ਜਲੰਧਰ/ਲੁਧਿਆਣਾ (ਜਗ ਬਾਣੀ ਟੀਮ) : ਪੰਜਾਬ ਦੇ ਲੁਧਿਆਣਾ ’ਚ ਕੋਰਟ ਕੰਪਲੈਕਸ ’ਚ ਹੋਏ ਭਿਆਨਕ ਧਮਾਕੇ ਨੂੰ ਲੈ ਕੇ ਕੇਂਦਰ ਸਰਕਾਰ ਦੀਆਂ ਏਜੰਸੀਆਂ ਆਪਣਾ ਕੰਮ ਕਰ ਰਹੀਆਂ ਹਨ। ਘਟਨਾ ਵਾਲੀ ਥਾਂ ’ਤੇ ਬਾਰੀਕੀ ਨਾਲ ਧਮਾਕੇ ਦੇ ਪਿੱਛੇ ਦੀਆਂ ਸੰਭਾਵਨਾਵਾਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹੁਣ ਤੱਕ ਇਹ ਗੱਲ ਵੱਡਾ ਸਵਾਲ ਬਣੀ ਹੋਈ ਹੈ ਕਿ ਆਖ਼ਰ ਇਹ ਬਲਾਸਟ ਕਿਸ ਨੇ, ਕਿਉਂ ਅਤੇ ਕਿਵੇਂ ਕਰਵਾਇਆ? ‘ਜਗ ਬਾਣੀ’ ਨੂੰ ਇਸ ਸਬੰਧੀ ਸੂਤਰਾਂ ਤੋਂ ਇਕ ਪੁਖ਼ਤਾ ਰਿਪੋਰਟ ਮਿਲੀ ਹੈ। ਉਸ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਇਸ ਬਲਾਸਟ ਦੇ ਪਿੱਛੇ ਖ਼ਾਲਿਸਤਾਨੀ ਤਾਕਤਾਂ ਦਾ ਹੱਥ ਹੈ ਅਤੇ ਇਨ੍ਹਾਂ ਤਾਕਤਾਂ ਨੂੰ ਪਾਕਿਸਤਾਨ ’ਚ ਹੀ ਵਿਸਫੋਟਕ ਅਤੇ ਟ੍ਰੇਨਿੰਗ ਮਿਲੀ ਹੈ। ਖ਼ਾਸ ਗੱਲ ਇਹ ਹੈ ਕਿ ਇਸ ਸਬੰਧੀ ਸਰਕਾਰਾਂ ਕੋਲ ਵੀ ਪੁਖ਼ਤਾ ਇਨਪੁੱਟ ਪਹੁੰਚੇ ਹਨ, ਜਿਸ ਦੇ ਆਧਾਰ ’ਤੇ ਜਾਂਚ ਤੇਜ਼ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਲੁਧਿਆਣਾ ਧਮਾਕਾ : ਬੰਬਰ ਗੱਗੀ ਦੇ ਗ੍ਰਿਫ਼ਤਾਰ ਸਾਥੀਆਂ ਨੇ ਉਗਲੇ ਵੱਡੇ ਰਾਜ਼, ਧਮਾਕੇ ਵਾਲੀ ਸਮੱਗਰੀ ਬਾਰੇ ਕੀਤਾ ਖ਼ੁਲਾਸਾ
ਬੱਬਰ ਖਾਲਸਾ ਦਾ ਹੱਥ
ਹੁਣ ਤੱਕ ਸੂਤਰਾਂ ਤੋਂ ਜੋ ਖ਼ਬਰ ਮਿਲੀ ਹੈ, ਉਸ ਵਿਚ ਕੌਮਾਂਤਰੀ ਅੱਤਵਾਦੀ ਸੰਗਠਨ ਬੱਬਰ ਖਾਲਸਾ ਦਾ ਨਾਂ ਸਾਹਮਣੇ ਆਇਆ ਹੈ। ਖ਼ਬਰ ਮਿਲੀ ਹੈ ਕਿ ਪਿਛਲੇ ਕਾਫ਼ੀ ਸਮੇਂ ਤੋਂ ਪਾਕਿਸਤਾਨ ਬੈਠਾ ਅੱਤਵਾਦੀ ਵਧਾਵਾ ਸਿੰਘ ਇਸ ਬਲਾਸਟ ਦਾ ਮਾਸਟਰ ਮਾਈਂਡ ਹੈ। ਖ਼ਬਰ ਮਿਲੀ ਹੈ ਕਿ ਵਧਾਵਾ ਸਿੰਘ ਦੇ ਕੁੱਝ ਗੁਰਗਿਆਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ। ਇਸ ਦੀ ਟ੍ਰੇਨਿੰਗ ਵੀ ਬੱਬਰ ਖਾਲਸਾ ਨੇ ਹੀ ਦੁਆਈ ਹੈ। ਪਾਕਿਸਤਾਨ ’ਚ ਇਸ ਘਟਨਾ ਨੂੰ ਅੰਜਾਮ ਦੇਣ ਲਈ ਟ੍ਰੇਨਿੰਗ ਦਿੱਤੀ ਗਈ। ਉਸ ਤੋਂ ਬਾਅਦ ਵੀਰਵਾਰ ਨੂੰ ਲੁਧਿਆਣਾ ਦੀ ਕੋਰਟ ਕੰਪਲੈਕਸ ਵਿਚ ਇਹ ਬਲਾਸਟ ਕੀਤਾ ਗਿਆ। ਖ਼ਬਰ ਇਹ ਵੀ ਹੈ ਕਿ ਪਾਕਿਸਤਾਨ ਅਤੇ ਚੀਨ ਲਗਾਤਾਰ ਭਾਰਤ ਦੇ ਵੱਖ-ਵੱਖ ਸੂਬਿਆਂ ਨੂੰ ਨਿਸ਼ਾਨਾ ਬਣਾ ਰਹੇ ਹਨ। ਉਨ੍ਹਾਂ ਨੂੰ ਲੱਗਦਾ ਹੈ ਕਿ ਇੰਝ ਕਰਨ ਨਾਲ ਆਸਾਨੀ ਨਾਲ ਮਾਹੌਲ ਖ਼ਰਾਬ ਹੋ ਸਕਦਾ ਹੈ। ਜੰਮੂ-ਕਸ਼ਮੀਰ ਅਤੇ ਪੰਜਾਬ ਹਮੇਸ਼ਾ ਹੀ ਚੀਨ ਅਤੇ ਪਾਕਿਸਤਾਨ ਦੇ ਨਿਸ਼ਾਨੇ ’ਤੇ ਰਹੇ ਹਨ।
ਇਹ ਵੀ ਪੜ੍ਹੋ : ਲੁਧਿਆਣਾ : ਬੰਬ ਧਮਾਕੇ ਨਾਲ ਵਿਅਕਤੀ ਦੇ ਚਿੱਥੜੇ ਉੱਡੇ, 10 ਫੁੱਟ ਉੱਚੀ ਛੱਤ 'ਤੇ ਜਾ ਪਏ ਖੂਨ ਦੇ ਛਿੱਟੇ
ਇਸ ਤਰ੍ਹਾਂ ਜੁੜੀਆਂ ਹਨ ਪਾਕਿਸਤਾਨ ਨਾਲ ਤਾਰਾਂ
ਲੁਧਿਆਣਾ ਦੇ ਕੋਰਟ ਕੰਪਲੈਕਸ ’ਚ ਜੋ ਧਮਾਕਾ ਕੀਤਾ ਗਿਆ, ਨੂੰ ਲੈ ਕੇ ਪਾਕਿਸਤਾਨ ਅਤੇ ਖ਼ਾਲਿਸਤਾਨੀ ਅਨਸਰਾਂ ਦਾ ਹੱਥ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਹ ਖ਼ਬਰ ਇਸ ਲਈ ਪੁਖ਼ਤਾ ਹੈ ਕਿਉਂਕਿ ਜਿਸ ਤਰ੍ਹਾਂ ਦਾ ਧਮਾਕਾ ਅਤੇ ਧਮਾਕਾ ਕਰਨ ਦੀ ਯੋਜਨਾ ਤਿਆਰ ਕੀਤੀ ਗਈ, ਉਹ ਪਾਕਿਸਤਾਨ ਦੇ ਅੱਤਵਾਦੀ ਕੈਂਪਾਂ ’ਚ ਟ੍ਰੇਨਿੰਗ ਦਾ ਹਿੱਸਾ ਹੁੰਦੀ ਹੈ। ਆਰ. ਡੀ. ਐਕਸ. ਜਿਸ ਦੀ ਵਰਤੋਂ ਧਮਾਕੇ ’ਚ ਕੀਤੇ ਜਾਣ ਬਾਰੇ ਸੂਚਨਾ ਹੈ, ਉਹ ਪਾਕਿਸਤਾਨ ਤੋਂ ਹੀ ਭਾਰਤ ਵਿਚ ਭੇਜਿਆ ਜਾਂਦਾ ਰਿਹਾ ਹੈ। ਇਸ ਤੋਂ ਪਹਿਲਾਂ ਵੀ ਦੇਸ਼ ਵਿਚ ਕਈ ਵੱਡੇ ਧਮਾਕੇ ਹੋਏ ਹਨ ਜਿਨ੍ਹਾਂ ’ਚ ਆਰ. ਡੀ. ਐਕਸ. ਦੀ ਵਰਤੋਂ ਕੀਤੀ ਗਈ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਪਹਿਲਾਂ ਵੀ ਹੋ ਚੁੱਕੇ ਨੇ 'ਵੱਡੇ ਧਮਾਕੇ', ਹਿਲਾ ਕੇ ਰੱਖ ਦਿੱਤੇ ਸੀ ਸੂਬੇ ਦੇ ਲੋਕ
ਵਿਦੇਸ਼ਾਂ ’ਚ ਬੈਠੇ ਅੱਤਵਾਦੀ ਸਰਗਰਮ
ਪਿਛਲੇ ਕਾਫੀ ਸਮੇਂ ਤੋਂ ਜਰਮਨ ’ਚ ਰਹਿ ਰਹੇ ਕੁੱਝ ਅੱਤਵਾਦੀ ਵੀ ਲਗਾਤਾਰ ਪੰਜਾਬ ’ਚ ਖ਼ਾਲਿਸਤਾਨ ਨੂੰ ਜ਼ਿੰਦਾ ਕਰਨ ਲਈ ਸਰਗਰਮ ਹਨ। ਖ਼ਾਸ ਕਰ ਕੇ ਜਰਮਨ, ਇੰਗਲੈਂਡ, ਕੈਨੇਡਾ ਨਾਲ ਲਗਾਤਾਰ ਇਸ ਸਬੰਧੀ ਸਰਗਰਮੀਆਂ ਚੱਲ ਰਹੀਆਂ ਹਨ ਤਾਂ ਜੋ ਪੰਜਾਬ ਨੂੰ ਕਮਜ਼ੋਰ ਕੀਤਾ ਜਾ ਸਕੇ। ਖ਼ਬਰ ਮਿਲੀ ਹੈ ਕਿ ਪਾਕਿਸਤਾਨ ’ਚ ਬੈਠੇ ਰਿੰਦਾ ਨੇ ਪਿਛਲੇ ਕੁੱਝ ਸਮੇਂ ਤੋਂ ਪੰਜਾਬ ਦੇ ਕੁੱਝ ਗੈਂਗਸਟਰਾਂ ਨੂੰ ਮੁੜ ਤੋਂ ਸਰਗਰਮ ਕਰ ਦਿੱਤਾ ਹੈ। ਲੁਧਿਆਣਾ ’ਚ ਹੋਇਆ ਧਮਾਕਾ ਵੀ ਇਨ੍ਹਾਂ ਗੈਂਗਸਟਰਾਂ ਦੀ ਮਦਦ ਨਾਲ ਹੀ ਕਰਵਾਇਆ ਗਿਆ ਹੋ ਸਕਦਾ ਹੈ।
ਪੰਨੂ ਚਲਾ ਰਿਹਾ ਹੈ ਮੁਹਿੰਮ
