ਜਲੰਧਰ (ਸੋਨੂੰ, ਚੋਪੜਾ)- ਲੋਕ ਸਭਾ ਚੋਣਾਂ ਦੇ ਆਖਰੀ ਪੜਾਅ ’ਚ ਪੰਜਾਬ ਦੀਆਂ 13 ਸੀਟਾਂ ’ਤੇ ਚੋਣ ਪ੍ਰਚਾਰ ਦਾ ਵੀਰਵਾਰ ਤੋਂ ਰੌਲਾ ਰੁਕ ਚੁੱਕਾ ਹੈ। 30 ਮਈ ਨੂੰ ਸ਼ਾਮ 6 ਵੱਜਦੇ ਹੀ ਪ੍ਰਚਾਰ ’ਚ ਲੱਗੇ ਸਾਰੇ ਸਾਧਨ ਬੰਦ ਹੋ ਗਏ ਸਨ। ਹੁਣ ਲੋਕ ਸਭਾ ਮੈਂਬਰ ਦੀ ਚੋਣ ਲਈ 1 ਜੂਨ ਨੂੰ ਵੋਟਾਂ ਪਾਈਆਂ ਜਾਣਗੀਆਂ।
ਅੱਜ ਵੰਡੀਆਂ ਗਈਆਂ ਈ. ਵੀ. ਐੱਮ. ਅਤੇ ਵੀ. ਵੀ. ਪੈਟ ਮਸ਼ੀਨਾਂ
ਜਲੰਧਰ ਲੋਕ ਸਭਾ ਹਲਕਾ ਅਧੀਨ ਆਉਂਦੇ ਸਾਰੇ 9 ਵਿਧਾਨ ਸਭਾ ਹਲਕਿਆਂ ’ਚ ਵੋਟਿੰਗ ਲਈ ਬਣਾਏ ਗਏ ਪੋਲਿੰਗ ਸਟੇਸ਼ਨਾਂ ’ਤੇ ਤਾਇਨਾਤ ਪੋਲਿੰਗ ਸਟਾਫ਼ ਨੂੰ ਅੱਜ ਈ. ਵੀ. ਐੱਮ. ਅਤੇ ਵੀ. ਵੀ. ਪੈਟ ਮਸ਼ੀਨਾਂ ਵੰਡੀਆਂ ਗਈਆਂ, ਜਿਸ ਸਬੰਧੀ 31 ਮਈ ਨੂੰ ਜਲੰਧਰ ਨਾਰਥ ਹਲਕਾ, ਸੈਂਟਰਲ ਹਲਕਾ, ਕੈਂਟ ਹਲਕਾ, ਵੈਸਟ ਹਲਕਾ, ਆਦਮਪੁਰ ਹਲਕਾ, ਕਰਤਾਰਪੁਰ ਹਲਕਾ, ਸ਼ਾਹਕੋਟ ਹਲਕਾ, ਨਕੋਦਰ ਹਲਕਾ ਅਤੇ ਫਿਲੌਰ ਵਿਧਾਨ ਸਭਾ ਹਲਕੇ ਦੇ ਸਹਾਇਕ ਰਿਟਰਨਿੰਗ ਅਧਿਕਾਰੀ ਆਪਣੇ ਨਾਲ ਲਾਏ ਗਏ ਸਟਾਫ਼ ਨੂੰ ਮਸ਼ੀਨਾਂ ਤੋਂ ਇਲਾਵਾ ਸਮੁੱਚੀ ਸਮੱਗਰੀ ਵੰਡੀ ਗਈ।ਜਲੰਧਰ ਵਿਚ ਕੁੱਲ 1951 ਬੂਥ ਬਣਾਏ ਗਏ ਹਨ।
ਇਹ ਵੀ ਪੜ੍ਹੋ- ਨਕੋਦਰ ਤੋਂ MLA ਇੰਦਰਜੀਤ ਕੌਰ ਮਾਨ ਨੂੰ ਲੱਗਾ ਡੂੰਘਾ ਸਦਮਾ, ਪਤੀ ਸ਼ਰਨਜੀਤ ਸਿੰਘ ਦਾ ਦਿਹਾਂਤ
