ਲੁਧਿਆਣਾ (ਤਰੁਣ): ਤਕਰੀਬਨ ਡੇਢ ਸਾਲ ਪਹਿਲਾਂ ਇਕ ਜੋੜਾ ਲਵ ਮੈਰਿਜ ਕਰਵਾਉਂਦਾ ਹੈ, ਪਰ ਵਿਆਹ ਤੋਂ ਕੁਝ ਦਿਨ ਬਾਅਦ ਹੀ ਦੋਹਾਂ ਵਿਚਾਲੇ ਵਿਵਾਦ ਸ਼ੁਰੂ ਹੋ ਜਾਂਦਾ ਹੈ। ਇਸ ਦੌਰਾਨ ਪਤਨੀ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਲ ਸੋਨੇ ਦੇ ਗਹਿਣੇ ਤੇ ਹੋਰ ਕੀਮਤੀ ਸਾਮਾਨ ਚੋਰੀ ਕਰ ਕੇ ਫ਼ਰਾਰ ਹੋ ਜਾਂਦੀ ਹੈ। ਪੀੜਤ ਪਤੀ ਨੇ ਥਾਣਾ ਡਵੀਜ਼ਨ ਨੰਬਰ 3 ਦੀ ਪੁਲਸ ਨੂੰ ਸ਼ਿਕਾਇਤ ਦਿੱਤੀ।
ਜਾਂਚ ਪੜਤਾਲ ਮਗਰੋਂ ਇਲਾਕਾ ਪੁਲਸ ਪੀੜਤ ਪਤੀ ਸਾਹਿਲ ਬਾਹਰੀ ਵਾਸੀ ਅਹਾਤਾ ਫ਼ਕੀਰ ਚੰਦ ਦੇ ਬਿਆਨਾਂ 'ਤੇ ਉਸ ਦੀ ਪਤਨੀ ਸਿਮਰਨ, ਸੱਸ ਨੀਲਮ ਰਾਣੀ, ਸਹੁਰੇ ਵਿਨੋਦ ਛਾਬੜਾ, ਸੁਨੀਤਾ ਅਰੋੜਾ, ਸਚਿਨ ਅਰੋੜਾ ਵਾਸੀ ਹਰਿਆਣਾ ਦੇ ਖ਼ਿਲਾਫ਼ ਚੋਰੀ ਅਤੇ ਧਮਕਾਉਣ ਦੇ ਦੋਸ਼ ਹੇਠ ਕੇਸ ਦਰਜ ਕਰ ਲੈਂਦੀ ਹੈ। ਪੀੜਤ ਸਾਹਿਲ ਨੇ ਦੱਸਿਆ ਕਿ 4 ਦਸੰਬਰ 2024 ਨੂੰ ਉਸ ਦਾ ਵਿਆਹ ਸਿਮਰਨ ਨਾਲ ਹੋਇਆ ਸੀ। ਵਿਆਹ ਤੋਂ ਕੁਝ ਦਿਨ ਬਾਅਦ ਹੀ ਸਿਮਰਨ ਦੀਆਂ ਵੱਡੀਆਂ ਡਿਮਾਂਡਾਂ ਸ਼ੁਰੂ ਹੋ ਗਈਆਂ, ਜਿਨ੍ਹਾਂ ਨੂੰ ਪੂਰੀਆਂ ਕਰਨ ਵਿਚ ਉਹ ਸਮਰਥ ਨਹੀਂ ਸੀ। ਰੋਜ਼ਾਨਾ ਲੜਾਈ ਝਗੜੇ ਦੇ ਕੁਝ ਦਿਨਾਂ ਬਾਅਦ ਸਿਮਰਨ ਪੇਕੇ ਚਲੀ ਗਈ।
ਪੀੜਤ ਮੁਤਾਬਕ, 12 ਨਵੰਬਰ 2025 ਨੂੰ ਸਿਮਰਨ ਆਪਣੇ ਮਾਪਿਆਂ ਸਮੇਤ 5 ਲੋਕਾਂ ਦੇ ਨਾਲ ਉਨ੍ਹਾਂ ਦੇ ਘਰ ਵਿਚ ਜ਼ਬਰਦਸਤੀ ਆ ਵੜੀ। ਸਹੁਰਾ ਧਿਰ ਵੱਲੋਂ ਲੋਕਾਂ ਨੇ ਗਾਲੀ-ਗਲੌਚ ਕੀਤੀ ਤੇ ਧਮਕਾਉਂਦੇ ਹੋਏ ਉਸ ਦੀ ਅਲਮਾਰੀ ਵਿਚ ਰੱਖੇ ਲੱਖਾਂ ਰੁਪਏ ਕੀਮਤ ਦਾ ਤਕਰੀਬਨ 15 ਤੋਲੇ ਸੋਨੇ ਦੇ ਗਹਿਣੇ ਚੋਰੀ ਕਰ ਲਏ ਤੇ ਫ਼ਰਾਰ ਹੋ ਗਏ।
ਥਾਣਾ ਮੁਖੀ ਗੁਰਜੀਤ ਸਿੰਘ ਨੇ ਦੱਸਿਆ ਕਿ ਜੋੜੇ ਦੀ ਲਵ ਮੈਰਿਜ ਹੋਈ ਸੀ। ਕੇਸ ਦਰਜ ਹੋਣ ਤੋਂ ਪਹਿਲਾਂ ਦੋਹਾਂ ਧਿਰਾਂ ਵਿਚ ਕਈ ਵਾਰ ਸਮਝੌਤਾ ਵੀ ਹੋਇਆ। ਅਖ਼ੀਰ ਵਿਚ ਪਤੀ ਨੇ ਸ਼ਿਕਾਇਤ ਕੀਤੀ ਹੈ ਕਿ ਸਹੁਰਾ ਧਿਰ ਦੇ ਲੋਕ ਉਸ ਦੇ ਘਰ ਵੜੇ ਤੇ ਗਹਿਣੇ ਤੇ ਕੀਮਤੀ ਸਾਮਾਨ ਚੋਰੀ ਕਰ ਕੇ ਫ਼ਰਾਰ ਹੋ ਗਏ। ਫ਼ਿਲਹਾਲ ਪੁਲਸ ਨੇ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪਾਕਿਸਤਾਨ ਦੀ ਜੇਲ੍ਹ 'ਚ 2 ਸਾਲਾਂ ਤੋਂ ਬੰਦ ਪੰਜਾਬੀ ਨੌਜਵਾਨ, ਪਰਿਵਾਰ ਨੇ ਰੋ-ਰੋ ਕੀਤੀ ਅਪੀਲ
NEXT STORY