ਜ਼ੀਰਾ (ਸਤੀਸ਼ ਵਿੱਜ): ਜ਼ੀਰਾ ਦੇ ਪਿੰਡ ਮਨਸੂਰਵਾਲ ਕਲਾਂ ਵਿਚ ਕਲਯੁਗੀ ਤਾਏ ਵੱਲੋਂ ਜ਼ਮੀਨ ਦੇ ਰੌਲੇ ਦੇ ਚਲਦਿਆਂ ਆਪਣੇ ਸਕੇ ਭਤੀਜੇ ਦਾ ਗੋਲ਼ੀ ਮਾਰ ਕੇ ਕਤਲ ਕਰ ਦਿੱਤਾ ਗਿਆ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਇਸ ਤੋਂ ਪਹਿਲਾਂ ਆਪਣੇ ਸਾਲੇ ਦਾ ਵੀ ਕਤਲ ਕਰ ਚੁੱਕਿਆ ਹੈ, ਜਿਸ ਮਾਮਲੇ ਵਿਚ ਰਾਜ਼ੀਨਾਮਾ ਹੋ ਗਿਆ ਸੀ।
ਸਿਵਲ ਹਸਪਤਾਲ ਜ਼ੀਰਾ ਵਿਖੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਮ੍ਰਿਤਕ ਨੌਜਵਾਨ ਦੇ ਦੂਸਰੇ ਤਾਏ ਨੇ ਦੱਸਿਆ ਕੀ ਉਹ ਤਿੰਨ ਭਰਾ ਹਨ ਅਤੇ ਜਿਸ ਲੜਕੇ ਦੀ ਗੋਲ਼ੀ ਲੱਗਣ ਕਾਰਨ ਮੌਤ ਹੋਈ ਹੈ, ਉਸ ਦਾ ਸਕਾ ਭਤੀਜਾ ਹੈ ਤੇ ਜਿਸ ਵਿਅਕਤੀ ਵੱਲੋਂ ਉਸ ਉੱਪਰ ਗੋਲ਼ੀ ਚਲਾਈ ਗਈ ਹੈ ਉਹ ਉਸ ਦਾ ਸਕਾ ਭਰਾ ਹੈ। ਉਨ੍ਹਾਂ ਆਪਣੇ ਭਰਾ 'ਤੇ ਦੋਸ਼ ਲਗਾਇਆ ਕਿ ਉਸ ਨੇ ਪਹਿਲਾਂ ਵੀ ਗੋਲ਼ੀ ਮਾਰ ਕੇ ਆਪਣੇ ਸਾਲੇ ਦਾ ਕਤਲ ਕਰ ਦਿੱਤਾ ਗਿਆ ਸੀ, ਜਿਸ ਦਾ ਰਾਜ਼ੀਨਾਮਾ ਹੋਣ ਉਪਰੰਤ ਇਸ ਦਾ ਹੌਸਲਾ ਹੋਰ ਵੱਧ ਗਿਆ ਅਤੇ ਅੱਜ ਉਸ ਵੱਲੋਂ ਉਸ ਦੇ ਭਤੀਜੇ ਦਾ ਵੀ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ।
ਉੱਧਰ ਪੁਲਸ ਵੱਲੋਂ ਮਾਮਲੇ ਦੀ ਬਰੀਕੀ ਦੇ ਨਾਲ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਡੀ.ਐੱਸ.ਪੀ. ਜ਼ੀਰਾ ਜਸਪਾਲ ਸਿੰਘ ਨੇ ਦੱਸਿਆ ਕਿ ਉਹ ਇਸ ਮਾਮਲੇ ਦੀ ਗਹਿਰਾਈ ਦੇ ਨਾਲ ਜਾਂਚ ਕਰ ਰਹੇ ਹਨ ਅਤੇ ਮੁਲਜ਼ਮ ਵਿਅਕਤੀ ਨੂੰ ਜਲਦ ਗ੍ਰਿਫਤਾਰ ਕਰਕੇ ਉਸ ਨੂੰ ਕਟਹਿਰੇ ਵਿਚ ਖੜਾ ਕੀਤਾ ਜਾਵੇਗਾ।
ਅਕਾਲੀ ਦਲ ਨੇ ਇਸ ਵੱਡੇ ਆਗੂ ਨੂੰ ਪਾਰਟੀ 'ਚੋਂ ਕੱਢਿਆ
NEXT STORY