ਮੰਡੀ ਗੋਬਿੰਦਗੜ੍ਹ (ਵਿਪਨ): ਫ਼ਤਿਹਗੜ੍ਹ ਸਾਹਿਬ ਦੀ ਲੋਹਾ ਨਗਰੀ ਮੰਡੀ ਗੋਬਿੰਦਗੜ੍ਹ ਤੋਂ ਇਕ ਸਨਸਨੀਖੇਜ਼ ਖ਼ਬਰ ਸਾਹਮਣੇ ਆਈ ਹੈ, ਜਿੱਥੇ ਗੈਰ-ਕਾਨੂੰਨੀ ਤਰੀਕੇ ਨਾਲ ਗੈਸ ਰੀਫਿਲਿੰਗ ਦੌਰਾਨ ਵੱਡਾ ਹਾਦਸਾ ਵਾਪਰ ਗਿਆ। ਇਸ ਘਟਨਾ ਵਿਚ 6 ਨੌਜਵਾਨ ਬੁਰੀ ਤਰ੍ਹਾਂ ਝੁਲਸ ਗਏ ਹਨ। ਇਹ ਮਾਮਲਾ ਨਾ ਸਿਰਫ਼ ਲਾਪਰਵਾਹੀ ਨੂੰ ਬੇਨਕਾਬ ਕਰਦਾ ਹੈ, ਸਗੋਂ ਪ੍ਰਸ਼ਾਸਨ ਦੀ ਕਾਰਗੁਜ਼ਾਰੀ ‘ਤੇ ਵੀ ਗੰਭੀਰ ਸਵਾਲ ਖੜੇ ਕਰਦਾ ਹੈ।
ਮੰਡੀ ਗੋਬਿੰਦਗੜ੍ਹ ਦੇ ਭਾਦਲਾ ਸਾਈਡ ਇਲਾਕੇ ਵਿਚ ਉਸ ਵੇਲੇ ਹੜਕੰਪ ਮਚ ਗਿਆ ਜਦੋਂ ਗੈਸ ਰੀਫਿਲਿੰਗ ਦੌਰਾਨ ਭਿਆਨਕ ਅੱਗ ਲੱਗ ਗਈ। ਜਾਣਕਾਰੀ ਮੁਤਾਬਕ ਕੁਝ ਨੌਜਵਾਨ ਵੱਡੇ ਸਿਲੰਡਰ ਤੋਂ ਛੋਟੇ ਸਿਲੰਡਰਾਂ ਵਿਚ ਗੈਸ ਭਰਨ ਦਾ ਗੈਰ-ਕਾਨੂੰਨੀ ਕੰਮ ਕਰ ਰਹੇ ਸਨ। ਇਸ ਦੌਰਾਨ ਗੈਸ ਲੀਕ ਹੋ ਕੇ ਬੰਦ ਕਮਰੇ ਵਿਚ ਇਕੱਠੀ ਹੋ ਗਈ। ਲਗਭਗ ਇਕ ਤੋਂ ਡੇਢ ਘੰਟੇ ਬਾਅਦ, ਜਦੋਂ ਉਨ੍ਹਾਂ ਨੂੰ ਲੱਗਾ ਕਿ ਗੈਸ ਕਮਰੇ ਵਿਚੋਂ ਖਤਮ ਹੋ ਗਈ ਹੈ, ਤਾਂ ਇਕ ਸਾਥੀ ਨੇ ਰੋਟੀ ਬਣਾਉਣ ਲਈ ਮਾਚਿਸ ਬਾਲੀ। ਮਾਚਿਸ ਦੀ ਚਿੰਗਾਰੀ ਨਾਲ ਕਮਰੇ ਵਿਚ ਫੈਲੀ ਗੈਸ ਨੇ ਤੁਰੰਤ ਅੱਗ ਫੜ ਲਈ ਅਤੇ ਭਿਆਨਕ ਅੱਗ ਲੱਗ ਗਈ।
