ਹਾਲ ਹੀ ’ਚ ਹੋਈ ਇੰਡੀਆ ਏ. ਆਈ. ਇੰਪੈਕਟ ਸਮਿਟ ’ਚ ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਇਸਦੇ ਵਧਦੇ ਖੇਤਰ ’ਚ ਅੰਤਰਰਾਸ਼ਟਰੀ ਨਿਯਮਾਂ ਦੀ ਜ਼ਰੂਰਤ ’ਤੇ ਫੋਕਸ ਕੀਤਾ ਗਿਆ। ਸਮਿਟ ਦਾ ਮਕਸਦ ਇਹ ਪਤਾ ਲਗਾਉਣਾ ਹੈ ਕਿ ਏ. ਆਈ. ਸਭ ਨੂੰ ਕਿਵੇਂ ਫਾਇਦਾ ਪਹੁੰਚਾ ਸਕਦਾ ਹੈ। ਪਿਛਲੇ ਇਕ ਦਹਾਕੇ ’ਚ, ਖਾਸ ਕਰਕੇ ਪਿਛਲੇ 5 ਸਾਲਾਂ ’ਚ ਏ. ਆਈ. ਬਹੁਤ ਲੋਕਪ੍ਰਿਯ ਹੋਇਆ ਹੈ।
ਏ. ਆਈ. ਦੇ ਫਾਇਦੇ ਹਨ ਪਰ ਜੋਖਮ ਵੀ ਹਨ, ਜੋ ਇਸ ਨੂੰ ਇਕ ਮੁਸ਼ਕਲ ਮੁੱਦਾ ਬਣਾਉਂਦੇ ਹਨ। ਦੁਨੀਆ ਭਰ ’ਚ ਕਈ ਲੋਕ ਇਸ ਦੇ ਸੰਭਾਵਿਤ ਨੁਕਸਾਨ ਨੂੰ ਲੈ ਕੇ ਪਰੇਸ਼ਾਨ ਹਨ। ਇਸ ਇਲਾਕੇ ’ਚ ਹੋਈ ਪਹਿਲੀ ਸਮਿਟ ’ਚ, ਵਧਦੇ ਸੈਕਟਰ ਬਾਰੇ ਇਨ੍ਹਾਂ ਚਿੰਤਾਵਾਂ ’ਤੇ ਚਰਚਾ ਕੀਤੀ ਗਈ।
ਭਾਰਤ ਨੇ ਪੈਕਸ ਸਿਲਿਕਾ ’ਚ ਸ਼ਾਮਲ ਹੋਣ ਲਈ ਇਕ ਸਮਝੌਤਾ ਸਾਈਨ ਕੀਤਾ ਹੈ, ਜੋ ਅਮਰੀਕਾ ਅਗਵਾਈ ਵਾਲਾ ਇਕ ਗਰੁੱਪ ਹੈ ਜੋ ਜ਼ਰੂਰੀ ਮਿਨਰਲਜ਼ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ (ਏ. ਆਈ.) ਲਈ ਇਕ ਮਜ਼ਬੂਤ ਸਪਲਾਈ ਚੇਨ ਬਣਾਉਣ ’ਤੇ ਫੋਕਸ ਕਰਦਾ ਹੈ। ਕੇਂਦਰੀ ਮੰਤਰੀ ਅਸ਼ਵਿਨੀ ਵੈਸ਼ਨਵ ਨੇ ਕਿਹਾ ਕਿ ਇਹ ਅਲਾਇੰਸ ਦੇਸ਼ ਦੀ ਸੈਮੀਕੰਡਕਟਰ ਇੰਡਸਟਰੀ ਨੂੰ ਵਿਕਸਿਤ ਕਰਨ ਲਈ ਜ਼ਰੂਰੀ ਹੈ। ਇਸ ਦੌਰਾਨ, ਏ. ਆਈ. ਸਮਿਟ ’ਚ ਅਮਰੀਕੀ ਡੈਲੀਗੇਸ਼ਨ ਦੇ ਮੁਖੀ ਨੇ ਕਿਹਾ, ‘‘ਅਸੀਂ ਏ. ਆਈ. ਦੇ ਗਲੋਬਲ ਗਵਰਨੈਂਸ ਨੂੰ ਪੂਰੀ ਤਰ੍ਹਾਂ ਨਾਲ ਖਾਰਿਜ ਕਰਦੇ ਹਾਂ। ਸਾਡਾ ਮੰਨਣਾ ਹੈ ਕਿ ਏ. ਆਈ. ਨੂੰ ਅਪਣਾਉਣ ਨਾਲ ਬਿਹਤਰ ਭਵਿੱਖ ਨਹੀਂ ਮਿਲ ਸਕਦਾ ਜੇਕਰ ਇਹ ਬਿਊਰੋਕ੍ਰੇਸੀ ਅਤੇ ਸੈਂਟਰਲਾਈਜ਼ਡ ਕੰਟਰੋਲ ਦੇ ਅਧੀਨ ਹੈ।’’
ਸਮਿਟ ਭਾਰਤ ’ਚ ਨਿਵੇਸ਼ ਲਿਆਈ, ਅਡਾਣੀ ਗਰੁੱਪ ਅਤੇ ਅੰਬਾਨੀ ਨੇ 1-1 ਬਿਲੀਅਨ ਡਾਲਰ ਦੇ ਨਿਵੇਸ਼ ਦਾ ਐਲਾਨ ਕੀਤਾ ਹੈ ਅਤੇ ਮਾਈਕ੍ਰੋਸਾਫਟ ਨੇ 50 ਬਿਲੀਅਨ ਰੁਪਏ ਦਾ ਨਿਵੇਸ਼ ਕੀਤਾ। ਇਸ ਸਿਖਰ ਸੰਮੇਲਨ ’ਚ ਇਮੈਨੁਅਲ ਮੈਕਰੋਂ, ਲੁਇਜ਼ ਇਨਾਸੀਓ ਲੂਲਾ ਡਾ ਸਿਲਵਾ ਅਤੇ ਐਂਟੋਨੀਓ ਗੁਟੇਰੇਸ ਜਿਹੇ ਨੇਤਾਵਾਂ ਸਹਿਤ 45 ਤੋਂ ਵੱਧ ਦੇਸ਼ਾਂ ਦੇ ਪ੍ਰਤੀਭਾਗੀਆਂ ਨੂੰ ਇਕੱਠਾ ਲਿਆਂਦਾ ਗਿਆ। ਇਕ ਮਜ਼ਬੂਤ ਅਮਰੀਕੀ ਪ੍ਰਤੀਨਿਧ ਮੰਡਲ ਅਤੇ ਮਾਈਕ੍ਰੋਸਾਫਟ, ਆਈ. ਬੀ. ਐੱਮ. ਅਤੇ ਅਡੋਬ ਜਿਹੀਆਂ ਕੰਪਨੀਆਂ ਦੇ ਅਧਿਕਾਰੀ ਅੰਤਰਰਾਸ਼ਟਰੀ ਸਹਿਯੋਗ ਦੇ ਵਧਦੇ ਮਹੱਤਵ ’ਤੇ ਜ਼ੋਰ ਦਿੰਦੇ ਹਨ।
ਅਧਿਕਾਰਤ ਰਿਪੋਰਟ ਅਨੁਸਾਰ, ਪ੍ਰਦਰਸ਼ਨੀ ਖੇਤਰ ’ਚ ਲੱਗਭਗ 2.5 ਲੱਖ ਲੋਕ, ਜਿਨ੍ਹਾਂ ’ਚੋਂ ਜ਼ਿਆਦਾਤਰ 30 ਸਾਲ ਤੋਂ ਘੱਟ ਉਮਰ ਦੇ ਸਨ, ਸ਼ਾਮਲ ਹੋਏ। ਟੈਕਨਾਲੋਜੀ ਮੰਤਰੀ ਵੈਸ਼ਨਵ ਸਿਖਰ ਸੰਮੇਲਨ ਨੂੰ ਲੈ ਕੇ ਆਸ਼ਾਵਾਦੀ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਭਾਰਤ ਦਾ ਏ. ਆਈ. ਨਿਵੇਸ਼ 140 ਬਿਲੀਅਨ ਡਾਲਰ ਤੱਕ ਵਧ ਸਕਦਾ ਹੈ।
ਜਿਵੇਂ-ਜਿਵੇਂ ਏ. ਆਈ. ਸਿਹਤ ਸੇਵਾ ਤੋਂ ਲੈ ਕੇ ਮਨੋਰੰਜਨ ਤੱਕ ਦੈਨਿਕ ਜੀਵਨ ’ਚ ਵਧੇਰੇ ਏਕੀਕ੍ਰਿਤ ਹੋ ਰਿਹਾ ਹੈ, ਰੈਗੂਲੇਟਰੀ ਨਿਗਰਾਨੀ ਦੀ ਲੋੜ ਵਧ ਰਹੀ ਹੈ। ਜਦਕਿ ਏ. ਆਈ. ਵਧੀ ਹੋਈ ਕੁਸ਼ਲਤਾ ਅਤੇ ਬਿਹਤਰ ਫੈਸਲੇ ਲੈਣ ਵਰਗੇ ਲਾਭ ਪ੍ਰਦਾਨ ਕਰਦਾ ਹੈ, ਇਹ ਮਹੱਤਵਪੂਰਨ ਜੋਖਮ ਵੀ ਪੈਦਾ ਕਰਦਾ ਹੈ, ਜਿਸ ਦੇ ਲਈ ਸਾਵਧਾਨੀਪੂਰਵਕ ਪ੍ਰਬੰਧਨ ਦੀ ਲੋੜ ਹੁੰਦੀ ਹੈ।
ਏ. ਆਈ. ਤਕਨੀਕ ਕੀ ਹੈ ਅਤੇ ਦੁਨੀਆ ਕਿਉਂ ਚਿੰਤਤ ਹੈ? ਚਿੰਤਾ ਦਾ ਕਾਰਨ ਹੈ, ਕਿਉਂਕਿ ਇਹ ਇਕ ਦੋਧਾਰੀ ਤਲਵਾਰ ਹੈ। ਡਰ ਹੈ ਕਿ ਏ. ਆਈ. ਦੁਨੀਆ ’ਤੇ ਕਬਜ਼ਾ ਕਰ ਲਵੇਗਾ।
ਏ. ਆਈ. ਰੋਗੀ ਦੇਖਭਾਲ ਅਤੇ ਸੰਗਠਨਾਂ ਦੇ ਸੰਸਾਧਨਾਂ ਦੇ ਪ੍ਰਬੰਧਨ ਦੇ ਤਰੀਕੇ ’ਚ ਕਾਫ਼ੀ ਸੁਧਾਰ ਕਰ ਸਕਦਾ ਹੈ। ਹਾਲਾਂਕਿ, ਏ. ਆਈ. ਦੀ ਵਰਤੋਂ ਮਹੱਤਵਪੂਰਨ ਨੈਤਿਕ, ਖੁਫੀਆਪਨ ਅਤੇ ਸੁਰੱਖਿਆ ਦੇ ਮੁੱਦੇ ਉਠਾਉਂਦੀ ਹੈ। ਨੌਕਰੀਆਂ, ਕ੍ਰੈਡਿਟ ਅਤੇ ਅਪਰਾਧਿਕ ਨਿਆਂ ਪ੍ਰਣਾਲੀ ਬਾਰੇ ਵੀ ਚਿੰਤਾਵਾਂ ਹਨ, ਜਿੱਥੇ ਪੱਖਪਾਤੀ ਨਤੀਜੇ ਹੋ ਸਕਦੇ ਹਨ। ਇਸ ਤੋਂ ਇਲਾਵਾ, ਲੋਕ ਇਸ ਗੱਲ ਨੂੰ ਲੈ ਕੇ ਚਿੰਤਤ ਹਨ ਕਿ ਡਾਟਾ ਨੂੰ ਕਿਵੇਂ ਸੰਭਾਲਿਆ ਜਾਂਦਾ ਹੈ ਅਤੇ ਇਸ ਦੇ ਨਤੀਜੇ ਕੀ ਹੁੰਦੇ ਹਨ।
