ਲੁਧਿਆਣਾ (ਨਰਿੰਦਰ) : ਅੱਜ ਇੱਥੇ ਫੀਲਡ ਗੰਜ ਚੌਂਕ ਸਥਿਤ ਇਤਿਹਾਸਿਕ ਜਾਮਾ ਮਸਜਿਦ ਸਮੇਤ ਸ਼ਹਿਰ ਦੀਆਂ ਹੋਰਨਾਂ ਸਾਰੀਆਂ ਮਸਜਿਦਾਂ ’ਚ ਈਦ ਉਲ ਅਜਹਾ (ਬਕਰੀਦ) ਦੀ ਨਮਾਜ ਅਦਾ ਕੀਤੀ ਗਈ। ਈਦ ਮੌਕੇ ਸੰਬੋਧਨ ਕਰਦੇ ਹੋਏ ਸ਼ਾਹੀ ਇਮਾਮ ਪੰਜਾਬ ਮੌਲਾਨਾ ਹਬੀਬ ਉਰ ਰਹਿਮਾਨ ਸਾਨੀ ਲੁਧਿਆਣਵੀ ਨੇ ਕਿਹਾ ਕਿ ਅੱਜ ਦਾ ਦਿਨ ਅਸੀਂ ਅੱਲਾ ਦੇ ਪਿਆਰੇ ਨਬੀ ਹਜ਼ਰਤ ਇਬਰਾਹਿਮ ਅਲਹਿੱਸਲਾਮ ਦੀ ਯਾਦ ’ਚ ਮਨਾਉਦੇ ਹਾਂ, ਜਿਨ੍ਹਾਂ ਨੇ ਇਨਸਾਨ ਨੂੰ ਇਹ ਸਬਕ ਦਿੱਤਾ ਕਿ ਜੇਕਰ ਵਕਤ ਆਏ ਤਾਂ ਆਪਣੀ ਜਾਨ ਤੋਂ ਪਿਆਰੀ ਚੀਜ਼ ਵੀ ਅੱਲਾ ਦੀ ਰਾਹ ਵਿੱਚ ਕੁਰਬਾਨ ਕਰਨ ਤੋਂ ਨਾ ਘਬਰਾਓ।
ਸ਼ਾਹੀ ਇਮਾਮ ਮੌਲਾਨਾ ਹਬੀਬ ਉਰ ਰਹਿਮਾਨ ਲੁਧਿਆਣਵੀ ਨੇ ਕਿਹਾ ਕਿ ਦੀਨ-ਏ-ਇਸਲਾਮ ਦੀ ਇਸ ਪ੍ਰੇਰਣਾ ਤੋਂ ਭਾਰਤ ਦੇ ਮੁਸਲਮਾਨਾਂ ਨੇ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਅੰਗਰੇਜ਼ਾਂ ਨਾਲ ਟਕੱਰ ਲੈਂਦੇ ਹੋਏ ਹਜ਼ਾਰਾਂ ਕੁਰਬਾਨੀਆਂ ਦਿੱਤੀਆਂ ਸੀ। ਉਨ੍ਹਾਂ ਕਿਹਾ ਕਿ ਅੱਜ ਵੀ ਜੇਕਰ ਦੇਸ਼ ਨੂੰ ਲੋੜ ਪਵੇ ਤਾਂ ਮੁਸਲਮਾਨ ਕੁਰਬਾਨੀ ਦੇਣ ਨੂੰ ਤਿਆਰ ਹਨ। ਸ਼ਾਹੀ ਇਮਾਮ ਨੇ ਕਿਹਾ ਕਿ ਅੱਜ ਦਾ ਦਿਨ ਬਰਕਤ ਅਤੇ ਰਹਿਮਤ ਵਾਲਾ ਹੈ, ਦੁਆ ਕਬੂਲ ਹੁੰਦੀ ਹੈ ਅਤੇ ਅੱਲਾ ਦਾ ਹੁਕਮ ਹੈ ਕਿ ਈਦ ਦੇ ਦਿਨ ਗਰੀਬਾਂ ਅਤੇ ਲੋੜਵੰਦਾਂ ਦੀ ਮਦਦ ਕੀਤੀ ਜਾਵੇ। ਸ਼ਾਹੀ ਇਮਾਮ ਨੇ ਨਮਾਜਿਆਂ ਨੂੰ ਕਿਹਾ ਕਿ ਅੱਜ ਈਦ ਦੇ ਦਿਨ ਇਸ ਗੱਲ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ ਕਿ ਕੋਈ ਵੀ ਗੁਆਂਢੀ ਭਾਵੇਂ ਉਹ ਕਿਸੇ ਵੀ ਧਰਮ ਦਾ ਹੋਵੇ ਭੁੱਖਾ ਨਾ ਰਹੇ।
ਇਸ ਮੌਕੇ 'ਤੇ ਨਾਇਬ ਸ਼ਾਹੀ ਇਮਾਮ ਮੌਲਾਨਾ ਮੁਹਮੰਦ ਉਸਮਾਨ ਰਹਿਮਾਨੀ ਲੁਧਿਆਣਵੀ ਨੇ ਕਿਹਾ ਕਿ ਇਸਲਾਮ ਧਰਮ ਦੇ ਤਿਉਹਾਰ ਇਬਾਦਤ ਅਤੇ ਨੇਕੀ ਦੀ ਰਾਹ ਦਿਖਾਉਦੇ ਹਨ। ਅਸੀਂ ਸਾਲ ਭਰ ਰੋਜ਼ਾਨਾ ਪੰਜ ਨਮਾਜਾਂ ਅਦਾ ਕਰਦੇ ਹਾਂ ਅਤੇ ਈਦ ਦੇ ਦਿਨ 6 ਨਮਾਜਾਂ ਅਦਾ ਕਰਦੇ ਹਾਂ। ਉਸਮਾਨ ਲੁਧਿਆਣਵੀ ਨੇ ਕਿਹਾ ਕਿ ਕੁਰਬਾਨੀ ਦੇ ਇਸ ਦਿਨ ਅਸੀਂ ਸਭ ਇਸ ਸੰਕਲਪ ਨੂੰ ਦੁਹਰਾਉਦੇ ਹਾਂ ਕਿ ਜੇਕਰ ਦੇਸ਼ ਅਤੇ ਕੌਮ ਨੂੰ ਲੋੜ ਪਵੇ ਤਾਂ ਅਸੀਂ ਪਿੱਛੇ ਨਹੀਂ ਰਹਾਂਗੇ। ਇਸ ਮੌਕੇ ਲੁਧਿਆਣਾ ਪੁਲਸ ਵੱਲੋਂ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਅਤੇ ਏ. ਸੀ. ਪੀ. ਸੈਂਟਰਲ ਸਰਦਾਰ ਵਰਿਆਮ ਸਿੰਘ ਵਿਸ਼ੇਸ਼ ਤੌਰ ’ਤੇ ਮੌਜੂਦ ਰਹੇ।
ਫਾਇਨਾਂਸ ਕੰਪਨੀ ਦੇ ਮਾਲਕ ਤੋਂ ਪਰੇਸ਼ਾਨ ਹੋ ਵਿਅਕਤੀ ਨੇ ਕੀਤੀ ਖ਼ੁਦਕੁਸ਼ੀ, ਸੁਸਾਇਡ ਨੋਟ ’ਚ ਕੀਤਾ ਇਹ ਖ਼ੁਲਾਸਾ
NEXT STORY