ਬਰਨਾਲਾ (ਵਿਵੇਕ ਸਿੰਧਵਾਨੀ, ਰਵੀ) : ਬਰਨਾਲਾ ਜ਼ਿਲ੍ਹੇ ਦੇ ਪਿੰਡ ਵਜੀਦਕੇ ਨੇੜੇ ਸੋਮਵਾਰ ਸਵੇਰੇ ਇਕ ਭਿਆਨਕ ਸੜਕ ਹਾਦਸਾ ਵਾਪਰਿਆ, ਜਿਸ ਦੌਰਾਨ ਦੋ ਕਾਰਾਂ ਵਿਚਾਲੇ ਹੋਈ ਸਿੱਧੀ ਟੱਕਰ ਕਾਰਨ ਇਕ ਨੌਜਵਾਨ ਲੜਕੀ ਦੀ ਮੌਤ ਹੋ ਗਈ, ਜਦਕਿ ਚਾਰ ਹੋਰ ਵਿਅਕਤੀ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ ਹਨ। ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਇਕ ਡਿਜ਼ਾਇਰ ਕਾਰ ਜੋ ਲੁਧਿਆਣਾ ਤੋਂ ਬਰਨਾਲਾ ਵੱਲ ਆ ਰਹੀ ਸੀ, ਉਹ ਪਿੰਡ ਵਜੀਦਕੇ ਨੇੜੇ ਬਰਨਾਲਾ ਵੱਲੋਂ ਆ ਰਹੀ ਇੰਡੈਵਰ ਕਾਰ ਨਾਲ ਟਕਰਾਅ ਗਈ। ਇਹ ਟੱਕਰ ਇੰਨੀ ਜ਼ਬਰਦਸਤ ਸੀ ਕਿ ਦੋਵੇਂ ਗੱਡੀਆਂ ਦੇ ਅਗਲੇ ਹਿੱਸੇ ਪੂਰੀ ਤਰ੍ਹਾਂ ਨੁਕਸਾਨੇ ਗਏ।
ਇਹ ਵੀ ਪੜ੍ਹੋ : ਪੰਜਾਬ ਕੈਬਨਿਟ ਦਾ ਵੱਡਾ ਫ਼ੈਸਲਾ, 500 ਅਸਾਮੀਆਂ ਭਰਨ ਨੂੰ ਪ੍ਰਵਾਨਗੀ
ਡਿਜ਼ਾਇਰ ਗੱਡੀ ਨੂੰ ਚਲਾ ਰਹੀ ਨੌਜਵਾਨ ਲੜਕੀ ਦੀ ਪਛਾਣ ਗੁਰਲੀਨ ਕੌਰ ਵਜੋਂ ਹੋਈ ਹੈ ਜੋ ਲੁਧਿਆਣਾ ਦੇ ਦੁੱਗਰੀ ਖੇਤਰ ਦੀ ਰਹਿਣ ਵਾਲੀ ਦੱਸੀ ਜਾ ਰਹੀ ਹੈ। ਟੱਕਰ ਦੌਰਾਨ ਗੁਰਲੀਨ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਈ। ਮੌਕੇ 'ਤੇ ਪਹੁੰਚੀ ਸੜਕ ਸੁਰੱਖਿਆ ਫੋਰਸ ਦੀ ਟੀਮ ਦੇ ਇੰਚਾਰਜ ਏਐੱਸਆਈ ਕਰਮ ਸਿੰਘ ਅਤੇ ਹੋਰ ਜਵਾਨਾਂ ਨੇ ਜ਼ਖ਼ਮੀ ਗੁਰਲੀਨ ਨੂੰ ਤੁਰੰਤ ਸਿਵਲ ਹਸਪਤਾਲ ਬਰਨਾਲਾ ਲਿਜਾਇਆ ਪਰ ਡਾਕਟਰਾਂ ਨੇ ਉਸਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।
ਇਹ ਵੀ ਪੜ੍ਹੋ : ਵੱਡੀ ਵਾਰਦਾਤ ਨਾਲ ਕੰਬਿਆ ਲੁਧਿਆਣਾ, ਦਿਨ ਦਿਹਾੜੇ ਘਰ ਅੰਦਰ ਵੜ ਕੇ ਔਰਤ ਦਾ ਕਤਲ
ਇਸ ਭਿਆਨਕ ਹਾਦਸੇ ਦੌਰਾਨ ਇੰਡੈਵਰ ਗੱਡੀ ਵਿਚ ਸਵਾਰ ਚਾਰ ਹੋਰ ਵਿਅਕਤੀ ਵੀ ਗੰਭੀਰ ਤੌਰ 'ਤੇ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਸਿਵਲ ਹਸਪਤਾਲ ਬਰਨਾਲਾ ਵਿਚ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਟੱਕਰ ਮਗਰੋਂ ਦੋਵੇਂ ਵਾਹਨਾਂ ਦੀ ਹਾਲਤ ਦੇਖਣਯੋਗ ਸੀ। ਖ਼ਾਸ ਕਰਕੇ ਮ੍ਰਿਤਕ ਗੁਰਲੀਨ ਦੀ ਡਿਜ਼ਾਇਰ ਗੱਡੀ ਦਾ ਅਗਲਾ ਹਿੱਸਾ ਪੂਰੀ ਤਰ੍ਹਾਂ ਚਕਨਾ ਚੂਰ ਹੋ ਚੁੱਕਾ ਸੀ। ਹਾਦਸੇ ਕਾਰਨ ਸੜਕ 'ਤੇ ਕਾਫੀ ਸਮੇਂ ਲਈ ਟ੍ਰੈਫਿਕ ਜਾਮ ਰਿਹਾ, ਜਿਸ ਨੂੰ ਬਾਅਦ ਵਿਚ ਪੁਲਿਸ ਵੱਲੋਂ ਕੰਟਰੋਲ ਕੀਤਾ ਗਿਆ। ਪੁਲਸ ਵੱਲੋਂ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਮੁੱਢਲੇ ਤੌਰ 'ਤੇ ਟੱਕਰ ਦਾ ਕਾਰਨ ਤੇਜ਼ ਰਫ਼ਤਾਰ ਜਾਂ ਲਾਈਨ ਕਟਿੰਗ ਦੱਸਿਆ ਜਾ ਰਿਹਾ ਹੈ। ਹਾਦਸੇ ਸਬੰਧੀ ਅਗਲੇਰੀ ਕਾਰਵਾਈ ਜਾਰੀ ਹੈ ਅਤੇ ਦੋਵੇਂ ਵਾਹਨਾਂ ਨੂੰ ਪੁਲਸ ਕਬਜ਼ੇ ਵਿਚ ਲੈ ਚੁੱਕੀ ਹੈ। ਇਸ ਹਾਦਸੇ ਨੇ ਪਰਿਵਾਰਾਂ 'ਤੇ ਦੁੱਖਾਂ ਦਾ ਪਹਾੜ ਢਾਹ ਦਿੱਤਾ ਹੈ। ਨੌਜਵਾਨ ਗੁਰਲੀਨ ਦੀ ਮੌਤ ਨੇ ਸਾਰਿਆਂ ਨੂੰ ਤੋੜ ਕੇ ਰੱਖ ਦਿੱਤਾ ਹੈ। ਸਥਾਨਕ ਲੋਕਾਂ ਨੇ ਸਰਕਾਰ ਅਤੇ ਟ੍ਰੈਫਿਕ ਵਿਭਾਗ ਨੂੰ ਅਪੀਲ ਕੀਤੀ ਹੈ ਕਿ ਮੁੱਖ ਸੜਕਾਂ 'ਤੇ ਸੁਰੱਖਿਆ ਦੇ ਵਧੇਰੇ ਇੰਤਜ਼ਾਮ ਕੀਤੇ ਜਾਣ।
ਇਹ ਵੀ ਪੜ੍ਹੋ : ਪੰਜਾਬ ਕੈਬਨਿਟ ਦੇ ਵੱਡੇ ਫ਼ੈਸਲੇ, ਬਦਲ ਦਿੱਤਾ 1965 ਵਾਲਾ ਐਕਟ
ਲੁਧਿਆਣਾ ਜ਼ਿਮਨੀ ਚੋਣ ਨਤੀਜੇ: ਸ਼ਰਮਨਾਕ ਹਾਰ ਵੇਖਦਿਆਂ ਨੀਟੂ ਸ਼ਟਰਾਂ ਵਾਲੇ ਨੇ ਗੁੱਸੇ 'ਚ ਤੋੜ 'ਤਾ ਫੋਨ
NEXT STORY