ਫਾਜ਼ਿਲਕਾ (ਸੁਨੀਲ ਨਾਗਪਾਲ) - ਪੁਲਸ ਨੇ ਲਗਜ਼ਰੀ ਗੱਡੀਆਂ ਚੋਰੀ ਕਰ, ਉਨ੍ਹਾਂ ਦੇ ਨੰਬਰਾਂ ਨਾਲ ਟੈਂਪਰਿੰਗ ਕਰਕੇ ਵਧੀਆ ਰੇਟਾਂ 'ਤੇ ਵੇਚਣ ਵਾਲੇ ਇੰਟਰ ਸਟੇਟ ਗਿਰੋਹ ਨੂੰ ਬੇਨਕਾਬ ਕੀਤਾ ਹੈ, ਜਿਨ੍ਹਾਂ ਕੋਲ 1.25 ਕਰੋੜ ਰੁਪਏ ਦੀਆਂ 15 ਲਗਜ਼ਰੀ ਗੱਡੀਆਂ ਬਰਾਮਦ ਹੋਈਆਂ ਹਨ। ਪੁਲਸ ਨੇ ਗਿਰੋਹ ਦੇ 3 ਮੈਂਬਰ ਗ੍ਰਿਫਤਾਰ ਕਰ ਲਏ ਹਨ, ਜਦਕਿ ਗਿਰੋਹ ਦੇ ਸਰਗਨਾ ਸਣੇ 3 ਮੈਂਬਰ ਫੜੇ ਜਾਣੇ ਬਾਕੀ ਹਨ। ਜਾਣਕਾਰੀ ਦਿੰਦੇ ਹੋਏ ਫਾਜ਼ਿਲਕਾ ਦੇ ਐੱਸ.ਐੱਸ.ਪੀ. ਭੁਪਿੰਦਰ ਸਿੰਘ ਨੇ ਦੱਸਿਆ ਕਿ ਫਾਜ਼ਿਲਕਾ ਦੇ ਐੱਸ. ਪੀ. ਕੁਲਦੀਪ ਸ਼ਰਮਾ, ਡੀ. ਐੱਸ. ਪੀ. ਡੀ. ਭੁਪਿੰਦਰ ਸਿੰਘ ਅਤੇ ਸੀ.ਆਈ.ਏ. ਸਟਾਫ ਦੇ ਇੰਚਾਰਜ ਇੰਸਪੈਕਟਰ ਜਗਦੀਸ਼ ਕੁਮਾਰ ਦੀ ਅਗਵਾਈ 'ਚ ਟੀਮ ਨੂੰ ਸੂਚਨਾ ਮਿਲੀ ਸੀ ਕਿ ਬਲਵੰਤ ਸਿੰਘ ਉਰਫ ਬਾਬਾ ਤੇ ਰਾਜੀਵ ਅਤੇ ਹੋਰ, ਮੁਹੰਮਦ ਸ਼ਕੀਲ ਗਿਰੋਹ ਦੇ ਮੈਂਬਰ ਹਨ, ਜੋ ਹੋਰ ਸੁਬਿਆਂ 'ਚੋਂ ਲਗਜ਼ਰੀ ਗੱਡੀਆਂ ਚੋਰੀ ਕਰਦਾ ਹੈ। ਬਲਵੰਤ ਸਿੰਘ ਮੁਹੰਮਦ ਸ਼ਕੀਲ ਨੂੰ ਜਾਣਕਾਰੀ ਦਿੰਦਾ ਸੀ ਕਿ ਕਿਹੜੀ ਗੱਡੀ ਦੀ ਮੰਗ ਹੈ, ਜਿਸ 'ਤੇ ਮੁਹੰਮਦ ਸ਼ਕੀਲ ਗੱਡੀਆਂ ਚੋਰੀ ਕਰਦਾ ਸੀ। ਚੋਰੀ ਦੀਆਂ ਗੱਡੀਆਂ ਦੇ ਕਾਗਜ਼ ਏਜੰਟ ਦੇ ਤੌਰ 'ਤੇ ਕੰਮ ਕਰਨ ਵਾਲਾ ਰਾਜੀਵ ਕੁਮਾਰ ਤਿਆਰ ਕਰਵਾਉਂਦਾ ਸੀ।
