ਸ੍ਰੀ ਆਨੰਦਪੁਰ ਸਾਹਿਬ (ਸ਼ਮਸ਼ੇਰ)- ਸ੍ਰੀ ਅੰਮ੍ਰਿਤਸਰ ਵਿਖੇ ਰਾਮ ਬਾਗ 'ਚ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਵੱਲੋਂ 1819 'ਚ ਉਸਾਰੇ ਗਏ ਆਲੀਸ਼ਾਨ ਸਮਰ ਪੈਲੇਸ ਦੀ ਹੋ ਰਹੀ ਦੁਰਦਸ਼ਾ ਬਾਰੇ ਪਤਾ ਲੱਗਣ 'ਤੇ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਪਰ ਅੱਜ ਇਹ ਪੱਖ ਵੀ ਉੱਭਰ ਕੇ ਸਾਹਮਣੇ ਆ ਰਿਹਾ ਹੈ ਕਿ ਸ੍ਰੀ ਅੰਮ੍ਰਿਤਸਰ ਹੀ ਨਹੀਂ, ਸਗੋਂ ਰੂਪਨਗਰ 'ਚ ਵੀ ਸ਼ੇਰ-ਏ-ਪੰਜਾਬ ਦੀਆਂ ਯਾਦਗਾਰਾਂ ਨਾਲ ਬੁਰੀ ਤਰ੍ਹਾਂ ਖਿਲਵਾੜ ਹੋ ਰਿਹਾ ਹੈ ਤੇ ਵਿਰਾਸਤ ਦਾ ਘਾਣ ਕੀਤਾ ਜਾ ਰਿਹਾ ਹੈ।
ਕੀ ਹੈ ਇਤਿਹਾਸਕ ਪੱਖ?
1849 'ਚ ਸਤਲੁਜ ਦਰਿਆ ਕੰਢੇ ਸ਼ੇਰੇ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਤੇ ਲਾਰਡ ਵਿਲੀਅਮ ਬੈਂਟਿਕ ਵਿਚਕਾਰ ਰੂਪਨਗਰ ਵਿਖੇ ਇਕ ਅਹਿਮ ਸਮਝੌਤਾ ਹੋਇਆ, ਜਿਸ ਵਿਚ ਸਤਲੁਜ ਦਰਿਆ ਨੂੰ ਸਿੱਖ ਰਾਜ ਦੀ ਹੱਦ ਮੰਨਿਆ ਗਿਆ। ਰੂਪਨਗਰ ਸ਼ਹਿਰ ਤੋਂ ਦੱਖਣੀ ਤੇ ਪੂਰਬੀ ਖੇਤਰ ਬ੍ਰਿਟਿਸ਼ ਸਰਕਾਰ ਨੇ ਆਪਣੇ ਤਬਕੇ ਅਧੀਨ ਲੈ ਲਿਆ ਤੇ ਪੱਛਮੀ ਉੱਤਰੀ ਖੇਤਰ ਸਿੱਖ ਰਾਜ ਵਿਚ ਸ਼ਾਮਲ ਕਰ ਲਿਆ। ਸਤਲੁਜ ਦੀ ਇਹੋ ਹੱਦ ਰੂਪਨਗਰ ਤੋਂ ਲਹਿੰਦੇ ਪੰਜਾਬ ਤੱਕ ਚਲੀ ਗਈ। ਇਸ ਸਮਝੌਤੇ ਤਹਿਤ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਵੱਲੋਂ ਸਤਲੁਜ ਦੇ ਕੰਢੇ ਉੱਚੀ ਪਹਾੜੀ 'ਤੇ ਇਕ ਚੌਕੀ ਸਥਾਪਿਤ ਕੀਤੀ ਗਈ, ਜਿਸ ਨੂੰ ਸਰਹੱਦੀ ਚੌਕੀ ਮੰਨਿਆ ਗਿਆ। ਇਸੇ ਚੌਕੀ 'ਤੇ 8 ਕੀਮਤੀ ਧਾਤਾਂ ਦਾ ਕਈ ਫੁੱਟ ਉੱਚਾ ਨਿਸ਼ਾਨ ਸਥਾਪਿਤ ਕੀਤਾ ਗਿਆ, ਜਿਸ ਨੂੰ ਸਿੱਖ ਰਾਜ ਦੀ ਸਰਹੱਦੀ ਨਿਸ਼ਾਨੀ ਦਾ ਪ੍ਰਤੀਕ ਮੰਨਿਆ ਗਿਆ।
ਕੀ ਹੈ ਅੱਜ ਦਾ ਸੱਚ?
ਸਿੱਖ ਰਾਜ ਦਾ ਸਰਹੱਦੀ ਖੇਤਰ ਹੋਣ ਕਾਰਨ ਸਤਲੁਜ ਦਰਿਆ ਦੇ ਨੇੜੇ ਇਸ ਖੇਤਰ ਤੇ ਸ਼ਹਿਰ ਰੂਪਨਗਰ ਨੂੰ ਇਤਿਹਾਸਕ ਪੱਖੋਂ ਮਹਾਰਾਜਾ ਰਣਜੀਤ ਸਿੰਘ ਦੇ ਜੀਵਨ ਦਾ ਇਕ ਅਹਿਮ ਅੰਗ ਮੰਨਿਆ ਜਾਂਦਾ ਰਿਹਾ ਹੈ। ਇਥੋਂ ਦੀ ਵਿਰਾਸਤ ਨੂੰ ਸੰਭਾਲਣ 'ਚ ਸਮੇਂ ਦੀਆਂ ਸਰਕਾਰ ਬੁਰੀ ਤਰ੍ਹਾਂ ਨਾਕਾਮ ਰਹੀਆਂ ਹਨ। ਸ਼ੇਰ-ਏ-ਪੰਜਾਬ ਤੇ ਲਾਰਡ ਵਿਲੀਅਮ ਬੈਂਟਿਕ ਦੀ ਮੁਲਾਕਾਤ ਵਾਲੇ ਅਸਥਾਨ ਨੂੰ ਮਹਾਰਾਜਾ ਰਣਜੀਤ ਸਿੰਘ ਪਾਰਕ ਤੇ ਸ਼ਾਹੀ ਮੁਲਾਕਾਤ ਸਥਾਨ ਦਾ ਦਰਜਾ ਦਿੱਤਾ ਗਿਆ ਹੈ। ਇਸ ਦਾ ਨਿਰਮਾਣ 28 ਜੂਨ 1997 ਨੂੰ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਕਰਵਾਇਆ ਗਿਆ ਸੀ ਪਰ ਇਹ ਅਹਿਮ ਯਾਦਗਾਰ ਅੱਜ ਬੁਰੀ ਤਰ੍ਹਾਂ ਸਮੱਸਿਆਵਾਂ ਦੀ ਸ਼ਿਕਾਰ ਹੈ।

ਅਸ਼ਟ ਧਾਤੂ ਦਾ ਧੋਖਾ ਦੇ ਰਿਹੈ ਲੋਹੇ ਦਾ ਲੰਬਾ ਪਾਈਪ
19 ਅਕਤੂਬਰ 2001 ਨੂੰ ਇਸ ਜਗ੍ਹਾ ਨੂੰ ਮਹਾਰਾਜਾ ਰਣਜੀਤ ਸਿੰਘ ਨੈਸ਼ਨਲ ਹੈਰੀਟੇਜ ਹਿੱਲ ਪਾਰਕ ਦਾ ਦਰਜਾ ਭਾਵੇਂ ਪੰਜਾਬ ਸਰਕਾਰ ਵੱਲੋਂ ਦਿੱਤਾ ਗਿਆ ਪਰ ਇਸ ਦੀ ਸਾਂਭ-ਸੰਭਾਲ ਲਈ ਕੋਈ ਠੋਸ ਉਪਰਾਲਾ ਨਹੀਂ ਕੀਤਾ ਗਿਆ। ਅੱਜ ਅਸ਼ਟ ਧਾਤੂ ਦੀ ਥਾਂ ਇਕ ਲੋਹੇ ਦਾ ਲੰਬਾ ਪਾਈਪ ਲਾ ਕੇ ਤੇ ਉਸ 'ਤੇ ਲੋਹੇ ਦਾ ਹੀ ਕੇਸਰੀ ਨਿਸ਼ਾਨ ਸਾਹਿਬ ਲਾ ਕੇ ਸਿੱਖ ਰਾਜ ਦੀ ਸਰਹੱਦੀ ਨਿਸ਼ਾਨੀ ਹੋਣ ਦਾ ਜੋ ਦਾਅਵਾ ਕੀਤਾ ਗਿਆ ਹੈ, ਜੋ ਨਵੀਆਂ ਪੀੜ੍ਹੀਆਂ ਨੂੰ ਇਤਿਹਾਸ ਪੱਖੋਂ ਅਣਜਾਣ ਰੱਖਣ ਦਾ ਇਕ ਧੋਖਾ ਭਰਪੂਰ ਯਤਨ ਹੈ। ਲੋਕ ਜਦੋਂ ਇਸ ਸਰਹੱਦੀ ਚੌਕੀ ਨੂੰ ਦੇਖਣ ਲਈ ਜਾਂਦੇ ਹਨ ਤਾਂ ਉਨ੍ਹਾਂ ਨੂੰ ਵਿਸ਼ੇਸ਼ ਤੌਰ 'ਤੇ ਪਾਸ ਬਣਾ ਕੇ ਤੇ ਲੰਬਾ ਪੈਂਡਾ ਤਹਿ ਕਰ ਕੇ ਇਸ ਤੱਕ ਪਹੁੰਚਣਾ ਪੈਂਦਾ ਹੈ, ਜਦਕਿ ਰੂਪਨਗਰ-ਨੂਰਪੁਰਬੇਦੀ ਮਾਰਗ ਦੇ ਬਿਲਕੁਲ ਨੇੜੇ ਪੈਂਦੇ ਇਸ ਸਥਾਨ ਨੂੰ ਮੁੱਖ ਮਾਰਗ ਤੋਂ ਸਿੱਧਾ ਚੜ੍ਹਨ ਲਈ ਪ੍ਰਸ਼ਾਸਨ ਵੱਲੋਂ ਕੋਈ ਉਪਰਾਲਾ ਨਹੀਂ ਕੀਤਾ ਗਿਆ।

ਕਿੱਥੇ ਗਿਆ ਅਸ਼ਟ ਧਾਤੂ ਦਾ ਨਿਸ਼ਾਨ?