ਏ. ਆਈ. ਨਿਯਮ ਖੇਤਰ ਦੇ ਅਨੁਸਾਰ ਵੱਖ-ਵੱਖ ਹਨ। ਯੂਰਪੀਅਨ ਯੂਨੀਅਨ ਦਾ ਪ੍ਰਸਤਾਵਿਤ ਆਰਟੀਫੀਸ਼ੀਅਲ ਇੰਟੈਲੀਜੈਂਸ ਐਕਟ ਏ. ਆਈ. ਸਿਸਟਮ ਨੂੰ ਜੋਖਮ ਦੇ ਆਧਾਰ ’ਤੇ ਵਰਗੀਕ੍ਰਿਤ ਕਰਦਾ ਹੈ। ਇਹ ਪਾਰਦਰਸ਼ਤਾ ਅਤੇ ਮਾਨਵ ਨਿਰੀਖਣ ਸਹਿਤ ਉੱਚ ਜੋਖਮ ਵਾਲੇ ਪ੍ਰਯੋਗਾਂ ਲਈ ਸਖ਼ਤ ਲੋੜਾਂ ਲਾਗੂ ਕਰਦਾ ਹੈ। ਇਸ ਦੇ ਉਲਟ, ਅਮਰੀਕਾ ’ਚ ਇਕ ਖੰਡਿਤ ਦ੍ਰਿਸ਼ਟੀਕੋਣ ਹੈ, ਜਿਸ ’ਚ ਵਿਅਕਤੀਗਤ ਰਾਜ ਆਪਣੇ ਸਵੈ ਦੇ ਨਿਯਮ ਬਣਾ ਰਹੇ ਹਨ।
ਇਹ ਫਰਕ ਇਕ ਵਧੇਰੇ ਏਕੀਕ੍ਰਿਤ ਦ੍ਰਿਸ਼ਟੀਕੋਣ ਦੀ ਲੋੜ ਨੂੰ ਉਜਾਗਰ ਕਰਦੇ ਹਨ, ਕਿਉਂਕਿ ਏ. ਆਈ. ’ਚ ਸਰਵ ਵਿਆਪਕ ਰੂਪ ’ਚ ਅਪਣਾਏ ਗਏ ਮਾਨਕਾਂ ਅਤੇ ਸਰਵੋਤਮ ਪ੍ਰਥਾਵਾਂ ਨੂੰ ਸਥਾਪਤ ਕਰਨ ਲਈ ਅੰਤਰਰਾਸ਼ਟਰੀ ਸਹਿਯੋਗ ਲਾਜ਼ਮੀ ਹੈ। ਦਿੱਲੀ ਨੇ ਇਕ ਮਹੱਤਵਪੂਰਨ, ਫੁੱਲ-ਸਟੈਕ ਆਰਟੀਫੀਸ਼ੀਅਲ ਇੰਟੈਲੀਜੈਂਸ ਰੋਡਮੈਪ ਦਾ ਐਲਾਨ ਕੀਤਾ ਹੈ, ਜਿਸ ਦਾ ਮਕਸਦ ਦੇਸ਼ ਨੂੰ ਗਲੋਬਲ ਟੈਕਨਾਲੋਜੀ ਦੇ ਅਗਲੇ ਪੜਾਅ ’ਚ ਇਕ ਆਤਮ-ਵਿਸ਼ਵਾਸੀ ਨੇਤਾ ਦੇ ਰੂਪ ’ਚ ਸਥਾਪਤ ਕਰਨਾ ਹੈ।