ਜਲੰਧਰ ’ਚ ਚੋਣ ਪ੍ਰਚਾਰ ਦੇ ਆਖਰੀ ਦਿਨ ਕਾਂਗਰਸ, ਆਮ ਆਦਮੀ ਪਾਰਟੀ, ਭਾਜਪਾ, ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਸਮੇਤ ਸਾਰੀਆਂ ਸਿਆਸੀ ਪਾਰਟੀਆਂ ਨੇ ਆਪਣੀ ਤਾਕਤ ਝੋਕ ਦਿੱਤੀ। ਰੋਡ ਸ਼ੋਅ, ਮੀਟਿੰਗਾਂ, ਨੁੱਕੜ ਮੀਟਿੰਗਾਂ, ਡੋਰ-ਟੂ-ਡੋਰ ਪ੍ਰਚਾਰ ਵਿਚ ਜੁਟ ਗਏ ਹਨ ਅਤੇ ਉਹ ਵੀ ਆਪਣੇ ਸਮੇਤ ਕੁੱਲ੍ਹ 4 ਲੋਕਾਂ ਨੂੰ ਲੈ ਕੇ ਹੀ ਪ੍ਰਚਾਰ ਕਰ ਕਰ ਰਹੇ ਹਨ। ਜਲੰਧਰ ਜ਼ਿਲ੍ਹੇ ’ਚ ਮੁੱਖ ਸਿਆਸੀ ਪਾਰਟੀਆਂ ਦੇ ਉਮੀਦਵਾਰਾਂ ਦੇ ਇਲਾਵਾ ਆਜ਼ਾਦ ਉਮੀਦਵਾਰਾਂ ਸਮੇਤ ਕੁੱਲ੍ਹ 19 ਉਮੀਦਵਾਰ ਚੋਣ ਮੈਦਾਨ ’ਚ ਹਨ। ਵੋਟਿੰਗ ਮਸ਼ੀਨਾਂ ’ਚ ਇਨ੍ਹਾਂ 19 ਉਮੀਦਵਾਰਾਂ ਦੇ ਚੋਣ ਚਿੰਨ੍ਹ ਅੰਕਿਤ ਹੋਣ ਤੋਂ ਇਲਾਵਾ 20ਵਾਂ ਬਟਨ ਨੋਟਾ ਦਾ ਹੋਵੇਗਾ। ਸ਼ਾਮ ਢੱਲਦੇ ਹੀ ਵਧੇਰੇ ਉਮੀਦਵਾਰਾਂ ਅਤੇ ਵਿਧਾਨ ਸਭਾ ਲੈਵਲ ’ਤੇ ਉਨ੍ਹਾਂ ਦੀ ਪਾਰਟੀ ਦੇ ਆਗੂਆਂ ਨੇ ਬੂਥਾਂ ’ਤੇ ਬੈਠਣ ਵਾਲੇ ਆਪਣੇ ਏਜੰਟਾਂ ਦੀਆਂ ਮੀਟਿੰਗਾਂ ਬੁਲਾ ਲਈਆਂ ਹਨ ਅਤੇ 1 ਜੂਨ ਨੂੰ ਆਪਣੀ ਪਾਰਟੀ ਦੇ ਪੱਖ ’ਚ ਵੱਧ ਤੋਂ ਵੱਧ ਵੋਟਿੰਗ ਕਰਵਾਉਣ ਦੀਆਂ ਤਿਆਰੀਆਂ ਆਰੰਭ ਕਰ ਦਿੱਤੀਆਂ ਹਨ, ਜਿਸ ਤੋਂ ਬਾਅਦ 4 ਜੂਨ ਨੂੰ ਵੋਟਾਂ ਦੀ ਗਿਣਤੀ ਹੋਵੇਗੀ।
ਸ਼ਾਂਤੀਪੂਰਵਕ ਤੇ ਨਿਰਪੱਖ ਵੋਟਿੰਗ ਲਈ ਜ਼ਿਲਾ ਚੋਣ ਅਧਿਕਾਰੀਆਂ ਨੇ ਵੀ ਕੱਸੀ ਕਮਰ
ਚੋਣ ਪ੍ਰਚਾਰ ਰੁਕਣ ਦੇ ਨਾਲ ਹੀ ਜ਼ਿਲ੍ਹਾ ਚੋਣ ਅਧਿਕਾਰੀਆਂ ਨੇ ਆਪਣੀ ਕਮਰ ਕੱਸ ਲਈ ਹੈ। ਭਾਰਤੀ ਚੋਣ ਕਮਿਸ਼ਨ ਵੱਲੋਂ ਤਾਇਨਾਤ ਕੀਤੇ ਆਬਜ਼ਰਵਰ, ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਧਿਕਾਰੀ, ਪੁਲਸ ਕਮਿਸ਼ਨਰ, ਐੱਸ. ਐੱਸ. ਪੀ. ਦਿਹਾਤੀ, 9 ਵਿਧਾਨ ਸਭਾ ਹਲਕਿਆਂ ਦੇ ਰਿਟਰਨਿੰਗ ਅਧਿਕਾਰੀ, ਚੋਣ ਸ਼ਾਂਤੀਪੂਰਵਕ ਅਤੇ ਨਿਰਪੱਖ ਢੰਗ ਨਾਲ ਕਰਵਾਉਣ ਨੂੰ ਲੈ ਕੇ ਫੀਲਡ ’ਚ ਉਤਰ ਗਏ ਹਨ ਅਤੇ ਵੋਟਰਾਂ ਨੂੰ ਲੁਭਾਉਣ, ਲਾਲਚ ਦੇਣ ਤੇ ਡਰਾਉਣ ਵਰਗੀਆਂ ਸਰਗਰਮੀਆਂ ’ਤੇ ਤਿੱਖੀ ਨਜ਼ਰ ਰੱਖਣਗੇ। ਉਥੇ ਹੀ, ਪ੍ਰਸ਼ਾਸਨ ਨੇ 1 ਜੂਨ ਨੂੰ ਵੋਟਿੰਗ ਕਰਵਾਉਣ ਨੂੰ ਲੈ ਕੇ ਆਪਣੇ ਪ੍ਰਬੰਧਾਂ ਨੂੰ ਵੀ ਅੰਤਿਮ ਰੂਪ ਦੇ ਦਿੱਤਾ ਹੈ।
ਇਨ੍ਹਾਂ ਕੱਦਾਵਰਾਂ ਵਿਚਕਾਰ ਹੋਵੇਗਾ ਮੁੱਖ ਮੁਕਾਬਲਾ
ਜਲੰਧਰ ਲੋਕ ਸਭਾ ਹਲਕੇ ’ਚ ਮੁੱਖ ਮੁਕਾਬਲਾ ਕਾਂਗਰਸੀ ਉਮੀਦਵਾਰ ਅਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਸੰਸਦ ਮੈਂਬਰ ਅਤੇ ਭਾਜਪਾ ਉਮੀਦਵਾਰ ਸੁਸ਼ੀਲ ਰਿੰਕੂ, ਆਮ ਆਦਮੀ ਪਾਰਟੀ ਦੇ ਉਮੀਦਵਾਰ ਪਵਨ ਕੁਮਾਰ ਟੀਨੂੰ , ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਉਮੀਦਵਾਰ ਮਹਿੰਦਰ ਸਿੰਘ ਕੇ. ਪੀ. ਤੇ ਬਹੁਜਨ ਸਮਾਜ ਪਾਰਟੀ ਦੇ ਬਲਵਿੰਦਰ ਕੁਮਾਰ ਵਿਚਕਾਰ ਵੇਖਣ ਨੂੰ ਮਿਲੇਗਾ।
ਇਹ ਵੀ ਪੜ੍ਹੋ- CM ਮਾਨ ਦਾ ਵੱਡਾ ਬਿਆਨ, ਅਜੇ ਤਾਂ ਸਿਰਫ਼ 43 ਹਜ਼ਾਰ ਨੌਕਰੀਆਂ ਦਿੱਤੀਆਂ ਨੇ, ਲੱਖਾਂ ਦੇਣੀਆਂ ਬਾਕੀ ਹਨ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸ਼ੱਕੀ ਹਾਲਾਤ 'ਚ ਮਿਲੀ 18 ਸਾਲਾ ਨੌਜਵਾਨ ਦੀ ਲਾਸ਼, ਪਰਿਵਾਰ ਨੇ ਜਤਾਇਆ ਕਤਲ ਦਾ ਖ਼ਦਸ਼ਾ
NEXT STORY