ਵਿਦੇਸ਼ਾਂ ਤੋਂ ਆ ਕੇ ਭਾਰਤ ਖ਼ਾਸ ਕਰ ਕੇ ਪੰਜਾਬ ਖ਼ਿਲਾਫ਼ ਲਗਾਤਾਰ ਮੁਹਿੰਮ ਚਲਾਉਣ ਲਈ ਪੰਨੂ ਦਾ ਨਾਂ ਅਕਸਰ ਆਉਂਦਾ ਹੈ। ਕੁੱਝ ਸਮਾਂ ਪਹਿਲਾਂ ਪੰਨੂ ਨੇ ਇੰਗਲੈਂਡ ਅਤੇ ਕੁਝ ਹੋਰਨਾਂ ਦੇਸ਼ਾਂ ’ਚ ਰਿਫਰੈਂਡਮ 2020 ਨੂੰ ਲੈ ਕੇ ਮੁਹਿੰਮ ਚਲਾਈ ਹੈ। ਕੁੱਝ ਦਿਨ ਪਹਿਲਾਂ ਪੰਨੂ ਵਲੋਂ ਨਵਜੋਤ ਸਿੰਘ ਸਿੱਧੂ ਅਤੇ ਪੰਜਾਬ ਦੇ ਡੀ. ਆਈ. ਜੀ. ਸਿਧਾਰਥ ਚਟੋਪਾਧਿਆਏ ਨੂੰ ਵੀ ਧਮਕੀ ਦਿੱਤੀ ਗਈ ਸੀ।
ਗੈਂਗਸਟਰ ਰਿੰਦਾ ਨਾਲ ਜੁੜੀਆਂ ਹਨ ਤਾਰਾਂ
ਸੂਤਰਾਂ ਤੋਂ ਇਹ ਖ਼ਬਰ ਵੀ ਸਾਹਮਣੇ ਆ ਰਹੀ ਹੈ ਕਿ ਵਧਾਵਾ ਸਿੰਘ ਨੇ ਪਾਕਿਸਤਾਨ ਵਿਚ ਰਹਿ ਰਹੇ ਗੈਂਗਸਟਰ ਰਿੰਦਾ ਨਾਲ ਕੁੱਝ ਸਮਾਂ ਪਹਿਲਾਂ ਹੱਥ ਮਿਲਾਇਆ ਹੈ। ਰਿੰਦਾ ਵਧਾਵਾ ਸਿੰਘ ਨੂੰ ਗੁਰਗੇ ਮੁਹੱਈਆ ਕਰਵਾ ਰਿਹਾ ਹੈ, ਜਿਨ੍ਹਾਂ ਨੂੰ ਪਾਕਿਸਤਾਨ ’ਚ ਟ੍ਰੇਨਿੰਗ ਦੇ ਕੇ ਭਾਰਤ ਭੇਜਿਆ ਗਿਆ ਹੈ। ਖ਼ਬਰ ਤਾਂ ਇਹ ਵੀ ਆ ਰਹੀ ਹੈ ਕਿ ਭਾਰਤ ਵਿਚ ਟ੍ਰੇਨਿੰਗ ਦੇ ਕੇ ਭੇਜੇ ਜਾ ਰਹੇ ਗੁਰਗਿਆਂ ਨੂੰ ਰਿੰਦਾ ਹੀ ਕਮਾਂਡ ਕਰ ਰਿਹਾ ਹੈ। ਜਿਸ ਵਿਅਕਤੀ ਨੇ ਵੀਰਵਾਰ ਲੁਧਿਆਣਾ ਦੇ ਕੋਰਟ ਕੰਪਲੈਕਸ ਵਿਚ ਧਮਾਕਾ ਕੀਤਾ, ਉਹ ਵੀ ਰਿੰਦਾ ਦਾ ਗੁਰਗਾ ਹੀ ਦੱਸਿਆ ਜਾਂਦਾ ਹੈ। ਪੁਲਸ ਅਜੇ ਤੱਕ ਇਸ ਮਾਮਲੇ ’ਚ ਕੁੱਝ ਵੀ ਨਹੀਂ ਬੋਲ ਰਹੀ।
ਕਾਲੇ ਦਿਨ ਦੁਹਰਾਉਣ ਦੀ ਕੋਸ਼ਿਸ਼
