ਲੁਧਿਆਣਾ: ਲੁਧਿਆਣਾ ਦੇ ਰਾਏਕੋਟ ਵਿਚ ਇਕ ਮੰਦਭਾਗੀ ਘਟਨਾ ਸਾਹਮਣੇ ਆਈ ਹੈ, ਜਿੱਥੇ ਇਕ ਨੌਜਵਾਨ ਨੇ ਆਪਣੇ ਵਿਆਹ ਤੋਂ ਕੁਝ ਦਿਨ ਪਹਿਲਾਂ ਹੋਟਲ ਦੇ ਕਮਰੇ ਵਿਚ ਲਾਇਸੈਂਸੀ ਪਿਸਤੌਲ ਨਾਲ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ ਪਿੰਡ ਜਲਾਲ ਦੀਵਾਲ ਦੇ ਰਹਿਣ ਵਾਲੇ ਕਮਲ ਵਜੋਂ ਹੋਈ ਹੈ, ਜਿਸ ਦਾ ਵਿਆਹ 16 ਜਨਵਰੀ ਨੂੰ ਹੋਣਾ ਤੈਅ ਹੋਇਆ ਸੀ।
ਸੂਤਰਾਂ ਅਨੁਸਾਰ, ਕਮਲ ਰਾਏਕੋਟ ਦੇ ਬਰਨਾਲਾ ਚੌਕ ਸਥਿਤ ਸਿਮਰ ਹੋਟਲ ਵਿਚ ਠਹਿਰਿਆ ਹੋਇਆ ਸੀ। ਐਤਵਾਰ ਰਾਤ ਨੂੰ ਉਸ ਨੇ ਆਪਣੇ ਦੋਸਤਾਂ ਨਾਲ ਪਾਰਟੀ ਕੀਤੀ ਤੇ ਸ਼ਰਾਬ ਪੀਤੀ। ਫਿਰ ਉਨ੍ਹਾਂ ਨੂੰ ਘਰ ਛੱਡ ਕੇ ਵਾਪਸ ਹੋਟਲ ਆ ਗਿਆ। ਸੋਮਵਾਰ ਤੜਕੇ ਉਸ ਨੇ ਹੋਟਲ ਦੇ ਕਮਰੇ ਵਿਚ ਖ਼ੁਦ ਨੂੰ ਗੋਲੀ ਮਾਰ ਲਈ। ਗੋਲ਼ੀ ਚੱਲਣ ਦੀ ਆਵਾਜ਼ ਸੁਣ ਕੇ ਜਦੋਂ ਹੋਟਲ ਕਰਮਚਾਰੀਆਂ ਨੇ ਮਾਸਟਰ ਚਾਬੀ ਨਾਲ ਦਰਵਾਜ਼ਾ ਖੋਲ੍ਹਿਆ, ਤਾਂ ਅੰਦਰ ਕਮਲ ਦੀ ਖ਼ੂਨ ਨਾਲ ਲੱਥਪੱਥ ਲਾਸ਼ ਮਿਲੀ।
ਖ਼ੁਦਕੁਸ਼ੀ ਦੇ ਕਾਰਨਾਂ ਬਾਰੇ ਫ਼ਿਲਹਾਲ ਪੱਕੇ ਤੌਰ 'ਤੇ ਕੁਝ ਕਿਹਾ ਨਹੀਂ ਜਾ ਸਕਦਾ ਤੇ ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਹਾਲਾਂਕਿ ਕਮਲ ਦੇ ਦੋਸਤਾਂ ਨੇ ਦੱਸਿਆ ਕਿ ਉਹ ਵਿਆਹ ਦੀ ਤਰੀਕ ਤੈਅ ਹੋਣ ਤੋਂ ਬਾਅਦ ਕਾਫੀ ਮਾਨਸਿਕ ਪ੍ਰੇਸ਼ਾਨੀ ਵਿਚ ਸੀ ਅਤੇ ਅਕਸਰ ਭਾਵੁਕ ਹੋ ਕੇ ਰੋ ਪੈਂਦਾ ਸੀ। ਇਸ ਤੋਂ ਇਲਾਵਾ, ਉਹ ਆਪਣੇ ਵਧਦੇ ਭਾਰ ਨੂੰ ਲੈ ਕੇ ਵੀ ਤਣਾਅ ਵਿਚ ਰਹਿੰਦਾ ਸੀ। ਸੂਚਨਾ ਮਿਲਦੇ ਹੀ ਰਾਏਕੋਟ ਸਿਟੀ ਪੁਲਸ ਅਤੇ ਡੀ.ਐੱਸ.ਪੀ. ਹਰਜਿੰਦਰ ਸਿੰਘ ਮੌਕੇ 'ਤੇ ਪਹੁੰਚੇ। ਪੁਲਸ ਨੇ ਘਟਨਾ ਵਾਲੇ ਕਮਰੇ ਨੂੰ ਸੀਲ ਕਰ ਦਿੱਤਾ ਹੈ ਅਤੇ ਫੋਰੈਂਸਿਕ ਟੀਮ ਨੂੰ ਜਾਂਚ ਲਈ ਬੁਲਾਇਆ ਗਿਆ ਹੈ। ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ ਤਾਂ ਜੋ ਅਗਲੇਰੀ ਕਾਨੂੰਨੀ ਕਾਰਵਾਈ ਕੀਤੀ ਜਾ ਸਕੇ।
50 ਲੱਖ ਨਾ ਦੇਣ 'ਤੇ ਪੰਜਾਬ 'ਚ ਵਾਰਦਾਤ, ਗੋਲੀਆਂ ਦੀ ਤਾੜ-ਤਾੜ ਨਾਲ ਕੰਬ ਗਿਆ ਇਲਾਕਾ
NEXT STORY