ। 'ਜਗ ਬਾਣੀ' ਆਪਣੇ ਪਾਠਕਾਂ ਨਾਲ ਅੱਜ ਚੋਣ ਕਮਿਸ਼ਨ ਵਲੋਂ ਵੋਟਰਾਂ ਨੂੰ ਦਿੱਤੇ ਵਿਸ਼ੇਸ਼ ਅਧਿਕਾਰ 'ਨੋਟਾ' ਬਾਰੇ ਜਾਣਕਾਰੀ ਸਾਂਝੇ ਕਰੇਗਾ।
2014 'ਚ ਪਹਿਲੀ ਵਾਰ ਹੋਈ 'ਨੋਟਾ' ਦੀ ਵਰਤੋਂ
ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ 'ਤੇ 'ਨੋਟਾ' (ਨਨ ਆਫ ਦਿ ਅਬੱਵ) 2014 ਦੀਆਂ ਲੋਕ ਸਭਾ ਚੋਣਾਂ 'ਚ ਪਹਿਲੀ ਵਾਰ ਨਜ਼ਰ ਆਇਆ ਸੀ। ਇਨ੍ਹਾਂ ਚੋਣਾਂ ਦੌਰਾਨ ਨੋਟਾ ਸਭ ਤੋਂ ਵੱਧ ਉਤਰ ਪ੍ਰਦੇਸ਼ ਵਿਚ ਵਰਤਿਆ ਗਿਆ, ਜਿੱਥੇ 592331 ਵੋਟਰਾਂ ਨੇ 'ਨੋਟਾ' ਦੀ ਵਰਤੋਂ ਕੀਤੀ। ਇਸੇ ਤਰ੍ਹਾਂ ਤਾਮਿਲਨਾਡੂ 'ਚ 581782, ਬਿਹਾਰ 'ਚ 580964 ਅਤੇ ਵੈਸਟ ਬੰਗਾਲ 'ਚ 571294 ਵੋਟਰਾਂ ਨੇ ਨੋਟਾ ਦੀ ਵਰਤੋਂ ਕੀਤੀ। 2014 ਦੀਆਂ ਲੋਕ ਸਭਾ ਚੋਣਾਂ 'ਚ ਪੰਜਾਬ ਵਿਚ 58754 ਵੋਟਰਾਂ ਨੇ 'ਨੋਟਾ' ਨੂੰ ਚੁਣਿਆ। ਜੇ ਗੱਲ ਕੀਤੀ ਜਾਵੇ ਦੇਸ਼ ਭਰ ਦੀ ਤਾਂ ਕੁੱਲ 60 ਲੱਖ ਤੋਂ ਵੱਧ ਲੋਕਾਂ ਨੇ ਉਮੀਦਵਾਰਾਂ ਨੂੰ ਛੱਡ 'ਨੋਟਾ' ਨੂੰ ਤਰਜੀਹ ਦਿੱਤੀ। ਇਸ ਤੋਂ ਪਹਿਲਾਂ 2013 ਵਿਚ ਹੋਈਆਂ ਪੰਜ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਵਿਚ ਵੀ 'ਨੋਟਾ' ਬਦਲ ਦਿੱਤਾ ਗਿਆ ਸੀ।
ਕੀ ਹੈ 'ਨੋਟਾ'
'ਨੋਟਾ' ਦੇ ਹੱਕ ਲਈ ਕਈ ਸੰਸਥਾਵਾਂ ਨੂੰ ਲੰਬੀ ਜਦੋ-ਜਹਿਦ ਕਰਨੀ ਪਈ ਹੈ। ਸਤੰਬਰ 2013 ਵਿਚ ਸੁਪਰੀਮ ਕੋਰਟ ਦੇ ਹੁਕਮ 'ਤੇ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ 'ਤੇ ਆਖਰੀ ਬਟਨ 