ਪਿਛਲੇ ਕਈ ਸਾਲਾਂ ਤੋਂ ਪੰਜਾਬ ਅਮਨ-ਸ਼ਾਂਤੀ ਨਾਲ ਅੱਗੇ ਵਧ ਰਿਹਾ ਹੈ। ਕਿਸਾਨਾਂ ਨੂੰ ਲੈ ਕੇ ਚੱਲ ਰਹੇ ਅੰਦੋਲਨ ਕਾਰਨ ਪੰਜਾਬ ’ਚ ਪੈਦਾ ਹੋਈ ਸਥਿਤੀ ਵੀ ਹੱਲ ਹੋ ਚੁੱਕੀ ਹੈ। ਇਕ ਵਾਰ ਮੁੜ ਲੋਕਰਾਜੀ ਢੰਗ ਨਾਲ ਪੰਜਾਬ ’ਚ ਚੋਣਾਂ ਹੋਣ ਵਾਲੀਆਂ ਹਨ ਪਰ ਕੁੱਝ ਲੋਕਾਂ ਨੂੰ ਪੰਜਾਬ ਦੀ ਸ਼ਾਂਤੀ ਚੰਗੀ ਨਹੀਂ ਲੱਗਦੀ। ਪੰਜਾਬ ’ਚ ਕਾਲੇ ਦਿਨ ਲਿਆਉਣ ਲਈ ਕੁੱਝ ਵਿਦੇਸ਼ੀ ਤਾਕਤਾਂ ਲਗਾਤਾਰ ਕੋਸ਼ਿਸ਼ ਕਰ ਰਹੀਆਂ ਹਨ। ਹੁਣ ਜਦੋਂ ਸੂਬੇ ’ਚ ਸਿਆਸੀ ਸਰਗਰਮੀਆਂ ਸਿਖ਼ਰ ’ਤੇ ਹਨ ਤਾਂ ਵਿਦੇਸ਼ਾਂ ’ਚ ਬੈਠੇ ਅੱਤਵਾਦੀਆਂ ਨੇ ਆਪਣਾ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ ਤਾਂ ਜੋ ਪੰਜਾਬ ਨੂੰ ਡਾਵਾਂਡੋਲ ਕੀਤਾ ਜਾ ਸਕੇ। ਇਸ ਵਿਚ ਚਿੰਤਾ ਵਾਲੀ ਗੱਲ ਇਹ ਹੈ ਕਿ ਪੰਜਾਬ ਦੇ ਸਿਆਸਤਦਾਨ ਵੀ ਸੂਬੇ ’ਚ ਸ਼ਾਂਤੀ ਅਤੇ ਅਮਨ ਦੀ ਚਿੰਤਾ ਕੀਤੇ ਬਿਨਾਂ ਆਪਣੀ ਸਿਆਸਤ ਵਿਚ ਲੱਗੇ ਹੋਏ ਹਨ ਤਾਂ ਜੋ ਉਹ ਜਿਵੇਂ ਕਿਵੇਂ ਸੱਤਾ ’ਤੇ ਹਾਵੀ ਹੋ ਸਕਣ। ਪੰਜਾਬ ਦੀ ਅਮਨ-ਸ਼ਾਂਤੀ ਪਸੰਦ ਕਰਨ ਵਾਲੀ ਜਨਤਾ ਦੀ ਸ਼ਾਇਦ ਕਿਸੇ ਨੂੰ ਪ੍ਰਵਾਹ ਨਹੀਂ। ਜਿਸ ਤਰ੍ਹਾਂ ਕਾਲੇ ਦਿਨ ਪੰਜਾਬ ਨੇ ਪਹਿਲਾਂ ਵੇਖੇ ਹਨ, ਉਸ ਤਰ੍ਹਾਂ ਦੇ ਦਿਨਾਂ ਦੀ ਕਲਪਨਾ ਕਰਨ ਨਾਲ ਹੀ ਰੌਂਗਟੇ ਖੜ੍ਹੇ ਹੋ ਜਾਂਦੇ ਹਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਬੀਕੇਯੂ ਏਕਤਾ ਸਿੱਧੂਪੁਰ ਤੇ ਖੇਤੀਬਾੜੀ ਵਿਭਾਗ ਯੂਰੀਆ ਬਲੈਕੀਆਂ ’ਤੇ ਮਾਰਿਆ ਛਾਪਾ, ਯੂਰੀਆ ਦੇ 602 ਗੱਟੇ ਬਰਾਮਦ
NEXT STORY