ਜਲੰਧਰ, (ਕਮਲੇਸ਼)- ਕਾਲੇ ਕਾਨੂੰਨਾਂ ਵਿਰੁੱਧ ਜਨਤਕ ਜਥੇਬੰਦੀਆਂ ਦੇ ਤਾਲਮੇਲ ਫਰੰਟ ਪੰਜਾਬ ਦੇ ਸੱਦੇ 'ਤੇ ਅੱਜ ਇੱਥੇ 5 ਦਰਜਨ ਤੋਂ ਵਧੇਰੇ ਜਨਤਕ ਜਥੇਬੰਦੀਆਂ ਵੱਲੋਂ ਪ੍ਰਸ਼ਾਸਨ ਵੱਲੋਂ ਰੋਕਾਂ ਲਾਉਣ ਦੇ ਬਾਵਜੂਦ ਰੋਹ ਭਰਪੂਰ ਮਹਾ ਰੈਲੀ ਕੀਤੀ ਗਈ । ਕੀਤੇ ਵਾਅਦੇ ਪੂਰੇ ਕਰਨ ਦੀ ਥਾਂ ਵੱਖ-ਵੱਖ ਤਬਕਿਆਂ ਵੱਲੋਂ ਕੀਤੇ ਜਾ ਰਹੇ ਹੱਕੀ ਸੰਘਰਸ਼ਾਂ ਤੇ ਲੋਕਾਂ ਦੇ ਜਮਹੂਰੀ ਤੇ ਸੰਵਿਧਾਨਕ ਹੱਕਾਂ ਨੂੰ ਕੁਚਲਣ ਲਈ ਪੰਜਾਬ ਨੂੰ ਪੁਲਸ ਰਾਜ 'ਚ ਤਬਦੀਲ ਕਰਨ ਖਾਤਿਰ ਕੈਪਟਨ ਸਰਕਾਰ ਵੱਲੋਂ ਲਿਆਂਦੇ ਗਏ ਅਤੇ ਲਿਆਂਦੇ ਜਾ ਰਹੇ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਸੰਘਰਸ਼ਾਂ ਨੂੰ ਹੋਰ ਤੇਜ਼ ਤੇ ਵਿਸ਼ਾਲ ਕਰਨ ਦਾ ਮਹਾ ਰੈਲੀ ਨੇ ਸੱਦਾ ਦਿੱਤਾ।
ਰੈਲੀ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਪਿਛਲੀ ਅਕਾਲੀ-ਭਾਜਪਾ ਸਰਕਾਰ ਨੇ 'ਪੰਜਾਬ ਜਨਤਕ ਤੇ ਨਿੱਜੀ ਜਾਇਦਾਦ ਦਾ ਨੁਕਸਾਨ ਰੋਕੂ ਕਾਨੂੰਨ' ਲੋਕਾਂ ਦੇ ਸਖਤ ਵਿਰੋਧ ਕਰ ਕੇ ਲਾਗੂ ਨਹੀਂ ਸੀ ਕੀਤਾ। ਉਸ ਵੇਲੇ ਹੁਣ ਵਾਲੀ ਸਰਕਾਰ ਦੇ ਆਗੂ ਉਸ ਕਾਨੂੰਨ ਦਾ ਵਿਰੋਧ ਕਰਨ ਦਾ ਵਿਖਾਵਾ ਵੀ ਕਰਦੇ ਰਹੇ ਹਨ ਪਰ ਆਪਣੀ ਸਰਕਾਰ ਬਣਦੇ ਸਾਰ ਹੀ ਇਹ ਕਾਨੂੰਨ ਲਾਗੂ ਕਰਕੇ ਉਨ੍ਹਾਂ ਆਪਣੇ ਹਕੀਕੀ ਲੋਕ ਵਿਰੋਧੀ ਚਿਹਰੇ ਤੋਂ ਪਰਦਾ ਹਟਾ ਦਿੱਤਾ ਹੈ। ਪੰਜਾਬ ਦੀਆਂ ਸੱਤ ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਦੇ 7 ਫਰਵਰੀ ਦੇ ਦੋ ਘੰਟੇ ਸੜਕ ਜਾਮ ਦੇ ਸੱਦੇ ਮੌਕੇ ਸੈਂਕੜੇ ਕਿਸਾਨਾਂ ਉੱਪਰ ਪੁਲਸ ਨੇ ਇਸੇ ਐਕਟ ਦੀ ਧਾਰਾ 283 ਅਤੇ 341,188,149 ਤਹਿਤ ਪਰਚੇ ਦਰਜ ਕਰ ਕੇ ਇਸ ਕਾਲੇ ਕਾਨੂੰਨ ਨੂੰ ਲਾਗੂ ਕਰਨਾ ਸ਼ੁਰੂ ਕਰ ਦਿੱਤਾ ਹੈ। ਧਾਰਾ 144 ਦੀ ਦੁਰਵਰਤੋਂ ਕਰ ਕੇ ਜਲੰਧਰ, ਲੁਧਿਆਣਾ ਸਮੇਤ ਹੋਰ ਸ਼ਹਿਰਾਂ 'ਚ ਧਰਨੇ-ਮੁਜ਼ਾਹਰਿਆਂ ਲਈ ਥਾਵਾਂ ਤੈਅ ਕਰਨੀਆਂ ਕਾਲੇ ਕਾਨੂੰਨਾਂ ਦੀ ਕਰੂਰਤਾ ਹੈ। ਅਜਿਹੇ ਕਦਮ ਆਉਣ ਵਾਲੇ ਸਮੇਂ ਵਿਚ ਹਰ ਸੰਘਰਸ਼ਸ਼ੀਲ ਤਬਕੇ ਖ਼ਿਲਾਫ਼ ਚੁੱਕਣ ਲਈ ਹਾਕਮ ਰੱਸੇ ਪੈੜੇ ਵੱਟ ਰਹੇ ਹਨ।
ਉਨ੍ਹਾਂ ਕਿਹਾ ਕਿ ਦੇਸ਼ ਦੀਆਂ ਅਤੇ ਲੋਕਾਂ ਦੀਆਂ ਜਾਇਦਾਦਾਂ ਨੂੰ ਲੋਕਾਂ ਤੋਂ ਨਹੀਂ ਸਗੋਂ ਸਰਕਾਰਾਂ ਤੋਂ ਵੱਡਾ ਖਤਰਾ ਹੈ। ਬੁਲਾਰਿਆਂ ਨੇ ਅੱਗੇ ਕਿਹਾ ਕਿ ਗੈਂਗਸਟਰਾਂ ਨੂੰ ਨਕੇਲ ਪਾਉਣ ਦੇ ਨਾਂ 'ਤੇ ਕੈਪਟਨ ਸਰਕਾਰ 'ਪੰਜਾਬ ਕੰਟਰੋਲ ਆਫ਼ ਆਰਗੇਨਾਈਜ਼ਡ ਕ੍ਰਾਈਮ ਐਕਟ (ਪਕੋਕਾ) ਨਾਂ ਦਾ ਇਕ ਨਵਾਂ ਕਾਲਾ ਕਾਨੂੰਨ ਲਿਆ ਰਹੀ ਹੈ ਪਰ ਅਸਲ ਵਿਚ ਇਹ ਬੇਇਨਸਾਫੀਆਂ, ਅੱਤਿਆਚਾਰਾਂ ਅਤੇ ਹਰ ਤਰ੍ਹਾਂ ਦੀ ਧੱਕੇਸ਼ਾਹੀ ਖ਼ਿਲਾਫ਼ ਸੰਘਰਸ਼ ਕਰਨ ਵਾਲੀਆਂ ਰਾਜਨੀਤਕ ਪਾਰਟੀਆਂ ਤੇ ਜਨਤਕ ਜਥੇਬੰਦੀਆਂ ਵਿਰੁੱਧ ਹੀ ਸੇਧਿਤ ਹੋਵੇਗਾ। ਉਨ੍ਹਾਂ ਕਿਹਾ ਕਿ ਜ਼ੁਲਮ ਦਾ ਕੁਹਾੜਾ ਤੇਜ਼ ਹੋ ਜਾਣ ਤੋਂ ਬਚਣ ਲਈ ਸੰਘਰਸ਼ਸ਼ੀਲ ਲੋਕਾਂ ਨੂੰ ਸਾਂਝੇ ਸੰਘਰਸ਼ ਦੇ ਮੈਦਾਨ ਵਿਚ ਨਿੱਤਰ ਕੇ ਉਪਰੋਕਤ 'ਪੰਜਾਬ ਜਨਤਕ ਤੇ ਨਿੱਜੀ ਜਾਇਦਾਦ ਦਾ ਨੁਕਸਾਨ ਰੋਕੂ ਕਾਨੂੰਨ', ਪਕੋਕਾ, ਸੀ.ਆਰ.ਪੀ.ਸੀ. ਦੀ ਧਾਰਾ 295-ਏ 'ਚ ਕੀਤੀ ਹਾਲੀਆ ਸੋਧ ਰੱਦ ਕਰਵਾਉਣ ਅਤੇ ਧਾਰਾ 144, 107/51 ਅਤੇ ਧਾਰਾ 307 ਦੀ ਸ਼ਰੇਆਮ ਕੀਤੀ ਜਾ ਰਹੀ ਦੁਰਵਰਤੋਂ ਬੰਦ ਕਰਾਉਣ ਲਈ ਜ਼ੋਰਦਾਰ ਹੱਲਾ ਮਾਰਨ ਦਾ ਐਲਾਨ ਕੀਤਾ।
ਯੂਥ ਕਾਂਗਰਸ ਆਗੂਆਂ ਨੇ ਸੰਘ ਦੇ ਮੁਖੀ ਦਾ ਪੁਤਲਾ ਫੂਕਿਆ
NEXT STORY