ਚੰਡੀਗੜ੍ਹ : 2014 ਦੀਆਂ ਲੋਕ ਸਭਾ ਅਤੇ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਇਕ ਦੂਜੇ ਲਈ ਪ੍ਰਚਾਰ ਕਰਨ ਵਾਲੇ ਉੱਘੇ ਲੀਡਰ ਪ੍ਰੋ. ਸਾਧੂ ਸਿੰਘ ਅਤੇ ਮਾਸਟਰ ਬਲਦੇਵ ਸਿੰਘ 2019 ਦੀਆਂ ਚੋਣਾਂ 'ਚ ਇਕ ਦੂਜੇ ਦੇ ਖਿਲਾਫ ਚੋਣ ਲੜਨਗੇ। ਦਰਅਸਲ ਲੋਕ ਸਭਾ ਹਲਕਾ ਫਰੀਦਕੋਟ ਤੋਂ ਆਮ ਆਦਮੀ ਪਾਰਟੀ ਵਲੋਂ ਮੌਜੂਦਾ ਮੈਂਬਰ ਪਾਰਲੀਮੈਂਟ ਪ੍ਰੋ. ਸਾਧੂ ਸਿੰਘ ਨੂੰ ਚੋਣ ਮੈਦਾਨ ਵਿਚ ਉਤਾਰਿਆ ਗਿਆ ਹੈ, ਜਦਕਿ ਆਮ ਆਦਮੀ ਪਾਰਟੀ ਤੋਂ ਬਾਗੀ ਹੋਏ ਹਲਕਾ ਜੈਤੋ ਤੋਂ ਵਿਧਾਇਕ ਮਾਸਟਰ ਬਲਦੇਵ ਸਿੰਘ ਨੂੰ ਸੁਖਪਾਲ ਖਹਿਰਾ ਨੇ ਪੰਜਾਬ ਏਕਤਾ ਪਾਰਟੀ ਵਲੋਂ ਫਰੀਦਕੋਟ ਤੋਂ ਹੀ ਉਮੀਦਵਾਰ ਐਲਾਨਿਆ ਹੈ।
ਪ੍ਰੋ. ਸਾਧੂ ਸਿੰਘ ਨੇ ਦਾਅਵਾ ਕਰਦਿਆਂ ਕਿਹਾ ਹੈ ਕਿ ਉਨ੍ਹਾਂ ਦੀ ਮਦਦ ਸਦਕਾ ਹੀ ਮਾਸਟਰ ਬਲਦੇਵ ਸਿੰਘ ਨੂੰ ਵਿਧਾਨ ਸਭਾ ਦੀ ਟਿਕਟ ਮਿਲੀ ਸੀ ਅਤੇ ਉਨ੍ਹਾਂ ਸਦਕਾ ਹੀ ਉਹ ਜੈਤੋਂ ਤੋਂ ਜਿੱਤੇ ਸਨ। ਦੂਜੇ ਪਾਸੇ ਮਾਸਟਰ ਬਲਦੇਵ ਸਿੰਘ ਨੇ ਕਿਹਾ ਕਿ ਉਹ ਸਾਧੂ ਸਿੰਘ ਕੋਲ ਸਿਰਫ ਆਸ਼ੀਰਵਾਦ ਲੈਣ ਲਈ ਗਏ ਸਨ ਜਦਕਿ ਸਾਧੂ ਸਿੰਘ ਤਾਂ ਕਿਸੇ ਹੋਰ ਉਮੀਦਵਾਰ ਨੂੰ ਜੈਤੋ ਦੀ ਟਿਕਟ ਦਿਵਾਉਣਾ ਚਾਹੁੰਦੇ ਸਨ। ਮਾਸਟਰ ਬਲਦੇਵ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਕੰਮ ਸਦਕਾ ਹੀ ਜਨਤਾ ਨੇ ਉਨ੍ਹਾਂ ਨੂੰ ਵੋਟ ਪਾਈ ਹੈ। ਦਾਅਵਾ ਕਰਦਿਆਂ ਮਾਸਟਰ ਬਲਦੇਵ ਸਿੰਘ ਨੇ ਕਿਹਾ ਕਿ 2014 ਦੌਰਾਨ ਉਨ੍ਹਾਂ ਪੂਰੀ ਈਮਾਨਦਾਰੀ ਤੇ ਤਨਦੇਹੀ ਨਾਲ ਸਾਧੂ ਸਿੰਘ ਲਈ ਚੋਣ ਪ੍ਰਚਾਰ ਕੀਤਾ ਸੀ।
