ਜਗਰਾਓਂ (ਮਾਲਵਾ) : ਬੀਤੇ ਦਿਨੀਂ ਸ਼ਿਵਾਲਾ ਸੀਤਾ ਰਾਮ ਮੰਦਰ ਜਗਰਾਓਂ ਵਿਖੇ ਇਕ ਅਣਪਛਾਤੇ ਵਿਅਕਤੀ ਵੱਲੋਂ ਮੰਦਰ ’ਚ ਦਾਖ਼ਲ ਹੋ ਕੇ ਪਵਿੱਤਰ ਸ਼ਿਵਲਿੰਗ ਉੱਪਰ ਅਪਸ਼ਬਦ ਲਿਖੇ ਜਾਣ ਤੋਂ ਬਾਅਦ ਮਾਮਲਾ ਬਹੁਤ ਭਖ ਗਿਆ ਸੀ। ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਤੁਰੰਤ ਹਰਕਤ ’ਚ ਆਈ ਪੁਲਸ ਵੱਲੋਂ ਕੁਝ ਘੰਟਿਆਂ ’ਚ ਹੀ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਸ ਜ਼ਿਲ੍ਹਾ ਲੁਧਿਆਣਾ (ਦਿਹਾਤੀ) ਦੇ ਐੱਸ. ਐੱਸ. ਪੀ. ਵਿਵੇਕਸ਼ੀਲ ਸੋਨੀ ਨੇ ਦੱਸਿਆ ਕਿ ਮੰਦਰ ਦੇ ਪੁਜਾਰੀ ਬਾਬਾ ਮਹੇਸ਼ ਗਿਰੀ ਚੇਲਾ ਜਗਤ ਗੁਰੂ ਪੰਚਾਨੰਦ ਗਿਰੀ ਨੇ ਆਪਣੀ ਸ਼ਿਕਾਇਤ ’ਚ ਦੱਸਿਆ ਕਿ ਉਹ ਸ਼ਾਮ ਕਰੀਬ 5 ਵਜੇ ਆਪਣੇ ਧੂਣੇ ’ਤੇ ਬੈਠਾ ਸੀ ਤਾਂ ਇਕ ਸ਼ਰਧਾਲੂ ਉਸ ਕੋਲ ਆਇਆ, ਜੋ ਕਹਿਣ ਲੱਗਾ ਕਿ ਸ਼ਿਵਲਿੰਗ ਉੱਪਰ ਕਿਸੇ ਨੇ ਗਲਤ ਸ਼ਬਦਾਵਲੀ ਲਿਖੀ ਹੋਈ ਹੈ।
ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਐੱਸ. ਪੀ. (ਡੀ) ਰਾਜਵੀਰ ਸਿੰਘ, ਡੀ. ਐੱਸ. ਪੀ. (ਡੀ) ਦਿਲਬਾਗ ਸਿੰਘ, ਡੀ. ਐੱਸ. ਪੀ. (ਐੱਚ) ਰਾਜੇਸ਼ ਸ਼ਰਮਾ ਅਤੇ ਡੀ. ਐੱਸ. ਪੀ. ਜਗਰਾਓਂ ਵੈਭਵ ਸਹਿਗਲ ਅਤੇ ਥਾਣਾ ਸਿਟੀ ਜਗਰਾਓਂ ਦੇ ਐੱਸ. ਐੱਚ. ਓ. ਜਗਜੀਤ ਸਿੰਘ ਦੀ ਅਗਵਾਈ ਹੇਠ ਪੁਲਸ ਅਮਲੇ ਦੀਆਂ ਵੱਖ-ਵੱਖ ਟੀਮਾਂ ਬਣਾਈਆਂ ਗਈਆਂ। ਉਨ੍ਹਾਂ ਦੱਸਿਆ ਕਿ ਮੰਦਰ ’ਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਜਾਂਚ ਕਰਨ ਤੋਂ ਬਾਅਦ ਇਕ ਅਣਪਛਾਤੇ ਵਿਅਕਤੀ ਦੀ ਤਸਵੀਰ ਸਾਹਮਣੇ ਆਈ, ਜਿਸ ਦੀ ਪਛਾਣ ਗੁਰਬਖ਼ਸ਼ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਜਗਰਾਓਂ ਵੱਜੋਂ ਹੋਈ। ਉਨ੍ਹਾਂ ਦੱਸਿਆ ਕਿ ਉਕਤ ਵਿਅਕਤੀ ਨੂੰ ਰੇਲਵੇ ਸਟੇਸ਼ਨ ’ਤੇ ਘੁੰਮਦੇ ਹੋਏ ਕਾਬੂ ਕੀਤਾ ਹੈ ਅਤੇ ਉਸ ਕੋਲੋਂ ਵਾਰਦਾਤ ਸਮੇਂ ਵਰਤੀ ਗਈ ਪੈਨਸਿਲ ਅਤੇ ਪਹਿਨੇ ਹੋਏ ਕੱਪੜੇ ਵੀ ਬਰਾਮਦ ਕੀਤੇ ਗਏ ਹਨ। ਉਸ ਨੇ ਆਪਣਾ ਜੁਰਮ ਕਬੂਲ ਕਰ ਲਿਆ ਹੈ।
ਜੇਕਰ ਸਿੱਧੂ ਨੇ ਛੱਡੀ ਕਾਂਗਰਸ ਤਾਂ ਵਿਜੀਲੈਂਸ ਐਕਸ਼ਨ ਤਿਆਰ!
NEXT STORY