'ਨੋਟਾ' ਦਾ ਲਗਾਉਣ ਦਾ ਫੈਸਲਾ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਭ੍ਰਿਸ਼ਟ ਜਾਂ ਨਾਕਾਰਾ ਹੋਣ ਕਾਰਨ ਵੋਟਰ ਕਿਸੇ ਉਮੀਦਵਾਰ ਨੂੰ ਪਸੰਦ ਨਹੀਂ ਸੀ ਕਰਦੇ ਤਾਂ ਉਹ ਵੋਟ ਪਾਉਣ ਤੋਂ ਹੀ ਗੁਰੇਜ਼ ਕਰਦੇ ਸਨ, ਇਸ ਨਾਲ ਵੋਟ ਤਾਂ ਜ਼ਾਇਆ ਜਾਂਦੀ ਹੀ ਸੀ, ਨਾਲ ਹੀ ਵੋਟਰ ਆਪਣੇ ਵੋਟ ਦੇ ਇਸਤੇਮਾਲ ਤੋਂ ਵਾਂਝਾ ਰਹਿ ਜਾਂਦਾ ਸੀ। ਅਜਿਹੇ 'ਚ 'ਨੋਟਾ' ਦੇ ਬਦਲ ਵੱਲ ਵਿਸ਼ੇਸ਼ ਧਿਆਨ ਦਿੱਤਾ ਗਿਆ। ਨੋਟਾ ਦਾ ਬਦਲ ਮਿਲਣ ਨਾਲ ਹੁਣ ਵੋਟਰ ਸਾਰੇ ਉਮੀਦਵਾਰਾਂ ਨੂੰ ਰੱਦ ਕਰ ਸਕਦੇ ਹਨ, ਜਿਨ੍ਹਾਂ ਨੂੰ ਉਹ ਪਸੰਦ ਨਹੀਂ ਕਰਦੇ। ਇਹ ਅਧਿਕਾਰ ਅਜੇ ਸੀਮਤ ਹੈ, ਭਾਵ ਉਮੀਦਵਾਰਾਂ ਨੂੰ ਰੱਦ ਕਰਨ ਦਾ ਅਧਿਕਾਰ ਤਾਂ ਵੋਟਰ ਕੋਲ ਹੈ ਪਰ ਜੇ ਬਹੁਗਿਣਤੀ ਵੋਟਰ ਉਮੀਦਵਾਰਾਂ ਨੂੰ ਰੱਦ ਕਰ ਦਿੰਦੇ ਹਨ ਤਾਂ ਨਤੀਜੇ 'ਤੇ ਕੋਈ ਅਸਰ ਨਹੀਂ ਪਵੇਗਾ। 'ਨੋਟਾ' ਦੇ ਬਦਲ ਤੋਂ ਪਹਿਲਾਂ ਕਿਸੇ ਉਮੀਦਵਾਰ ਨੂੰ ਰੱਦ ਕਰਨ ਲਈ ਵੱਖਰਾ ਫਾਰਮ ਭਰਨਾ ਪੈਂਦਾ ਸੀ ਅਤੇ ਆਪਣੀ ਪਛਾਣ ਵੀ ਦੱਸਣੀ ਪੈਂਦੀ ਸੀ, ਹੁਣ ਈ. ਵੀ.ਐੱਮ. 'ਤੇ 'ਨੋਟਾ' ਬਦਲ ਹੋਣ ਨਾਲ ਪਛਾਣ ਜ਼ਾਹਰ ਨਹੀਂ ਹੁੰਦੀ। ਭਾਰਤ ਤੋਂ ਇਲਾਵਾ ਗ੍ਰੀਸ, ਯੂਕ੍ਰੇਨ, ਸਪੇਨ, ਕੋਲੰਬੀਆ, ਬੰਗਲਾਦੇਸ਼, ਚਿਲੀ, ਬੇਲਜੀਅਮ, ਯੂਨਾਨ ਅਤੇ ਰੂਸ ਸਮੇਤ ਕਈ ਦੇਸ਼ਾਂ ਵਿਚ ਵੋਟਾਂ ਦਾ ਬਦਲ ਲਾਗੂ ਹੈ।
ਪੁੱਤਰ ਦੇ ਹਲਕੇ ਦਾ ਵਿਕਾਸ ਕਰਕੇ ਚੰਦੂਮਾਜਰਾ ਨੇ ਲੋਕਾਂ ਨਾਲ ਕੀਤਾ ਧੋਖਾ: ਮੁਨੀਸ਼ ਤਿਵਾੜੀ
NEXT STORY