ਸਾਧੂ ਸਿੰਘ ਨੇ ਦਾਅਵਾ ਕੀਤਾ ਕਿ ਵਿਧਾਨ ਸਭਾ ਚੋਣਾਂ ਦੌਰਾਨ ਜਦੋਂ ਪਾਰਟੀ ਨੇ ਬਲਦੇਵ ਸਿੰਘ ਨੂੰ ਉਮੀਦਵਾਰ ਐਲਾਨਿਆ ਤਾਂ ਉਨ੍ਹਾਂ ਸੰਜੇ ਸਿੰਘ ਨਾਲ ਮਿਲ ਕੇ ਸਰਗਰਮੀ ਨਾਲ ਚੋਣ ਪ੍ਰਚਾਰ ਕੀਤਾ ਜਦਕਿ ਉਨ੍ਹਾਂ ਨੇ ਸੁਖਪਾਲ ਖਹਿਰਾ ਨਾਲ ਮਿਲ ਕੇ ਪਾਰਟੀ ਨੂੰ ਹੀ ਛੱਡ ਦਿੱਤਾ। ਸਾਧੂ ਸਿੰਘ ਨੇ ਕਿਹਾ ਕਿ ਬਲਦੇਵ ਸਿੰਘ ਨੇ ਪਾਰਟੀ ਅਤੇ ਉਸ ਨੂੰ ਜਿਤਾਉਣ ਵਾਲੇ ਲੋਕਾਂ ਨਾਲ ਧੋਖਾ ਕੀਤਾ ਹੈ। ਉਨ੍ਹਾਂ ਨੂੰ ਬਲਦੇਵ ਸਿੰਘ ਖਿਲਾਫ ਚੋਣ ਲੜਨ 'ਚ ਕੋਈ ਸੰਕੋਚ ਨਹੀਂ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਕਰਕੇ ਹੀ ਲੋਕਾਂ ਨੇ ਬਲਦੇਵ ਸਿੰਘ ਨੂੰ ਜਿੱਤਾ ਕੇ ਵਿਧਾਨ ਸਭਾ ਭੇਜਿਆ ਸੀ।
ਉਧਰ ਬਲਦੇਵ ਸਿੰਘ ਦਾ ਕਹਿਣਾ ਹੈ ਉਨ੍ਹਾਂ ਨੂੰ ਟਿਕਟ ਦਿਵਾਉਣ ਵਿਚ ਸਾਧੂ ਸਿੰਘ ਦੀ ਕੋਈ ਭੂਮਿਕਾ ਨਹੀਂ ਹੈ, ਜਦੋਂ ਟਿਕਟਾਂ ਵੰਡੀਆਂ ਜਾ ਰਹੀਆਂ ਸਨ, ਉਸ ਸਮੇਂ ਭਗਵੰਤ ਮਾਨ ਮੈਨੂੰ ਸਾਧੂ ਸਿੰਘ ਨਾਲ ਮੁਲਾਕਾਤ ਕਰਨ ਲਈ ਕਿਹਾ ਸੀ ਕਿਉਂਕਿ ਉਹ ਟਿਕਟ ਦਾ ਵਿਰੋਧ ਕਰ ਰਹੇ ਸਨ। ਉਹ ਸਾਧੂ ਸਿੰਘ ਕੋਲ ਸਿਰਫ ਆਸ਼ੀਰਵਾਦ ਲੈਣ ਹੀ ਗਏ ਸਨ।
ਰਾਜਿੰਦਰਾ ਹਸਪਤਾਲ 'ਚ ਦੋ ਦਿਨਾਂ ਤੋਂ ਨਹੀਂ ਹੋਏ 150 ਆਪਰੇਸ਼ਨ
NEXT STORY