ਲੁਧਿਆਣਾ (ਪਾਲੀ)-ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਪ੍ਰਸਤੀ ਹੇਠ ਦੇਸ਼-ਵਿਦੇਸ਼ ’ਚ ਕਾਰਜਸ਼ੀਲ ਪ੍ਰਮੁੱਖ ਸਿੱਖ ਜਥੇਬੰਦੀਆਂ ਦੀ ਇਕ ਵਿਸ਼ੇਸ਼ ਇਕੱਤਰਤਾ ਮਾਡਲ ਟਾਊਨ ਐਕਸਟੈਂਸ਼ਨ ਸਥਿਤ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਭਾਈ ਕਾਨ੍ਹ ਸਿੰਘ ਨਾਭਾ ਆਡੀਟੋਰੀਅਮ ਵਿਖੇ ਹੋਈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਇਸ ਇਕੱਤਰਤਾ ਵਿਚ ਮੁੱਖ ਤੌਰ ’ਤੇ ਚਾਰ ਮੁੱਦੇ ਵਿਚਾਰੇ ਗਏ, ਜਿਨ੍ਹਾਂ ਵਿਚ ਸਿੱਖ ਜਥੇਬੰਦੀਆਂ ਦੀ ਜਗਤਮੂਲਕ ਪਛਾਣ ਕਰ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਜੋਡ਼ਨਾ, ਜਥੇਬੰਦੀਆਂ ਦੇ ਆਪਸੀ ਸਹਿਯੋਗ ਦੀਆਂ ਸੰਭਾਵਨਾਵਾਂ, ਸਾਲ ਵਿਚ ਘੱਟੋ-ਘੱਟ ਇਕ ਵਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਪ੍ਰਸਤੀ ਹੇਠ ਸਿੱਖ ਜਥੇਬੰਦੀਆਂ ਦੀ ਇਕੱਤਰਤਾ ਤੇ ਜਥੇਬੰਦੀਆਂ ਦੀ ਤਾਲਮੇਲ ਕਮੇਟੀ ਦਾ ਗਠਨ ਕਰਨਾ ਸ਼ਾਮਲ ਸਨ। ਇਕੱਤਰਤਾ ਦੇ ਆਰੰਭ ’ਚ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਸਪੱਸ਼ਟ ਕੀਤਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਬੱਤ ਦੇ ਭਲੇ ਦੀ ਵਿਚਾਰਧਾਰਾ ਨੂੰ ਸਿਧਾਂਤਕ ਤੇ ਵਿਵਹਾਰਕ ਤੌਰ ’ਤੇ ਦੁਨੀਆ ਦੇ ਹਰ ਪ੍ਰਾਣੀ ਤਕ ਸੰਚਾਰਨ ਲਈ ਤਤਪਰ ਸਿੱਖ ਜਥੇਬੰਦੀਆਂ ਦੇ ਉਸਾਰੂ ਕਾਰਜਾਂ ਲਈ ਯੋਗ ਸ਼ਲਾਘਾ ਵੀ ਮਿਲੇਗੀ ਤੇ ਉਨ੍ਹਾਂ ਦੇ ਕਾਰਜਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਵਿਆਪਕ ਪੰਥਕ ਹਿੱਤਾਂ ਦੀ ਪੂਰਤੀ ਦੇ ਇਕ ਮਹੱਤਵਪੂਰਨ ਅੰਗ ਵਜੋਂ ਦੇਖਿਆ ਜਾਵੇਗਾ। ਉਨ੍ਹਾਂ ਨਿਸ਼ਕਾਮ ਸੇਵਾ ਤੇ ਨਵੀਂ ਪੀਡ਼੍ਹੀ ਨੂੰ ਆਪਣੇ ਵਿਰਸੇ ਨਾਲ ਜੋਡ਼ਨ ਲਈ ਸਮਰਪਿਤ ਜਥੇਬੰਦੀਆਂ ਦੀ ਸ਼ਲਾਘਾ ਵੀ ਕੀਤੀ। ਭਾਈ ਕਾਨ੍ਹ ਸਿੰਘ ਨਾਭਾ ਇੰਸਟੀਚਿਊਟ ਦੇ ਨਿਰਦੇਸ਼ਕ ਗੁਰਮੀਤ ਸਿੰਘ ਨੇ ਸਿੰਘ ਸਾਹਿਬ ਅੰਦਰ ਪੰਥਕ ਦਰਦ ਤਹਿਤ ਵਿਆਪਕ ਵਿਸ਼ਵ ਪੱਧਰੀ ਸੰਚਾਰ ਲਹਿਰ ਉਸਾਰਨ ਪ੍ਰਤੀ ਜਗਿਆਸਾ ਦੀ ਸ਼ਲਾਘਾ ਕੀਤੀ। ਇਸ ਮੌਕੇ ਸ਼ਾਮਲ ਜਥੇਬੰਦੀਆਂ ’ਚ ਬੇਸਿਕਸ ਆਫ਼ ਸਿੱਖੀ ਨਵੀਂ ਦਿੱਲੀ, ਚੀਫ਼ ਖਾਲਸਾ ਦੀਵਾਨ ਸ੍ਰੀ ਅੰਮ੍ਰਿਤਸਰ, ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਲੁਧਿਆਣਾ, ਇੰਸਟੀਚਿਊਟ ਆਫ਼ ਸਿੱਖ ਸਟੱਡੀਜ਼ ਚੰਡੀਗਡ਼੍ਹ, ਸਿੱਖ ਮਿਸ਼ਨਰੀ ਕਾਲਜ ਲੁਧਿਆਣਾ, ਸਿੱਖ ਕੌਂਸਲ ਆਨ ਰਿਲੀਜਨ ਐਂਡ ਐਜੂਕੇਸ਼ਨ ਸਕੋਰ, ਈਕੋ ਸਿੱਖ ਯੂ. ਐੱਸ. ਏ., ਖਾਲਸਾ ਏਡ ਇੰਗਲੈਂਡ, ਸਤਿਨਾਮ ਸਰਬ ਕਲਿਆਣ ਟਰੱਸਟ ਯੂ. ਐੱਸ. ਏ., ਸਰਬ ਰੋਗ ਕਾ ਅਉਖਦੁ ਨਾਮੁ ਮਿਸ਼ਨ ਲੁਧਿਆਣਾ, ਸੁਕ੍ਰਿਤ ਟਰੱਸਟ ਲੁਧਿਆਣਾ, ਸ੍ਰੀ ਸੁਖਮਨੀ ਸਾਹਿਬ ਸੇਵਾ ਸੋਸਾਇਟੀ ਲੁਧਿਆਣਾ ਤੇ ਯੂਨਾਈਟਿਡ ਸਿੱਖਜ਼ ਯੂ. ਐੱਸ. ਏ. ਹਾਜ਼ਰ ਸਨ। ਸਾਰੀਆਂ ਜਥੇਬੰਦੀਆਂ ਦੇ ਪ੍ਰਮੁੱਖ ਅਹੁਦੇਦਾਰਾਂ ਨੇ ਆਪਣੀ-ਆਪਣੀ ਜਥੇਬੰਦੀ ਵਲੋਂ ਕੀਤੇ ਜਾ ਰਹੇ ਕਾਰਜਾਂ ਦਾ ਵੇਰਵਾ ਸਟੇਜ ਤੋਂ ਪੇਸ਼ ਕੀਤਾ ਤੇ ਆਸ ਪ੍ਰਗਟਾਈ ਕਿ ਜਥੇਦਾਰ ਸ੍ਰੀ ਅਕਾਲ ਤਖ਼ਤ ਇਨ੍ਹਾਂ ਜਥੇਬੰਦੀਆਂ ਦੀ ਇਕ ਸਾਂਝੀ ਕੋਆਰਡੀਨੇਸ਼ਨ ਕਮੇਟੀ ਦਾ ਗਠਨ ਕਰਨ। ਇਸ ਸਮੇਂ ਡਾ. ਬਲਵਿੰਦਰਪਾਲ ਸਿੰਘ ਮੁੱਖ ਸੰਪਾਦਕ ਸਾਡਾ ਵਿਰਸਾ ਸਾਡਾ ਗੌਰਵ ਨੇ ਕੋਆਰਡੀਨੇਸ਼ਨ ਕਮੇਟੀ ਬਣਾਉਣ ਦਾ ਮਤਾ ਪੇਸ਼ ਕੀਤਾ। ਇਕੱਤਰਤਾ ਦੇ ਅਖੀਰ ’ਚ ਆਪਣੇ ਪ੍ਰਧਾਨਗੀ ਭਾਸ਼ਣ ’ਚ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਹਾਜ਼ਰ ਜਥੇਬੰਦੀਆਂ ਵਲੋਂ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕਰਦਿਆਂ ਆਸ ਪ੍ਰਗਟਾਈ ਕਿ ਸਾਰੀਆਂ ਜਥੇਬੰਦੀਆਂ ਆਪਣੇ-ਆਪਣੇ ਏਜੰਡੇ ’ਤੇ ਕਾਰਜ ਕਰਦੀਆਂ ਹੋਈਆਂ ਇਕ-ਦੂਜੇ ਨਾਲ ਸਹਿਯੋਗ ਤੇ ਮਿਲਵਰਤਣ ਰੱਖਣਗੀਆਂ। ਉਨ੍ਹਾਂ ਇਸ ਮੌਕੇ ਉਪਰੋਕਤ ਜਥੇਬੰਦੀਆਂ ਦੀ ਵਿਸ਼ਵ ਪੱਧਰ ’ਤੇ ਇਕ ਕੋਆਰਡੀਨੇਸ਼ਨ ਕਮੇਟੀ ਬਣਾਉਣ ਦਾ ਐਲਾਨ ਵੀ ਕੀਤਾ, ਜਿਸ ਦੇ ਕੋਆਰਡੀਨੇਟਰ ਦੀ ਸੇਵਾ ਗੁਰਮੀਤ ਸਿੰਘ ਫਾਊਂਡਰ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਨੂੰ ਸੌਂਪੀ ਗਈ। ਉਨ੍ਹਾਂ ਹਾਜ਼ਰ ਸੰਸਥਾਵਾਂ ਨੂੰ ਸਿਕਲੀਗਰਾਂ, ਵਣਜਾਰਿਆਂ, ਧਰਮੀ ਫੌਜੀਆਂ ਤੇ ਆਰਥਿਕ ਤੌਰ ’ਤੇ ਪੱਛਡ਼ੇ ਗੁਰੂ ਨਾਨਕ ਨਾਮ ਲੇਵਾ ਗੁਰਸਿੱਖਾਂ ਦਾ ਡਾਟਾ ਇਕੱਤਰਤ ਕਰ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਵਿਖੇ ਭੇਜਣ ਦਾ ਆਦੇਸ਼ ਕੀਤਾ ਤਾਂ ਜੋ ਉਨ੍ਹਾਂ ਦੀ ਸਹਾਇਤਾ ਲਈ ਕਾਰਵਾਈ ਕੀਤੀ ਜਾ ਸਕੇ।
ਪਰਿਵਾਰ ਨੇ 2 ਸਾਲਾ ਬੱਚੀ ਦੀ ਹਸਪਤਾਲ ’ਚ ਸਹੀ ਇਲਾਜ ਨਾ ਕਰਨ ਕਰ ਕੇ ਮੌਤ ਹੋਣ ਦੇ ਲਾਏ ਦੋਸ਼
NEXT STORY