ਲੁਧਿਆਣਾ (ਖੁਰਾਣਾ) : ਕੋਰੋਨਾ ਵਾਇਰਸ ਦੀ ਮਹਾਮਾਰੀ ਦੇ ਮੱਦੇਨਜ਼ਰ ਲੁਧਿਆਣਾ ਦੇ ਲੋਕਾਂ ਲਈ ਰਾਹਤ ਭਰੀ ਖਬਰ ਆਈ ਹੈ। ਹੁਣ ਲੁਧਿਆਣਾ ਦੀ ਸਬਜ਼ੀ ਮੰਡੀ ਰੋਜ਼ਾਨਾ ਖੁੱਲ੍ਹਣ ਜਾ ਰਹੀ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਜਾਰੀ ਕੀਤੇ ਗਏ ਨਿਰਦੇਸ਼ਾਂ ਤਹਿਤ ਸਬਜ਼ੀ ਮੰਡੀ ਰੋਜ਼ਾਨਾ ਸਵੇਰ 5 ਵਜੇ ਤੋਂ 11 ਵਜੇ ਤੱਕ ਖੋਲ੍ਹੀ ਜਾਵੇਗੀ। ਮੰਡੀ ਨੂੰ ਰੋਜ਼ਾਨਾ ਖੋਲ੍ਹਣ ਦੀ ਮੰਗ ਨੂੰ ਪੂਰਾ ਕਰਵਾਉਣ ਦਾ ਸਿਹਰਾ ਆੜ੍ਹਤੀ ਭਾਈਚਾਰੇ ਦੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ, ਵਿਧਾਇਕ ਸੁਰਿੰਦਰ ਡਾਬਰ ਅਤੇ ਚੇਅਰਮੈਨ ਮਾਰਕਿਟ ਕਮੇਟੀ ਦਰਸ਼ਨ ਲਾਲ ਬਵੇਜਾ ਦੇ ਸਿਰ ਬੰਨ੍ਹਿਆ ਗਿਆ ਹੈ, ਜਿਨ੍ਹਾਂ ਦੇ ਲਗਾਤਾਰ ਯਤਨਾਂ ਨਾਲ ਮੰਡੀ ਰੋਜ਼ਾਨਾ ਖੁੱਲ੍ਹਣ ਸਬੰਧੀ ਆੜ੍ਹਤੀਆਂ ਦੀ ਮੰਗ ਨੂੰ ਹਕੀਕਤ ਦੇ ਖੰਭ ਲੱਗ ਗਏ ਹਨ।
ਉਕਤ ਵਿਚਾਰ ਸਬਜ਼ੀ ਮੰਡੀ ਆੜ੍ਹਤੀ ਐਸੋਸੀਏਸ਼ਨ ਦੇ ਵਿਕਾਸ ਗੋਇਲ, ਗੁਰਪ੍ਰੀਤ ਸਿੰਘ, ਚੇਅਰਮੈਨ ਰਾਜੂ ਮਲਿਕ, ਪ੍ਰਧਾਨ ਗੁਰਕਮਲ ਸਿੰਘ ਈਲੂ, ਪ੍ਰਧਾਨ ਕਮਲ ਗੁੰਬਰ, ਅਮਰਵੀਰ ਸਿੰਘ, ਮਨੋਜ ਸਹਿਗਲ, ਹਰਮਿੰਦਰ ਪਾਲ ਸਿੰਘ ਬਿੱਟੂ, ਭੁਪਿੰਦਰ ਸਿੰਘ ਚਾਵਲਾ, ਟਿੰਕੂ ਬਠਾਲਾ, ਚਰਨਜੀਤ ਸਿੰਘ ਸ਼ੇਰਾ ਅਤੇ ਰਚਿਤ ਅਰੋੜਾ ਆਦਿ ਨੇ ਇਕ ਵਿਸ਼ੇਸ਼ ਬੈਠਕ ਦੌਰਾਨ ਪ੍ਰਗਟ ਕੀਤੇ। ਆੜ੍ਹਤੀ ਭਾਈਚਾਰੇ ਨੇ ਵਿਸ਼ੇਸ਼ ਰੂਪ ਨਾਲ ਮੰਤਰੀ ਆਸ਼ੂ, ਵਿਧਾਇਕ ਡਾਬਰ ਅਤੇ ਚੇਅਰਮੈਨ ਬਵੇਜਾ ਦਾ ਧੰਨਵਾਦ ਕੀਤਾ। ਉਕਤ ਮੁੱਦੇ ਸਬੰਧੀ ਪ੍ਰਸ਼ਾਸਨਿਕ ਅਧਿਕਾਰੀ ਵੱਲੋਂ ਜਾਰੀ ਕੀਤੇ ਗਏ ਲਿਖਤੀ ਹੁਕਮਾਂ 'ਚ ਕੋਰੋਨਾ ਤੋਂ ਬਚਾਅ ਸਬੰਧੀ ਦੋ ਟੁਕ ਲਫਜ਼ਾਂ 'ਚ ਚਿਤਾਵਨੀ ਜਾਰੀ ਕੀਤੀ ਗਈ ਹੈ ਕਿ ਮੰਡੀ 'ਚ ਸਮਾਜਿਕ ਦੂਰੀ, ਮਾਸਕ ਲਗਾਉਣ ਸਮੇਤ ਸੈਨੀਟਾਈਜ਼ੇਸ਼ਨ ਆਦਿ ਨਿਯਮਾਂ ਦੀ ਪੂਰੀ ਤਰ੍ਹਾਂ ਪਾਲਣਾ ਕੀਤੀ ਜਾਣੀ ਜ਼ਰੂਰੀ ਰਹੇਗੀ, ਜਿਸ ਦੇ ਲਈ ਬਾਕਾਇਦਾ ਪ੍ਰਸ਼ਾਸਨਿਕ ਅਧਿਕਾਰੀਆਂ, ਸਿਹਤ ਮਹਿਕਮੇ ਅਤੇ ਏ. ਸੀ. ਪੀ. ਨਾਰਥ ਗੁਰਬਿੰਦਰ ਸਿੰਘ ਦੀਆਂ ਟੀਮਾਂ ਸਮੇਂ-ਸਮੇਂ ’ਤੇ ਚੈਕਿੰਗ ਸਮੇਤ ਨਿਯਮਾਂ ਨਾਲ ਖੇਡਣ ਵਾਲਿਆਂ ਖਿਲਾਫ ਕਾਰਵਾਈ ਕਰਨਗੇ।
ਖਰੜ 'ਚ ਵੱਧ ਰਹੇ ਕੋਰੋਨਾ ਕੇਸ, 22 ਸਾਲਾ ਮੁੰਡੇ ਦੀ ਰਿਪੋਰਟ ਆਈ ਪਾਜ਼ੇਟਿਵ
NEXT STORY