ਇਸ ਕੰਮ 'ਚ ਸ਼ੀਤਲ ਸਿੰਘ ਕਲਰਕ ਆਰ. ਟੀ. ਏ. ਦਫਤਰ ਬਠਿੰਡਾ ਸ਼ਾਮਲ ਸੀ, ਜਿਸ ਦੀ ਪ੍ਰਾਈਵੇਟ ਏਜੰਟ ਗੌਰਵ ਵਾਸੀ ਬਰਨਾਲਾ ਜੋ ਕਿ ਕੰਪਿਊਟਰ ਇੰਜੀਨੀਅਰ ਹੈ , ਆਈ. ਡੀ. ਦੀ ਵਰਤੋਂ ਕਰ ਕੇ ਚੋਰੀ ਦੀਆਂ ਗੱਡੀਆਂ ਦੇ ਨੰਬਰ ਆਨਲਾਈਨ ਕਰ ਕੇ ਜਾਅਲੀ ਰਜਿਸਟ੍ਰੇਸ਼ਨ ਕਾਪੀਆਂ ਕੱਢਦਾ ਸੀ। ਬਾਅਦ 'ਚ ਇਹ ਗਿਰੋਹ ਵਧੀਆ ਰੇਟਾਂ 'ਤੇ ਇਹ ਗੱਡੀਆਂ ਲੋਕਾਂ ਨੂੰ ਵੇਚ ਦਿੰਦਾ ਸੀ। ਚੋਰੀ ਦੀਆਂ ਗੱਡੀਆਂ ਦੇ ਨੰਬਰਾਂ ਦੀ ਟੈਂਪਰਿੰਗ ਦਾ ਕੰਮ ਸ੍ਰੀ ਮੁਕਤਸਰ ਸਾਹਿਬ ਵਾਸੀ ਦਵਿੰਦਰ ਸਿੰਘ ਦੀ ਵਰਕਸ਼ਾਪ 'ਚ ਹੁੰਦਾ ਸੀ। ਸਾਰੇ ਮਾਮਲੇ ਦੀ ਸੂਚਨਾ ਮਿਲਣ ਮਗਰੋਂ ਪੁਲਸ ਨੇ ਇਸ ਸਬੰਧ 'ਚ ਵੱਖ-ਵੱਖ ਧਾਰਾਵਾਂ ਤਹਿਤ ਥਾਣਾ ਸਦਰ ਫਾਜ਼ਿਲਕਾ 'ਚ ਮਾਮਲਾ ਦਰਜ ਕਰ ਲਿਆ ਸੀ, ਜਿਸ ਮਗਰੋਂ ਬੀਤੇ ਦਿਨ ਪੁਲਸ ਨੇ ਬਲਵੰਤ ਸਿੰਘ ਅਤੇ ਰਾਜੀਵ ਕੁਮਾਰ ਨੂੰ ਫਾਜ਼ਿਲਕਾ-ਅਬੋਹਰ ਰੋਡ 'ਤੇ ਪਿੰਡ ਸ਼ਤੀਰਵਾਲਾ 'ਤੇ ਮੋੜ ਤੋਂ ਚੋਰੀ ਦੀ ਇਨੋਵਾ ਸਮੇਤ ਕਾਬੂ ਕਰ ਲਿਆ।
ਇਨ੍ਹਾਂ ਦੀ ਨਿਸ਼ਾਨਦੇਹੀ 'ਤੇ ਪੁਲਸ ਨੇ 15 ਲਜ਼ਗਰੀ ਗੱਡੀਆਂ ਬਰਾਮਦ ਕਰ ਲਈਆਂ। ਬਰਾਮਦ ਗੱਡੀਆਂ ਦੀ ਕੀਮਤ ਕਰੀਬ 1.25 ਕਰੋੜ ਰੁਪਏ ਬਣਦੀ ਹੈ। ਐੱਸ.ਐੱਸ.ਪੀ. ਨੇ ਦੱਸਿਆ ਕਿ ਜਲਦੀ ਹੀ ਗਿਰੋਹ ਦੇ ਸਰਗਨਾ ਮੁਹੰਮਦ ਸ਼ਕੀਲ ਅਤੇ ਬਾਕੀ 2 ਮੈਂਬਰਾਂ ਨੂੰ ਫੜ ਲਿਆ ਜਾਵੇਗਾ।
ਅਕਾਲੀ ਦਲ ਕੋਰ ਕਮੇਟੀ ਦੀ ਮੀਟਿੰਗ 'ਚ ਕੈਪਟਨ 'ਤੇ ਵਰ੍ਹੇ ਮਜੀਠੀਆ
NEXT STORY