ਸ਼ਹਿਰੋਂ ਉਲਟ ਦੂਜੇ ਪਾਸੇ ਜਿਥੇ ਸ਼ੇਰ-ਏ-ਪੰਜਾਬ ਨੇ ਸਿੱਖ ਰਾਜ ਦੀ ਸਰਹੱਦੀ ਚੌਕੀ ਸਥਾਪਿਤ ਕਰ ਕੇ ਅਸ਼ਟ ਧਾਤੂ ਦੀ ਨਿਸ਼ਾਨੀ ਸਥਾਪਿਤ ਕੀਤੀ ਸੀ, ਦਾ ਅਸਥਾਨ ਅੱਜ ਆਪਣੀ ਹਾਲਤ 'ਤੇ ਹੰਝੂ ਵਹਾ ਰਿਹਾ ਹੈ। ਜ਼ਮੀਨ ਤੋਂ 400 ਗਜ਼ ਦੀ ਉਚਾਈ 'ਤੇ ਸਰਹੱਦੀ ਚੌਕੀ ਵਾਲੀ ਇਹ ਥਾਂ ਖੇਤਰਫਲ ਪੱਖੋਂ ਜ਼ਿਲਾ ਨਵਾਂਸ਼ਹਿਰ ਦੇ ਪਿੰਡ ਆਸਰੋਂ ਦਾ ਹਿੱਸਾ ਹੈ, ਜਿਸ ਦੀ ਇਕ ਹੱਦ ਜ਼ਿਲਾ ਰੂਪਨਗਰ ਨਾਲ ਵੀ ਲੱਗਦੀ ਹੈ। ਸਤਲੁਜ ਦਰਿਆ ਇਸ ਯਾਦਗਾਰ ਦੇ ਬਿਲਕੁਲ ਨੇੜੇ ਵਗਦਾ ਹੈ। ਉੱਚੇ ਪਰਬਤ 'ਤੇ ਇਸ ਜਗ੍ਹਾ ਇਕ ਕੰਪਨੀ ਵੱਲੋਂ 123 ਏਕੜ ਜ਼ਮੀਨ 'ਚ ਵੱਡਾ ਪ੍ਰਾਜੈਕਟ ਸਥਾਪਿਤ ਕੀਤਾ ਹੋਇਆ ਹੈ, ਜਦਕਿ 5 ਏਕੜ ਜ਼ਮੀਨ ਭਾਰੀ ਵਿਰੋਧ ਤੋਂ ਬਾਅਦ ਕੰਪਨੀ ਵੱਲੋਂ ਸਰਹੱਦੀ ਚੌਕੀ ਦੀ ਯਾਦਗਾਰ ਲਈ ਛੱਡੀ ਹੋਈ ਹੈ। ਢਾਈ ਦਹਾਕੇ ਪਹਿਲਾਂ ਉਕਤ ਕੰਪਨੀ ਦਾ ਪ੍ਰਾਜੈਕਟ ਲੱਗਣ ਮੌਕੇ 8 ਧਾਤੂਆਂ ਦੀ ਸਰਹੱਦੀ ਨਿਸ਼ਾਨੀ ਬਰਕਰਾਰ ਸੀ, ਜੋ ਕੁਝ ਅਰਸੇ ਬਾਅਦ ਗਾਇਬ ਹੋ ਗਈ। ਇਤਿਹਾਸ ਪ੍ਰਤੀ ਜਾਣਕਾਰੀ ਰੱਖਣ ਵਾਲੇ ਲੋਕਾਂ ਦਾ ਇਸ ਸਬੰਧੀ ਤਰਕ ਹੈ ਕਿ ਉਹ ਨਿਸ਼ਾਨੀ ਕਿਸੇ ਨੇ ਚੋਰੀ ਕਰ ਲਈ ਹੈ। ਸਵਾਲ ਇਹ ਉੱਠਦਾ ਹੈ ਕਿ ਜੇ ਇਹ ਨਿਸ਼ਾਨੀ ਚੋਰੀ ਕੀਤੀ ਗਈ ਤਾਂ ਇਸ ਖਿਲਾਫ ਅਜੇ ਤੱਕ ਕਾਨੂੰਨੀ ਕਾਰਵਾਈ ਕਿਉਂ ਨਹੀਂ ਕੀਤੀ ਗਈ?
ਸਿੱਧੂ ਦੇ ਸਨਕੀਪੁਣੇ 'ਤੇ ਮੁੱਖ ਮੰਤਰੀ ਲਗਾਮ ਕੱਸਣ : ਅਕਾਲੀ ਦਲ
NEXT STORY