ਇੰਡੀਆ ਏ. ਆਈ. ਮਿਸ਼ਨ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ ਪ੍ਰਸਥਿਤਕ ਤੰਤਰ ਨੂੰ ਵਧਾਉਣ ਲਈ 10,372 ਕਰੋੜ ਰੁਪਏ ਅਲਾਟ ਕੀਤੇ ਹਨ। ਇਸ ਤੋਂ ਇਲਾਵਾ, 38,000 ਤੋਂ ਵੱਧ ਜੀ. ਪੀ. ਯੂ. ਨੂੰ ਇਕ ਕੇਂਦਰੀਕ੍ਰਿਤ ਕੰਪਿਊਟਿੰਗ ਸੁਵਿਧਾ ’ਚ ਏਕੀਕ੍ਰਿਤ ਕੀਤਾ ਗਿਆ ਹੈ ਅਤੇ 12 ਸਵਦੇਸ਼ੀ ਫਾਊਂਡੇਸ਼ਨ ਮਾਡਲ ਵਰਤਮਾਨ ’ਚ ਵਿਕਸਿਤ ਕੀਤੇ ਜਾ ਰਹੇ ਹਨ। ਨਤੀਜੇ ਵਜੋਂ, ਭਾਰਤ ਏ. ਆਈ. ਦੇ ਉੱਭਰਦੇ ਯੁੱਗ ’ਚ ਖ਼ੁਦ ਨੂੰ ਇਕ ਡਿਵੈਲਪਰ ਅਤੇ ਇਕ ਫੈਸੀਲੀਟੇਟਰ ਦੋਵਾਂ ਦੇ ਰੂਪ ’ਚ ਸਥਾਪਤ ਕਰ ਰਿਹਾ ਹੈ। ਡੀ. ਆਰ. ਡੀ. ਓ. ਦੀ ਮਹਾਨਿਰਦੇਸ਼ਕ ਡਾ. ਚੰਦ੍ਰਿਕਾ ਕੌਸ਼ਿਕ ਅਨੁਸਾਰ, ਏ. ਆਈ. ਹੁਣ ਭਾਰਤ ਦੇ ਰੱਖਿਆ ਖੇਤਰ ਦਾ ਇਕ ਮਹੱਤਵਪੂਰਨ ਹਿੱਸਾ ਹੈ।
ਨੀਤੀ ਘੜਨ ਵਾਲਿਆਂ ਨੂੰ ਚਿੰਤਾ ਹੈ ਕਿ ਨਿੱਜੀ ਬਾਜ਼ਾਰਾਂ, ਜਿਵੇਂ ਨਿੱਜੀ ਕ੍ਰੈਡਿਟ ਅਤੇ ਨਿੱਜੀ ਇਕੁਇਟੀ ’ਚ ਪਾਰਦਰਸ਼ਤਾ ਦੀ ਕਮੀ, ਪਰੇਸ਼ਾਨੀ ਦੇ ਸ਼ੁਰੂਆਤੀ ਚਿਤਾਵਨੀ ਸੰਕੇਤਾਂ ਦੀ ਪਛਾਣ ’ਚ ਰੁਕਾਵਟ ਪਾ ਸਕਦੀ ਹੈ। ਭਾਰਤ ਦੀਆਂ ਚੁਣੌਤੀਆਂ ’ਚ ਨਵੀਨਤਾ ਅਤੇ ਏ. ਆਈ. ਦੇ ਸਰਕਾਰੀ ਅਤਿ-ਨਿਯਮਾਂ ਦੇ ਵਿਚਾਲੇ ਸੰਤੁਲਨ ਬਣਾਉਣਾ ਸ਼ਾਮਲ ਹੈ। ਇਹ ਰਚਨਾਤਮਕਤਾ ਨੂੰ ਰੋਕ ਸਕਦਾ ਹੈ ਅਤੇ ਨਵੀਆਂ ਟੈਕਨਾਲੋਜੀਆਂ ਦੇ ਵਿਕਾਸ ’ਚ ਰੁਕਾਵਟ ਪਾ ਸਕਦਾ ਹੈ। ਨਾਲ ਹੀ, ਨਿਯਮਾਂ ਦੀ ਕਮੀ ਖ਼ਤਰਨਾਕ ਨਤੀਜੇ ਦੇ ਸਕਦੀ ਹੈ।
