ਟਾਂਡਾ ਉੜਮੁੜ (ਵਰਿੰਦਰ ਪੰਡਿਤ, ਪਰਮਜੀਤ ਸਿੰਘ ਮੋਮੀ)-ਮਹਾਸ਼ਿਵਰਾਤਰੀ ਦਾ ਪਵਿੱਤਰ ਤਿਉਹਾਰ ਟਾਂਡਾ ਇਲਾਕੇ ਵਿੱਚ ਬੜੀ ਹੀ ਧੂਮਧਾਮ ਉਤਸ਼ਾਹ ਅਤੇ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ। ਬੀਤੇ ਕਈ ਦਿਨਾਂ ਤੋਂ ਜਿੱਥੇ ਪਾਵਨ ਮਹਾਸ਼ਿਵਰਾਤਰੀ ਨੂੰ ਮੁੱਖ ਰੱਖਦਿਆਂ ਸ਼ਹਿਰ ਦੇ ਮੰਦਿਰਾਂ ਤੋਂ ਪ੍ਰਭਾਤ ਫੇਰੀਆਂ ਕੱਢੀਆਂ ਜਾ ਰਹੀਆਂ ਸਨ, ਉੱਥੇ ਹੀ ਸ਼ੋਭਾ ਯਾਤਰਾਵਾਂ ਅਤੇ ਸੰਧਿਆ ਫੇਰੀਆਂ ਦਾ ਵੀ ਆਯੋਜਨ ਕੀਤਾ ਗਿਆ। ਬੀਤੇ ਕਈ ਦਿਨਾਂ ਤੋਂ ਸ਼ਹਿਰ ਦੇ ਵੱਖ-ਵੱਖ ਮੰਦਿਰਾਂ ਨੂੰ ਬਹੁਤ ਹੀ ਸੁੰਦਰ ਤਰੀਕੇ ਨਾਲ ਸਜਾ ਕੇ ਦੀਪਮਾਲਾ ਵੀ ਕੀਤੀ ਗਈ ਹੈ। ਮਹਾਸ਼ਿਵਰਾਤਰੀ ਦੇ ਪਾਵਨ ਮਹਾ ਉਤਸਵ ਨੂੰ ਮੁੱਖ ਰੱਖਦਿਆਂ ਸ੍ਰੀ ਮਹਾਦੇਵ ਮੰਦਿਰ ਵਿਖੇ ਵਿਸ਼ੇਸ਼ ਸਮਾਗਮ ਅਤੇ ਸਾਲਾਨਾ ਭੰਡਾਰਾ ਆਯੋਜਿਤ ਕੀਤਾ ਗਿਆ। ਇਸ ਮੌਕੇ ਮੰਦਿਰ ਦੇ ਨਵ ਨਿਰਮਾਣਿਤ ਮੁੱਖ ਗੇਟ ਅਤੇ ਗਲਿਆਰੇ ਨੂੰ ਮੰਦਿਰ ਵਿਖੇ ਹਵਨ ਜੱਗ ਅਤੇ ਅਰਚਨਾ ਪੂਜਾ ਕਰਨ ਉਪਰੰਤ ਸੰਗਤਾਂ ਲਈ ਖੋਲ੍ਹਿਆ ਜਾਵੇਗਾ।
ਟਾਂਡਾ ਇਲਾਕੇ ਵਿੱਚ ਮੁੱਖ ਜੋੜ ਮੇਲਾ ਪ੍ਰਾਚੀਨ ਸ਼ਿਵ ਮੰਦਿਰ ਪਿੰਡ ਜਹੂਰਾ ਵਿੱਚ ਲੱਗਿਆ ਹੈ, ਜਿੱਥੇ ਅੱਜ ਸਵੇਰ ਤੋਂ ਹੀ ਸ਼ਿਵ ਭਗਤਾਂ ਦਾ ਆਉਣਾ ਸ਼ੁਰੂ ਹੋ ਗਿਆ ਹੈ। ਇਸੇ ਤਰ੍ਹਾਂ ਮਹਾਦੇਵ ਮੰਦਿਰ ਟਾਂਡਾ, ਸ਼ਿਵ ਮੰਦਿਰ ਰਮਾਈਨੀ ਉੜਮੜ, ਠਾਕੁਰ ਦੁਆਰਾ, ਰਾਮ ਮੰਦਿਰ ਅਹੀਆਪੁਰ, ਪਿੰਡ ਮਿਆਣੀ, ਜੋਹਲਾਂ ਅਤੇ ਹੋਰਨਾਂ ਪਿੰਡਾਂ ਦੇ ਸ਼ਿਵ ਮੰਦਿਰਾਂ ਵਿੱਚ ਸ਼ਿਵ ਭਗਤ ਅੱਜ ਸਵੇਰੇ ਤੜਕੇ ਤੋਂ ਹੀ ਪਾਵਨ ਸ਼ਿਵਲਿੰਗਾਂ 'ਤੇ ਦੁੱਧ ਅਤੇ ਫੁੱਲ ਚੜ੍ਹਾਉਣ ਆ ਰਹੇ ਹਨ। ਜਿਉਂ-ਜਿਉਂ ਦਿਨ ਅੱਗੇ ਵਧੇਗਾ ਮੰਦਿਰਾਂ ਵਿੱਚ ਸੰਗਤਾਂ ਦੀ ਸੰਖਿਆ ਜ਼ਿਆਦਾ ਹੋ ਜਾਵੇਗੀ ਅਤੇ ਇਹ ਸਿਲਸਿਲਾ ਦੇਰ ਰਾਤ ਤੱਕ ਚਲੇਗਾ।
ਇਸੇ ਤਰ੍ਹਾਂ ਹੀ ਟਾਂਡਾ ਸ਼ਹਿਰ ਵਿੱਚ ਭਗਤਾ ਵੱਲੋਂ ਜਗ੍ਹਾ-ਜਗਾ ਲੰਗਰ ਪ੍ਰਸਾਦ ਦੇ ਭੰਡਾਰੇ ਵਰਤਾਏ ਜਾ ਰਹੇ ਸਨ। ਮਹਾਸ਼ਿਵਰਾਤਰੀ ਦੇ ਮਹਾਂ ਉਤਸਵ 'ਤੇ ਵਿਧਾਇਕ ਟਾਂਡਾ ਜਸਵੀਰ ਸਿੰਘ ਰਾਜਾ, ਸਾਬਕਾ ਮੰਤਰੀ ਚੌਧਰੀ ਬਲਵੀਰ ਸਿੰਘ ਮਿਆਣੀ, ਵਿਧਾਇਕ ਕਰਮਵੀਰ ਸਿੰਘ ਘੁੰਮਣ ਦਸੂਹਾ, ਸਾਬਕਾ ਮੰਤਰੀ ਸੰਗਤ ਸਿੰਘ ਗਿਲਜੀਆਂ, ਚੇਅਰਮੈਨ ਹਰਮੀਤ ਸਿੰਘ ਔਲਖ, ਜ਼ਿਲ੍ਹਾ ਪ੍ਰਧਾਨ ਲਖਵਿੰਦਰ ਸਿੰਘ ਲੱਖੀ, ਹਲਕਾ ਇੰਚਾਰਜ ਟਾਂਡਾ ਅਰਵਿੰਦਰ ਸਿੰਘ ਰਸੂਲਪੁਰ, ਸੀਨੀਅਰ ਆਗੂ, ਮਨਜੀਤ ਸਿੰਘ ਦਸੂਹਾ, ਭਾਜਪਾ ਆਗੂ ਜਵਾਹਰ ਲਾਲ ਖੁਰਾਣਾ, ਸ਼੍ਰੋਮਣੀ ਅਕਾਲੀ ਦਲ ਦੇ ਯੂਥ ਆਗੂ ਸਰਬਜੀਤ ਸਿੰਘ ਮੋਮੀ ਮੂਨਕਾਂ, ਸ੍ਰੀ ਸਨਾਤਮ ਧਰਮ ਸਭਾ ਦੇ ਪ੍ਰਧਾਨ ਦੀਪਕ ਬਹਿਲ ਨੇ ਸ਼ੁਭਕਾਮਨਾਵਾਂ ਦਿੱਤੀਆਂ ਹਨ।
ਕਿਸਾਨ ਦੇਸ਼ ਦੀ ਰੀੜ੍ਹ ਦੀ ਹੱਡੀ, ਖੇਤੀ ਨੂੰ ਬਚਾਉਣਾ ਸਮੇਂ ਦੀ ਮੁੱਖ ਲੋੜ : ਸੰਤ ਸੀਚੇਵਾਲ
NEXT STORY