ਪਟਿਆਲਾ (ਬਲਜਿੰਦਰ)—ਮਹਾਰਾਣੀ ਪ੍ਰਨੀਤ ਕੌਰ ਦੇ ਨਾਲ ਬੀਤੇ ਦਿਨੀਂ ਹੋਈ 23 ਲੱਖ ਰੁਪਏ ਦੀ ਠੱਗੀ ਮਾਮਲੇ 'ਚ ਪਟਿਆਲਾ ਪੁਲਸ ਨੇ ਇਕ ਹੋਰ ਸਫਲਤਾ ਹਾਸਲ ਕਰਦੇ ਹੋਏ ਫਿਨੋ ਪੇਮੈਂਟ ਬੈਂਕ ਲਿਮਟਿਡ ਵੱਲੋਂ ਖੋਲ੍ਹੇ ਗਏ 200 ਫਰਜ਼ੀ ਖਾਤਿਆਂ ਦਾ ਪਰਦਾਫਾਸ਼ ਕੀਤਾ ਹੈ। ਇਸ ਮਾਮਲੇ 'ਚ ਪੁਲਸ ਨੇ ਇਕ ਨਵਾਂ ਕੇਸ ਦਰਜ ਕਰਦੇ ਹੋਏ ਬੈਂਕ ਦੇ ਮੈਨੇਜਰ ਅਸ਼ੀਸ਼ ਕੁਮਾਰ ਵਾਸੀ ਲੁਧਿਆਣਾ ਨੂੰ ਬੈਂਕ 'ਚ ਗ੍ਰਿਫਤਾਰ ਕਰ ਲਿਆ ਹੈ। ਪੁਲਸ ਦਾ ਦਾਅਵਾ ਹੈ ਕਿ ਇਨ੍ਹਾਂ ਖਾਤਿਆਂ ਰਾਹੀਂ ਸਾਈਬਰ ਠੱਗੀ ਦੇ ਕਰੋੜਾਂ ਰੁਪਏ ਦਾ ਆਦਾਨ-ਪ੍ਰਦਾਨ ਹੋਇਆ ਹੈ।
ਐੱਸ. ਐੱਸ. ਪੀ. ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਮਹਾਰਾਣੀ ਪ੍ਰਣੀਤ ਕੌਰ ਨਾਲ ਹੋਈ ਠੱਗੀ ਦੇ ਮਾਮਲੇ 'ਚ ਗ੍ਰਿਫਤਾਰ ਕੀਤੇ ਗਏ 3 ਵਿਅਕਤੀਆਂ 'ਚੋਂ ਅਫਸਰ ਅਲੀ ਨੂੰ ਪੁਲਸ ਨੇ ਅਜੇ ਰਿਮਾਂਡ 'ਤੇ ਰੱਖਿਆ ਹੋਇਆ ਸੀ। ਬਾਕੀ 2 ਨੂੰ ਨਿਆਇਕ ਹਿਰਾਸਤ 'ਚ ਭੇਜ ਦਿੱਤਾ ਸੀ। ਇਸ ਸਬੰਧੀ ਐੱਸ. ਪੀ. ਡੀ. ਹਰਮੀਤ ਸਿੰਘ ਹੁੰਦਲ, ਡੀ. ਐੱਸ. ਪੀ. ਸਿਟੀ-1 ਯੋਗੇਸ਼ ਸ਼ਰਮਾ, ਸੀ. ਆਈ. ਏ. ਇੰਚਾਰਜ ਇੰਸ. ਸ਼ਮਿੰਦਰ ਸਿੰਘ, ਸਿਵਲ ਲਾਈਨਜ਼ ਦੇ ਐੱਸ. ਐੱਚ. ਓ. ਇੰਸ. ਰਾਹੁਲ ਕੌਸ਼ਲ ਅਤੇ ਸਾਈਬਰ ਸੈੱਲ ਦੀ ਐੱਸ. ਆਈ. ਤਰਨਦੀਪ ਕੌਰ ਦੀ ਟੀਮ ਨੇ ਜਾਂਚ ਅੱਗੇ ਵਧਾਈ ਤਾਂ ਸਾਹਮਣੇ ਆਇਆ ਕਿ ਅਫਸਰ ਅਲੀ 10ਵੀਂ ਪਾਸ ਹੈ ਅਤੇ ਪਹਿਲਾਂ ਆਧਾਰ ਕਾਰਡ ਬਣਾਉਣ ਦਾ ਕੰਮ ਕਰਦਾ ਸੀ। ਇਸ ਤੋਂ ਬਾਅਦ ਉਹ ਫਿਨੋ ਪੇਮੈਂਟ ਬੈਂਕ ਲਿਮਟਿਡ ਦਾ ਡਿਸਟ੍ਰੀਬਿਊਟਰ/ਮਰਚੈਂਟ ਬਣ ਗਿਆ ਅਤੇ ਬੈਂਕ ਨੇ ਉਸ ਨੂੰ ਇਕ ਆਈ. ਡੀ. ਵੀ ਦਿੱਤੀ ਸੀ, ਜਿਸ ਰਾਹੀਂ ਉਹ ਫਿਨੋ ਬੈਂਕ 'ਚ ਖਾਤੇ ਵੀ ਖੋਲ੍ਹਦਾ ਸੀ। ਹੁਣ ਤੱਕ ਉਹ 200 ਫਰਜ਼ੀ ਖਾਤੇ ਖੋਲ੍ਹ ਚੁੱਕਾ ਸੀ। ਇਨ੍ਹਾਂ ਰਾਹੀਂ ਇਕੱਲੇ ਜੁਲਾਈ ਮਹੀਨੇ 'ਚ 5 ਕਰੋੜ 33 ਲੱਖ 41 ਹਜ਼ਾਰ ਰੁਪਏ ਜਮ੍ਹਾ ਕਰਵਾਏ ਗਏ। 5 ਕਰੋੜ 25 ਲੱਖ 67 ਹਜ਼ਾਰ ਰੁਪਏ ਕਢਵਾਏ ਗਏ। ਬਾਕੀ ਦੇ ਬਚੇ 7 ਲੱਖ 73 ਹਜ਼ਾਰ ਰੁਪਏ ਨੂੰ ਪੁਲਸ ਨੇ ਫਰੀਜ਼ ਕਰਵਾ ਦਿੱਤਾ ਹੈ। ਪੁਲਸ ਨੇ ਅਫਸਰ ਅਲੀ ਤੋਂ 7 ਏ. ਟੀ. ਐੱਮ. ਕਾਰਡ, 33 ਆਧਾਰ ਕਾਰਡ ਅਤੇ 76 ਮੋਬਾਇਲ ਸਿਮ ਹੋਰ ਬਰਾਮਦ ਕੀਤੇ ਹਨ। ਇਸ ਮੌਕੇ ਐੱਸ. ਪੀ. ਡੀ. ਹਰਮੀਤ ਸਿੰਘ ਹੁੰਦਲ, ਡੀ. ਐੱਸ. ਪੀ. ਸਿਟੀ-1 ਯੋਗੇਸ਼ ਸ਼ਰਮਾ, ਸੀ. ਆਈ. ਏ. ਸਟਾਫ ਪਟਿਆਲਾ ਦੇ ਇੰਚਾਰਜ ਇੰਸ. ਸ਼ਮਿੰਦਰ ਸਿੰਘ ਅਤੇ ਹੋਰ ਪੁਲਸ ਅਧਿਕਾਰੀ ਵੀ ਹਾਜ਼ਰ ਸਨ।
ਜੇਕਰ ਚੋਣਾਂ ਸਮੇਂ ਅਸੀਂ ਲੋਕਾਂ ਦੇ ਘਰ ਜਾ ਸਕਦੇ ਹਾਂ ਫਿਰ ਜਿੱਤ ਕੇ ਕਿਉਂ ਨਹੀਂ : ਮਾਨ
NEXT STORY