ਜਲੰਧਰ/ਲੁਧਿਆਣਾ— ਲੁਧਿਆਣਾ ਦੀ ਸੈਂਟਰਲ ਜੇਲ 'ਚ ਹੋਈ ਖੂਨੀ ਝੜਪ ਦੇ ਮਾਮਲੇ 'ਤੇ ਪੰਜਾਬ ਦੇ ਸਾਬਕਾ ਉੱਪ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਮੰਤਰੀ ਮੰਡਲ 'ਚੋਂ ਬਾਹਰ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਟਵੀਟਰ 'ਤੇ ਭੜਾਸ ਕੱਢਦੇ ਹੋਏ ਕਿਹਾ ਕਿ ਲੁਧਿਆਣਾ ਜੇਲ 'ਚ ਹੋਈ ਹਿੰਸਾ ਪੰਜਾਬ 'ਚ ਫੈਲੇ ਜੰਗਲ ਰਾਜ ਦੀ ਇਕ ਪ੍ਰਤੱਖ ਉਦਾਹਰਣ ਸਾਬਤ ਹੁੰਦੀ ਹੈ। ਉਨ੍ਹਾਂ ਕਿਹਾ ਕਿ ਸੂਬੇ ਅੰਦਰ ਅਮਨ ਕਾਨੂੰਨ ਪੂਰੀ ਤਰ੍ਹਾਂ ਆਲੋਪ ਹੋ ਚੁੱਕਾ ਹੈ। ਅੱਗੇ ਲਿਖਦੇ ਹੋਏ ਉਨ੍ਹਾਂ ਕਿਹਾ ਕਿ ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਤੁਰੰਤ ਮੰਤਰੀ ਮੰਡਲ 'ਚੋਂ ਬਾਹਰ ਦਾ ਰਸਤਾ ਦਿਖਾ ਦੇਣਾ ਚਾਹੀਦਾ ਹੈ। ਉਨ੍ਹਾਂ ਮੰਗ ਕੀਤੀ ਕਿ ਇਸ ਸਾਰੇ ਮਾਮਲੇ ਦੀ ਜਾਂਚ ਹਾਈਕੋਰਟ ਦੇ ਮੌਜੂਦਾ ਜੱਜ ਤੋਂ ਕਰਵਾਈ ਜਾਵੇ।
ਦੱਸਣਯੋਗ ਹੈ ਕਿ ਲੁਧਿਆਣਾ ਦੀ ਸੈਂਟਰਲ ਜੇਲ 'ਚ ਸੰਨੀ ਨਾਂ ਦੇ ਕੈਦੀ ਦੀ ਬੀਤੀ ਰਾਤ ਮੌਤ ਹੋ ਗਈ ਸੀ, ਉਸ ਦੀ ਮੌਤ ਤੋਂ ਬਾਅਦ ਭੜਕੇ ਕੈਦੀਆਂ ਦੀ ਅੱਜ ਆਪਸ 'ਚ ਜੇਲ 'ਚ ਖੂਨੀ ਝੜਪ ਹੋ ਗਈ ਅਤੇ ਉਨ੍ਹਾਂ ਨੇ ਪੁਲਸ 'ਤੇ ਹਮਲਾ ਕਰ ਦਿੱਤਾ। ਇਸ ਘਟਨਾ 'ਚ ਜਿੱਥੇ ਕਈ ਕੈਦੀ ਜ਼ਖਮੀ ਹੋਏ, ਉਥੇ ਹੀ ਕਈ ਕੈਦੀਆਂ ਨੇ ਜੇਲ 'ਚੋਂ ਫਰਾਰ ਹੋਣ ਦੀ ਕੋਸ਼ਿਸ਼ ਵੀ ਕੀਤੀ। ਪੁਲਸ ਅਤੇ ਜੇਲ ਪ੍ਰਸ਼ਾਸਨ ਵੱਲੋਂ ਕੈਦੀਆਂ ਨੂੰ ਛੁਡਵਾਉਣ ਦੇ ਲਈ ਹਵਾ 'ਚ ਕਈ ਫਾਇਰ ਵੀ ਕੀਤੇ। ਖੂਨੀ ਝੜਪ ਤੋਂ ਬਾਅਦ ਤਣਾਅਪੂਰਨ ਹੁੰਦੇ ਮਾਹੌਲ ਨੂੰ ਦੇਖਦੇ ਹੋਏ ਸੈਂਟਰਲ ਜੇਲ 'ਚ ਵੱਡੀ ਗਿਣਤੀ 'ਚ ਪੁਲਸ ਦੀ ਤਾਇਨਾਤੀ ਕੀਤੀ ਗਈ ਹੈ।
ਬਾਸਮਤੀ ਦੀ ਐਕਸਪੋਕਟ ਕੁਆਲਿਟੀ ਪੈਦਾਵਰ ਲਈ ਉਪਰਾਲੇ ਕਰਨ ਦੀ ਲੋੜ: ਡਾ.ਨਾਜਰ ਸਿੰਘ
NEXT STORY