ਇਸ ਹਾਦਸੇ ਵਿਚ ਗੋਲੂ (20), ਇਮਰਾਨ (18), ਸੁਨੀਲ ਕੁਮਾਰ (25), ਵਿਸ਼ਾਲ (18), ਬਬਲੂ (18) ਅਤੇ ਵਾਰਿਸ (17) ਗੰਭੀਰ ਤੌਰ ‘ਤੇ ਝੁਲਸ ਗਏ। ਜ਼ਖ਼ਮੀਆਂ ਨੂੰ ਤੁਰੰਤ ਨਜ਼ਦੀਕੀ ਨਿੱਜੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਜਾਰੀ ਹੈ। ਖੁਸ਼ਕਿਸਮਤੀ ਨਾਲ ਇਸ ਘਟਨਾ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ।
ਖਾਸ ਗੱਲ ਇਹ ਰਹੀ ਕਿ ਸਿਲੰਡਰ ਵਿਚ ਕੋਈ ਖ਼ਰਾਬੀ ਨਹੀਂ ਸੀ ਅਤੇ ਨਾ ਹੀ ਉਹ ਫਟਿਆ, ਸਗੋਂ ਗੈਸ ਦੇ ਰਿਸਾਅ ਅਤੇ ਬੰਦ ਕਮਰੇ ਵਿਚ ਇਕੱਠੀ ਹੋਣ ਕਾਰਨ ਇਹ ਹਾਦਸਾ ਵਾਪਰਿਆ।
ਧਿਆਨਯੋਗ ਗੱਲ ਇਹ ਹੈ ਕਿ ਇਸ ਤਰ੍ਹਾਂ ਗੈਸ ਰੀਫਿਲਿੰਗ ਕਰਨਾ ਇਕ ਗੰਭੀਰ ਕਾਨੂੰਨੀ ਜੁਰਮ ਹੈ। ਮੰਡੀ ਗੋਬਿੰਦਗੜ੍ਹ ਵਿਚ ਵੱਡੇ ਪੱਧਰ ‘ਤੇ ਇਸ ਤਰ੍ਹਾਂ ਦੇ ਗੈਰ-ਕਾਨੂੰਨੀ ਕੰਮ ਚੱਲ ਰਹੇ ਹਨ, ਜਿਸ ਨਾਲ ਲੋਕਾਂ ਦੀ ਜਾਨ ਨੂੰ ਖ਼ਤਰਾ ਬਣਿਆ ਹੋਇਆ ਹੈ। ਇਹ ਹਾਦਸਾ ਪ੍ਰਸ਼ਾਸਨ ਅਤੇ ਸਬੰਧਤ ਵਿਭਾਗਾਂ ਦੀ ਨਾਕਾਮੀ ਨੂੰ ਵੀ ਦਰਸਾਉਂਦਾ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਇਸ ਘਟਨਾ ਤੋਂ ਬਾਅਦ ਅਧਿਕਾਰੀ ਕਿਹੜੀ ਕਾਰਵਾਈ ਕਰਦੇ ਹਨ ਅਤੇ ਕੀ ਇਸ ਤਰ੍ਹਾਂ ਦੇ ਗੈਰ-ਕਾਨੂੰਨੀ ਧੰਧਿਆਂ ‘ਤੇ ਰੋਕ ਲੱਗਦੀ ਹੈ ਜਾਂ ਨਹੀਂ।
ਪੰਜਾਬ ਦਾ ਹੋ ਜਾਣਾ ਸੀ ਵੱਡਾ ਨੁਕਸਾਨ: ਪਾਕਿ ਵੱਲ ਲੱਗੀ ਅੱਗ ਕਿਸਾਨਾਂ ਦੇ ਖੇਤਾਂ 'ਚ ਹੋਈ ਦਾਖਲ, ਬਣਿਆ ਸਹਿਮ ਦਾ ਮਾਹੌਲ
NEXT STORY