ਮਾਨਸਾ (ਜੱਸਲ)-ਮਾਲਵਾ ਐਜੂਕੇਸ਼ਨਲ ਪਬਲਿਕ ਵੈੱਲਫੇਅਰ ਸੁਸਾਇਟੀ ਖਿਆਲਾ ਕਲਾਂ ਦੀ ਸਾਂਝੀ ਸੱਥ ਬੱਸ ਲਾਇਬ੍ਰੇਰੀ ਪਿੰਡਾਂ ਦੇ ਲੋਕਾਂ ਨੂੰ ਪੰਜਾਬੀ ਸਾਹਿਤ ਨਾਲ ਜੋੜਨ ਦੇ ਇਰਾਦੇ ਨਾਲ ਅੱਜ ਪਿੰਡ ਭੈਣੀ ਬਾਘਾ ਦੀ ਲਾਲਾ ਪੱਤੀ ਸੱਥ 'ਚ ਪੁੱਜੀ, ਜਿਥੇ ਪਿੰਡ ਵਾਸੀਆਂ ਨੇ ਭਰਵਾਂ ਸਵਾਗਤ ਕਰਦਿਆਂ ਰੱਜ ਕੇ ਮਨਪਸੰਦ ਕਿਤਾਬਾਂ ਪੜ੍ਹੀਆਂ। ਲਾਇਬ੍ਰੇਰੀ ਦੇ ਮੁਖੀ ਕੁਲਦੀਪ ਸਿੰਘ ਅਤੇ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਸਵੇਰੇ 10 ਵਜੇ ਤੋਂ ਲੈ ਕੇ ਢਾਈ ਵਜੇ ਤੱਕ ਲਾਇਬ੍ਰੇਰੀ ਸੱਥ 'ਚ ਰੁਕੀ, ਜਿਥੇ ਵੱਡੀ ਗਿਣਤੀ 'ਚ ਪਿੰਡ ਵਾਸੀਆਂ ਨੇ ਕਿਤਾਬਾਂ ਦੇਖੀਆਂ ਅਤੇ ਮਨਪਸੰਦ ਕਿਤਾਬਾਂ ਲੈ ਕੇ ਮੌਕੇ 'ਤੇ ਪੜ੍ਹੀਆਂ। ਕਿਤਾਬਾਂ ਪੜ੍ਹਨ ਵਾਲਿਆਂ 'ਚ ਸਭ ਤੋਂ ਜ਼ਿਆਦਾ ਗਿਣਤੀ ਸਕੂਲੀ ਵਿਦਿਆਰਥੀਆਂ ਅਤੇ ਬਜ਼ੁਰਗਾਂ ਦੀ ਸੀ। ਦਰਸ਼ਨ ਸਿੰਘ ਨਾਂ ਦੇ ਕਿਸਾਨ ਨੇ ਚਾਰ ਘੰਟੇ ਕਿਤਾਬਾਂ ਪੜ੍ਹੀਆਂ ਅਤੇ ਦੋ ਕਿਤਾਬਾਂ ਛੇ ਦਿਨਾਂ ਲਈ ਪੜ੍ਹਨ ਵਾਸਤੇ ਮੰਗਵਾਈਆਂ। ਹਰ ਰੋਜ਼ ਚਾਰ ਘੰਟੇ ਅਖ਼ਬਾਰ ਪੜ੍ਹਨ ਵਾਲੇ ਬਜ਼ੁਰਗ ਮਹਿੰਦਰ ਸਿੰਘ (70) ਨੇ ਵੀ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕੀਤੀ ਅਤੇ ਧਾਰਮਿਕ ਕਿਤਾਬਾਂ ਦਾ ਅਧਿਐਨ ਕੀਤਾ। ਦਸਵੀਂ ਜਮਾਤ 'ਚ ਪੜ੍ਹਦੀ ਸੰਤੋਸ਼ ਕੌਰ ਨੇ ਭਗਤ ਸਿੰਘ ਨਾਂ ਦੀ ਕਿਤਾਬ ਪੜ੍ਹਨ ਤੋਂ ਬਾਅਦ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਪਹਿਲਾਂ ਵੀ ਮੈਂ ਕਈ ਲਾਇਬ੍ਰੇਰੀਆਂ 'ਚ ਇਹ ਕਿਤਾਬ ਲੱਭੀ ਸੀ ਪਰ ਇਹ ਮਿਲੀ ਨਹੀਂ ਸੀ। ਸਕੂਲੀ ਵਿਦਿਆਰਥੀਆਂ ਅੱਕੀ ਕੌਰ, ਕੁਲਵਿੰਦਰ ਸਿੰਘ, ਹੁਸਨਦੀਪ ਕੌਰ, ਮਨਜੋਤ ਕੌਰ, ਅਰਸ਼ਪ੍ਰੀਤ ਕੌਰ ਅਤੇ ਇਕਬਾਲ ਸਿੰਘ ਆਦਿ ਨੇ ਬਾਲ ਸਾਹਿਤ ਦੇ ਨਾਲ-ਨਾਲ ਧਾਰਮਿਕ ਪੁਸਤਕਾਂ 'ਚ ਵੀ ਰੁਚੀ ਲਈ। ਸਭ ਤੋਂ ਵਿਸ਼ੇਸ਼ ਗੱਲ ਇਹ ਰਹੀ ਕਿ ਬੱਸ ਲਾਇਬ੍ਰੇਰੀ 'ਚ ਚੜ੍ਹਨ ਵਾਲੇ ਨੌਜਵਾਨ ਆਪਣੇ ਮੋਬਾਇਲ ਫੋਨ ਬੰਦ ਕਰ ਕੇ ਬੱਸ 'ਚ ਚੜ੍ਹਦੇ ਰਹੇ। ਕਿਸਾਨ ਆਗੂ ਗੋਰਾ ਸਿੰਘ ਭੈਣੀ ਬਾਘਾ, ਯੁਵਕ ਭਲਾਈ ਕਲੱਬ ਦੇ ਪ੍ਰਧਾਨ ਗੁਰਦੀਪ ਸਿੰਘ, ਰੰਗਕਰਮੀ ਕਰਮਜੀਤ ਸਿੰਘ, ਗੁਰਜੰਟ ਸਿੰਘ, ਨਵਦੀਪ ਸਿੰਘ, ਗੁਲਾਬ ਸਿੰਘ ਨੇ ਲਾਇਬ੍ਰੇਰੀ ਪ੍ਰਬੰਧਕਾਂ ਦਾ ਧੰਨਵਾਦ ਕਰਦਿਆਂ ਜਲਦੀ ਹੀ ਮੁੜ ਪਿੰਡ 'ਚ ਆਉਣ ਦੀ ਬੇਨਤੀ ਕੀਤੀ।
ਖੁਦਕੁਸ਼ੀ ਮਾਮਲੇ 'ਚ ਸਿਰਫ ਇਨ੍ਹਾਂ ਕਿਸਾਨਾਂ ਦਾ ਹੋਵੇਗਾ 'ਪੂਰਾ ਕਰਜ਼ਾ' ਮੁਆਫ
NEXT STORY