ਨੈਤਿਕ ਏ. ਆਈ. ਤਰੀਕਿਆਂ ਨੂੰ ਉਤਸ਼ਾਹਿਤ ਕਰਨ ਦੇ ਮਹੱਤਵ ਨੂੰ ਪਛਾਣਿਆ ਜਾ ਰਿਹਾ ਹੈ, ਇਸ ’ਚ ਪਾਰਦਰਸ਼ਤਾ ਨੂੰ ਵਧਾਉਣਾ, ਉਚਿਤ ਪਹੁੰਚ ਯਕੀਨੀ ਬਣਾਉਣਾ ਅਤੇ ਵਰਤੋਂਕਾਰ ਦੀ ਖੁਫੀਆਪਨ ਦੀ ਰੱਖਿਆ ਕਰਨਾ ਸ਼ਾਮਲ ਹੈ। ਸੰਗਠਨਾਂ ਨੂੰ ਨੈਤਿਕ ਦਿਸ਼ਾ-ਨਿਰਦੇਸ਼ਾਂ ਅਤੇ ਫਰੇਮਵਰਕ ਨੂੰ ਅਪਣਾਉਣ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ, ਜੋ ਮਾਨਵ ਭਲਾਈ ਅਤੇ ਸਮਾਜਿਕ ਜ਼ਿੰਮੇਵਾਰੀ ਨੂੰ ਪਹਿਲ ਦਿੰਦੇ ਹਨ।
ਜਿਵੇਂ ਕਿ ਅਸੀਂ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਸਮਰੱਥਾ ਨੂੰ ਸਵੀਕਾਰ ਕਰਦੇ ਹਾਂ, ਪ੍ਰਭਾਵਸ਼ਾਲੀ ਨਿਯਮਾਂ ਦੀ ਲੋੜ ਤੇਜ਼ੀ ਨਾਲ ਜ਼ਰੂਰੀ ਹੋ ਜਾਂਦੀ ਹੈ। ਇਕ ਸੰਤੁਲਿਤ ਰੈਗੂਲੇਟਰੀ ਫਰੇਮਵਰਕ ਸਾਨੂੰ ਏ. ਆਈ. ਦੇ ਲਾਭਾਂ ਨੂੰ ਵਧਾਉਣ ’ਚ ਮਦਦ ਕਰ ਸਕਦਾ ਹੈ ਜਦਕਿ ਇਸ ਦੇ ਜੋਖਮਾਂ ਨੂੰ ਘੱਟ ਕਰਦਾ ਹੈ। ਏ. ਆਈ. ਨਿਯਮਾਂ ਦਾ ਭਵਿੱਖ ਸਮਾਜ ’ਤੇ ਇਸ ਟੈਕਨਾਲੋਜੀ ਦੇ ਪ੍ਰਭਾਵ ਨੂੰ ਮਹੱਤਵਪੂਰਨ ਰੂਪ ’ਚ ਪ੍ਰਭਾਵਿਤ ਕਰੇਗਾ ਅਤੇ ਸਾਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਇਹ ਮਨੁੱਖਤਾ ਦੀ ਭਲਾਈ ਲਈ ਕੰਮ ਕਰੇ।
ਕਲਿਆਣੀ ਸ਼ੰਕਰ
‘ਚੱਪਲਾਂ ’ਚ ਵੀ ਲੁਕੋ ਕੇ ਕੀਤਾ ਜਾਣ ਲੱਗਾ’ ਨਸ਼ਿਆਂ ਦਾ ਕਾਲਾ ਕਾਰੋਬਾਰ!
NEXT STORY