ਲੁਧਿਆਣਾ (ਰਾਜ): ਡਾਬਾ ਰੋਡ 'ਤੇ ਲੁਧਿਆਣਾ ਦੱਖਣੀ ਤੋਂ ਵਿਧਾਇਕਾ ਰਾਜਿੰਦਰਪਾਲ ਕੌਰ ਛੀਨਾ 'ਤੇ ਦੋਸ਼ ਲੱਗੇ ਹਨ ਕਿ ਉਨ੍ਹਾਂ ਨੇ ਟਰੱਕ ਡਰਾਈਵਰ ਦੇ ਥੱਪੜ ਜੜ ਦਿੱਤਾ। ਦੋਸ਼ ਹੈ ਕਿ ਹੂਟਰ ਵਜਾਉਣ ਦੇ ਬਾਵਜੂਦ ਰਾਹ ਨਾ ਮਿਲਣ 'ਤੇ ਵਿਧਾਇਕਾ ਆਪਣੀ ਸਰਕਾਰਰੀ ਗੱਡੀ ਤੋਂ ਹੇਠਾ ਉਤਰੀ ਅਤੇ ਸੁਰੱਖਿਆ ਮੁਲਾਜ਼ਮਾਂ ਦੇ ਨਾਲ ਟਰੱਕ ਨੇੜੇ ਪਹੁੰਚੀ। ਇਸ ਮਗਰੋਂ ਉਨ੍ਹਾਂ ਟਰੱਕ ਡਰਾਈਵਰ ਨੂੰ ਹੇਠਾਂ ਉਤਾਰਿਆ ਤੇ ਉਸ ਦੇ ਜ਼ੋਰਦਾਰ ਥੱਪੜ ਜੜ ਦਿੱਤਾ। ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦਿਆਂ ਹੀ ਟਰੱਕ ਯੂਨੀਅਨ ਤੇ ਹੋਰ ਡਰਾਈਵਰਾਂ ਨੇ ਧਰਨਾ ਕੇ ਵਿਧਾਇਕਾ ਦੇ ਖ਼ਿਲਾਫ਼ ਕਾਨੂੰਨੀ ਕਾਰਵਾਈ ਤੇ ਐੱਫ. ਆਈ. ਆਰ. ਦਰਜ ਕਰਨ ਦੀ ਮੰਗ ਕੀਤੀ ਹੈ। ਉੱਥੇ ਹੀ ਵਿਧਾਇਕਾ ਨੇ ਇਨ੍ਹਾਂ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਹੈ ਕਿ ਉਨ੍ਹਾਂ ਨੇ ਡਰਾਈਵਰ ਦੇ ਥੱਪੜ ਨਹੀਂ ਮਾਰਿਆ।
ਇਹ ਘਟਨਾ ਸੋਮਵਾਰ ਬਾਅਦ ਦੁਪਹਿਰ ਦੀ ਦੱਸੀ ਜਾ ਰਹੀ ਹੈ। ਪੀੜਤ ਡਰਾਈਵਰ ਦਾ ਦੋਸ਼ ਹੈ ਕਿ ਵਿਧਾਇਕਾ ਨੇ ਉਸ ਦੀ ਗੱਲ ਸੁਣੇ ਬਗੈਰ ਹੀ ਉਸ ਦੇ ਥੱਪੜ ਜੜ ਦਿੱਤਾ। ਉਨ੍ਹਾਂ ਦੇ ਪਿੱਛੇ ਗੰਨਮੈਨ ਵੀ ਖੜ੍ਹੇ ਸਨ। ਡਰਾਈਵਰ ਦਾ ਕਹਿਣਾ ਹੈ ਕਿ ਉਹ ਸਹਿਮ ਗਿਆ ਸੀ ਤੇ ਹੱਥ ਜੋੜ ਕੇ ਆਪਣੀ ਗਲਤੀ ਵੀ ਪੁੱਛਦਾ ਰਿਹਾ, ਪਰ ਉਨ੍ਹਾਂ ਨੇ ਉਸ ਦੀ ਗੱਲ ਨਹੀਂ ਸੁਣੀ। ਘਟਨਾ ਦੀ ਖ਼ਬਰ ਫ਼ੈਲਦਿਆਂ ਹੀ ਵੱਡੀ ਗਿਣਤੀ ਵਿਚ ਟਰੱਕ ਡਰਾਈਵਰ ਤੇ ਸਥਾਨਕ ਲੋਕ ਮੌਕੇ 'ਤੇ ਇਕੱਠੇ ਹੋ ਗਏ ਤੇ ਸੜਕ 'ਤੇ ਜਾਮ ਲਗਾ ਕੇ ਧਰਨਾ ਸ਼ੁਰੂ ਕਰ ਦਿੱਤਾ ਤੇ ਪੁਲਸ ਪ੍ਰਸ਼ਾਸਨ ਨੂੰ ਵਿਧਾਇਕਾ ਖ਼ਿਲਾਫ਼ ਐੱਫ. ਆਈ. ਆਰ. ਦਰਜ ਕਰਨ ਦੀ ਮੰਗ ਕੀਤੀ।
ਦੂਜੇ ਪਾਸੇ, ਆਪਣੇ ਉੱਪਰ ਲੱਗੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਵਿਧਾਇਕਾ ਰਾਜਿੰਦਰਪਾਲ ਕੌਰ ਛੀਨਾ ਨੇ ਸਫ਼ਾਈ ਦਿੱਤੀ ਹੈ। ਵਿਧਾਇਕਾ ਨੇ ਕਿਹਾ ਕਿ ਇਲਾਕੇ ਵਿਚ ਭਾਰੀ ਵਾਹਨਾਂ ਤੇ ਟਿੱਪਰਾਂ ਦੀ ਬੇਲਗਾਮ ਰਫ਼ਤਾਰ ਨੂੰ ਲੈ ਕੇ ਲਗਾਤਾਰ ਜਨਤਾ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਸਨ। ਉਨ੍ਹਾਂ ਨੇ ਦਾਅਵਾ ਕੀਤਾ ਕਿ ਸਬੰਧਤ ਟਰੱਕ ਡਰਾਈਵਰ ਬੜੀ ਲਾਪਰਵਾਹੀ ਨਾਲ ਗੱਡੀ ਚਲਾ ਰਿਹਾ ਸੀ ਤੇ ਉਸ ਨੇ ਰਾਹ ਵਿਚ ਇਕ ਐਕਟਿਵਾ ਤੇ ਇਕ ਮੋਟਰਸਾਈਕਲ ਨੂੰ ਟੱਕਰ ਮਾਰੀ ਸੀ। ਵਿਧਇਕਾ ਨੇ ਕਿਹਾ ਕਿ ਜਦੋਂ ਉਨ੍ਹਾਂ ਨੇ ਟਰੱਕ ਡਰਾਈਵਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹ ਬਹਿਸ ਕਰਨ ਲੱਗ ਪਿਆ। ਵਿਧਾਇਕਾ ਨੇ ਕਿਹਾ ਕਿ ਉਨ੍ਹਾਂ ਨੇ ਡਰਾਈਵਰ ਨੂੰ ਥੱਪੜ ਨਹੀਂ ਮਾਰਿਆ, ਉਹ ਗੱਡੀ ਭਜਾਉਣ ਦੀ ਤਿਆਰੀ ਵਿਚ ਸੀ, ਇਸ ਲਈ ਉਨ੍ਹਾਂ ਨੇ ਉਸ ਦੇ ਹੱਥ ਵਿਚੋਂ ਗੱਡੀ ਦੀ ਚਾਬੀ ਖੋਹੀ ਸੀ। ਇਸ ਮਗਰੋਂ ਉਨ੍ਹਾਂ ਨੇ ਤੁਰੰਤ ਥਾਣਾ ਡਾਬਾ ਦੀ ਪੁਲਸ ਨੂੰ ਮੌਕੇ 'ਤੇ ਬੁਲਾ ਕੇ ਡਰਾਈਵਰ ਨੂੰ ਉਨ੍ਹਾਂ ਦੇ ਹਵਾਲੇ ਕਰ ਦਿੱਤਾ ਸੀ।
ਪੰਜਾਬੀਆਂ ਲਈ ਕੈਨੇਡਾ ਦਾ ਨਵਾਂ ਸੁਨੇਹਾ !
NEXT STORY